ਐਬਟਸਫੋਰਡ: ਸਰੀ ਦੀ ਅਨੁਰੀਤ ਦੋਸਾਂਝ ਨੇ ਪਿਛਲੇ ਸਾਲ ਵਾਪਰੇ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਕਬੂਲ ਕਰ ਲਏ ਹਨ। ਮਈ 2021 ਨੂੰ ਐਬਟਸਫੋਰਡ ਵਿੱਚ ਵਾਪਰੇ ਇਸ ਹਾਦਸੇ ਦੌਰਾਨ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਅਨੁਰੀਤ ਨੇ ਇੱਕ ਵੌਕਸਵੈਗਨ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ‘ਚ ਦੋ ਮਾਸੂਮ ਬੱਚਿਆਂ ਸਣੇ 4 ਲੋਕ ਸਵਾਰ ਸਨ। ਇਸ ਹਾਦਸੇ ‘ਚ 2 ਮਾਸੂਮ ਬੱਚਿਆਂ ਸਣੇ ਕੁੱਲ 6 ਲੋਕ ਜ਼ਖਮੀ ਹੋ ਗਏ ਸੀ। ਅਦਾਲਤ ਨੇ ਹੁਣ ਅਨੁਰੀਤ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ 19 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਇਹ ਹਾਦਸਾ 24 ਮਈ 2021 ਨੂੰ ਐਬਟਸਫੋਰਡ ਦੇ ਵਟਕਮ ਰੋਡ ਅਤੇ ਨੋਰਥ ਪੈਰਲਲ ਰੋਡ ਖੇਤਰ ਵਿੱਚ ਰਾਤ ਨੂੰ ਲਗਭਗ ਸਵਾ 8 ਵਜੇ ਵਾਪਰਿਆ ਸੀ। ਪੁਲਿਸ ਵੱਲੋਂ ਅਦਾਲਤ ਵਿੱਚ ਜਮਾ ਕਰਵਾਏ ਦਸਤਾਵੇਜ਼ਾਂ ਮੁਤਾਬਕ ਉਸ ਰਾਤ ਨੌਰਥ ਪੈਰਲਲ ਰੋਡ ਵੱਲੋਂ ਇਕ ਤੇਜ਼ ਰਫ਼ਤਾਰ ਹੋਂਡਾ ਸਿਵਿਕ ਗੱਡੀ ਆਈ, ਜਿਸ ਨੇ ਵੋਕਸਵੈਗਨ ਜੱਟਾ ਗੱਡੀ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਵੌਕਸਵੈਗਨ ਵਿੱਚ ਦੋ ਮਾਸੂਮ ਬੱਚਿਆਂ ਸਣੇ ਕੁੱਲ 4 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਇਨ੍ਹਾਂ ਚਾਰਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਇਸ ‘ਤੇ ਇਨਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਵਿਅਕਤੀ ਦੀ ਐਂਨੀ ਗੰਭੀਰ ਹਾਲਤ ਸੀ ਕਿ ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਉੱਧਰ ਹੋਂਡਾ ਸਿਵਿਕ ਵਿੱਚ ਅਨੁਰੀਤ ਦੇ ਨਾਲ ਇਕ ਹੋਰ ਸਵਾਰੀ ਵੀ ਮੌਜੂਦ ਸੀ। ਹਾਦਸੇ ਵਿੱਚ ਗੱਡੀ ਚਲਾ ਰਹੀ ਅਨੁਰੀਤ ਤੇ ਉਸ ਦੇ ਨਾਲ ਦੀ ਸਵਾਰੀ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਸਨ। ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਐਬਟਸਫੋਰਡ ਦੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਕੋਰਟ ਵਿੱਚ ਜਮਾ ਕਰਵਾਏ ਦਸਤਾਵੇਜ਼ਾਂ ਮੁਤਾਬਕ ਅਨੁਰੀਤ ਦੋਸਾਂਝ ‘ਤੇ ਮਈ 2018 ਅਤੇ ਨਵੰਬਰ 2019 ਵਿੱਚ ਵੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਲੱਗੇ ਸੀ। ਨਵੰਬਰ 2019 ‘ਚ ਇੱਕ ਨਵੇਂ ਡਰਾਈਵਰ ਵਜੋਂ ਆਪਣਾ ਲਾਇਸੈਂਸ ਦਿਖਾਉਣ ਵਿੱਚ ਅਸਫ਼ਲ ਰਹਿਣ ਅਤੇ ਨਵੰਬਰ 2020 ਵਿੱਚ ਟ੍ਰੈਫਿਕ ਕੰਟਰੋਲ ਡਿਵਾਈਜ਼ ਦੀ ਉਲੰਘਣਾ ਕਰਨ ‘ਤੇ ਉਸ ਦਾ ਚਲਾਨ ਵੀ ਕੱਟਿਆ ਗਿਆ ਸੀ। ਮਈ 2021 ਵਿੱਚ ਐਬਟਸਫੋਰਡ ਵਿੱਚ ਵਾਪਰੇ ਹਾਦਸੇ ਦੇ ਮਾਮਲੇ ਵਿੱਚ ਅਨੁਰੀਤ ਦੋਸਾਂਝ ‘ਤੇ ਕੁੱਲ 9 ਦੋਸ਼ ਆਇਦ ਕੀਤੇ ਗਏ, ਜਿਨਾਂ ਵਿੱਚੋਂ ਅਨੁਰੀਤ ਨੇ ਕੋਰਟ ਵਿੱਚ 2 ਦੋਸ਼ ਕਬੂਲ ਕਰ ਲਏ। ਇਹ ਦੋ ਦੋਸ਼ ਨਸ਼ਾ ਕਰਕੇ ਡਰਾਈਵਿੰਗ ਕਰਨ ਨਾਲ ਸਬੰਧਤਹਨ। ਹੁਣ ਐਬਟਸਫਰਡ ਦੀ ਕੋਰਟ ਵੱਲੋਂ ਅਗਲੇ ਸਾਲ 19 ਜਨਵਰੀ ਨੂੰ ਅਨੁਰੀਤ ਨੂੰ ਸਜ਼ਾ ਸੁਣਾਈ ਜਾਵੇਗੀ।