ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੋਲਕਾਤਾ ਵਿੱਚ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸੀਬੀਆਈ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ 10 ਮੈਂਬਰੀ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਰਾਸ਼ਟਰੀ ਪ੍ਰੋਟੋਕੋਲ ਤਿਆਰ ਕਰਨ ਲਈ ਸਰਜਨ-ਮੇਜਰ ਆਰਪੀ ਸਰੀਨ ਦੀ ਪ੍ਰਧਾਨਗੀ ਹੇਠ 10 ਮੈਂਬਰੀ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਹਸਪਤਾਲ ਦੀ ਸੁਰੱਖਿਆ ਸੀਆਈਐਸਐਫ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਕਿਹਾ ਕਿ ਭੰਨਤੋੜ ਤੋਂ ਬਾਅਦ ਅਸੀਂ ਪੁਲਿਸ ‘ਤੇ ਭਰੋਸਾ ਨਹੀਂ ਕਰ ਸਕਦੇ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਸੂਚੀਬੱਧ ਕਰ ਦਿੱਤੀ ਹੈ।
ਸੁਣਵਾਈ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ। ਚੀਫ਼ ਜਸਟਿਸ ਨੇ ਰਾਜ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਪੁੱਛਿਆ ਕਿ ਜਦੋਂ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੰਨਤੋੜ ਹੋ ਰਹੀ ਸੀ ਤਾਂ ਪੁਲਿਸ ਕੀ ਕਰ ਰਹੀ ਸੀ।
ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਐਫਆਈਆਰ ਵਿੱਚ ਪੀੜਤਾ ਦੇ ਕਤਲ ਦਾ ਜ਼ਿਕਰ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰਿੰਸੀਪਲ ਕਿੱਥੇ ਸੀ, ਕੀ ਕਰ ਰਿਹਾ ਸੀ।
14 ਅਗਸਤ ਨੂੰ ਮੈਡੀਕਲ ਕਾਲਜ ਵਿੱਚ ਹੋਈ ਭੰਨਤੋੜ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰ ਰਹੀ ਸੀ ਤਾਂ ਪੁਲਿਸ ਕੀ ਕਰ ਰਹੀ ਸੀ? ਪੁਲਿਸ ਦਾ ਕੰਮ ਕ੍ਰਾਈਮ ਸੀਨ ਦੀ ਸੁਰੱਖਿਆ ਕਰਨਾ ਹੈ।
ਜ਼ਿਕਰਯੋਗ ਹੈ ਕਿ 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ। ਦੇਸ਼ ਭਰ ਦੇ ਡਾਕਟਰਾਂ ਨੇ ਹੜਤਾਲ ਕੀਤੀ। 14 ਅਗਸਤ ਦੀ ਦੇਰ ਰਾਤ ਨੂੰ ਇੱਕ ਭੀੜ ਨੇ ਉਸੇ ਹਸਪਤਾਲ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਸੀ।
19 ਅਗਸਤ ਨੂੰ, ਡਾਕਟਰਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿਚਕਾਰ ਮੀਟਿੰਗ ਹੋਈ। ਇਸ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਫੈਮਾ (ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ) ਨੇ ਆਪਣੀ ਹੜਤਾਲ ਜਾਰੀ ਰੱਖੀ।
ਟ੍ਰੇਨੀ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਦੋਸ਼ੀ ਸੰਜੇ ਰਾਏ ਦਾ ਲਾਈ ਡਿਟੈਕਟਰ ਟੈਸਟ ਹੋਵੇਗਾ। ਕੋਲਕਾਤਾ ਦੀ ਅਦਾਲਤ ਨੇ ਇਸ ਲਈ ਸੀਬੀਆਈ ਨੂੰ ਇਜਾਜ਼ਤ ਦੇ ਦਿੱਤੀ ਹੈ। ਸੰਜੇ 10 ਅਗਸਤ ਤੋਂ ਪੁਲਿਸ ਹਿਰਾਸਤ ਵਿੱਚ ਹੈ।
ਸੀਬੀਆਈ ਦੀ ਇੱਕ ਟੀਮ ਸੋਮਵਾਰ (19 ਅਗਸਤ) ਸ਼ਾਮ ਨੂੰ ਕੁਝ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕਰਨ ਲਈ ਕੋਲਕਾਤਾ ਪੁਲੀਸ ਹੈੱਡਕੁਆਰਟਰ ਪਹੁੰਚੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਰਜੀ ਹਸਪਤਾਲ ਛੱਡਣ ਤੋਂ ਬਾਅਦ ਮੁਲਜ਼ਮ ਪਹਿਲੀ ਵਾਰ ਸੈਕਸ ਵਰਕਰਾਂ ਦੇ ਇਲਾਕੇ ਵਿੱਚ ਗਿਆ ਸੀ, ਪਰ ਉਸ ਨੇ ਉੱਥੇ ਹੀ ਸ਼ਰਾਬ ਪੀਤੀ। ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਕਿੱਥੇ ਅਤੇ ਕਿਸ ਘਰ ਗਿਆ ਸੀ।
ਉੱਥੇ ਹੀ ਇਸ ਮਾਮਲੇ ‘ਚ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਸ ਤੋਂ ਸ਼ੁੱਕਰਵਾਰ 16 ਅਗਸਤ ਤੋਂ ਲਗਾਤਾਰ ਚਾਰ ਦਿਨ ਪੁੱਛਗਿੱਛ ਕੀਤੀ ਗਈ ਤੇ ਵਿੱਚ ਕੁਝ ਸਮਾਂ ਛੁੱਟੀ ਵੀ ਮਿਲ ਰਹੀ ਸੀ। ਸੀਬੀਆਈ ਸੂਤਰਾਂ ਅਨੁਸਾਰ ਡਾਕਟਰ ਘੋਸ਼ ਜਾਂਚ ਏਜੰਸੀ ਦੇ 10 ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਹਨ।