ਸਰੀ : ਸਰੀ ‘ਚ ਸੋਮਵਾਰ ਨੂੰ ਇੱਕ ਦਿਲ ਦਹਿਲਾਉਣ ਵਾਲੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੇ ਸਭ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਗਿਲਡਫੋਰਡ ਇਲਾਕੇ ਵਿਚ ਵਾਪਰੀ ਇੱਕ ਘਟਨਾ ਜਿਸ ‘ਚ ਇੱਕ 5 ਸਾਲਾਂ ਬੱਚੇ ਦੀ ਮੌਤ ਹੋ ਗਈ। ਘਟਨਾ ਵਿੱਚ 42 ਸਾਲਾਂ ਔਰਤ ਤੇ ਗੰਭੀਰ ਹਮਲਾ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਨਾਲ ਹੀ ਪੋਰਟ ਮੈਨ ਬਰਿਜ (Port Mann Bridge) ਤੋਂ ਛਾਲ ਮਾਰਨ ਦੀ ਜਾਣਕਾਰੀ ਮਿਲੀ ਹੈ ਤੇ ਇਸ ਦੇ ਨਾਲ ਹੀ ਪੁਲਿਸ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਸਰੀ ਦੀ 154 ਸਟਰੀਟ ਤੇ 94 ਐਵਨਿਊ ਨਜ਼ਦੀਕ ਕਲ ਰਾਤ ਤਕਰੀਬਨ 9 ਵਜੇ ਇੱਕ ਘਰ ਨੂੰ ਅੱਗ ਲੱਗੀ ਤੇ ਇਸ ਘਰ ‘ਚ ਚਾਕੂ ਨਾਲ ਜ਼ਖਮੀ ਹੋਈ 42 ਸਾਲਾਂ ਔਰਤ ਨੇ ਪੁਲਿਸ ਨੂੰ ਫੋਨ ਕਰਕੇ ਮਦਦ ਲਈ ਬੁਲਾਇਆ। ਘਰ ਚੋਂ ਇੱਕ ਪੰਜ ਸਾਲਾਂ ਬਚੇ ਦੀ ਲਾਸ਼ ਮਿਲੀ ਹੈ।
RCMP ਦਾ ਕਹਿਣਾ ਹੈ ਕਿ ਔਰਤ ਬੱਚੇ ਦੀ ਮਾਂ ਹੈ ਤੇ ਉਹ ਬਚ ਨਿਕਲਣ ‘ਚ ਤੇ ਮਦਦ ਮੰਗਣ ਦੇ ਯੋਗ ਸੀ। ਫਿਲਹਾਲ ਇਸਨੂੰ ਘਰੇਲੂ ਕਲੇਸ਼ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਸਰੀ ਆਰਸੀਐਮਪੀ ਵੱਲੋਂ ਗਿਲਡਫੋਰਡ ਇਲਾਕੇ ਚ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀ ਇਕੋਂ ਇਕਾਈ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਪੁਲਿਸ ਮੁਤਾਬਕ ਸ਼ੱਕੀ ਜੋ ਔਰਤ ਤੇ ਬੱਚੇ ਦੋਵਾਂ ਨੂੰ ਜਾਣਦਾ ਸੀ ਕਥਿਤ ਤੌਰ ਤੇ ਲਾਲ ਰੰਗ ਦੀ ਗੱਡੀ ਚ ਬੈਠਣ ਤੋਂ ਪਹਿਲਾਂ ਘਰ ਨੂੰ ਅੱਗ ਲਗਾ ਗਿਆ।
ਆਰਸੀਐਮਪੀ ਦਾ ਕਹਿਣਾ ਹੈ ਕਿ ਉਸ ਤੋਂ ਤਕਰੀਬਨ ਅਧੇ ਘੰਟੇ ਬਾਅਦ 9.40 ਵਜੇ ਕੋਕਿਟਲਮ ਪੁਲਿਸ ਨੂੰ ਇੱਕ ਰਿਪੋਰਟ ਮਿਲੀ ਜਿਸ ਵਿੱਚ ਇੱਕ ਵਿਅਕਤੀ ਪੋਰਟ ਮੈਨ ਬ੍ਰਿਜ ਤੋਂ ਛਾਲ ਮਾਰਦਾ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਚਾਕੂ ਤੇ ਅੱਗ ਨਾਲ ਸਬੰਧਿਤ ਘਟਨਾ ਦਾ ਇਕਲੌਤਾ ਸ਼ੱਕੀ ਜਿਸਦੀ ਗੱਡੀ ਪੁਲ ਤੋਂ ਮਿਲੀ ਹੈ ਮਰ ਚੁੱਕਿਆ ਹੈ। ਪਰ ਲਾਸ਼ ਅਜੇ ਤਕ ਬਰਾਮਦ ਨਹੀਂ ਹੋਈ। ਸਟੁਰਕੋ ਨੇ ਕਿਹਾ ਕਿ ਇਹ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਹੈ ਜਿਸ ਨਾਲ ਕਮਿਊਨੀਟੀ ਵੀ ਕਾਫੀ ਚਿੰਤਾ ਚ ਹੈ। ਫਿਲਹਾਲ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕਰਨ ਲਈ IHIT ਟੀਮ ਨੂੰ ਬੁਲਾਇਆ ਗਿਆ ਹੈ।