ਸੰਨੀ ਦਿਓਲ ਦੇ ਪੰਜਾਬ ‘ਚ ਲੱਗੇ ਗੁਮਸ਼ੁਦਾ ਵਾਲੇ ਪੋਸਟਰ, ਲੱਭਣ ਵਾਲੇ ਨੂੰ 50 ਹਜ਼ਾਰ ਦਾ ਇਨਾਮ

Global Team
3 Min Read

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਪੰਜਾਬ ਵਿੱਚ ਇੱਕ ਵਾਰ ਮੁੜ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਹਨ। ਐਨਾ ਹੀ ਨਹੀਂ ਸੰਨੀ ਦਿਓਲ ਨੂੰ ਲੱਭਣ ਅਤੇ ਲਿਆਉਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਨੀ ਦਿਓਲ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਗਾਏ ਗਏ ਹਨ। ਦਰਅਸਲ, ਸੰਨੀ ਦਿਓਲ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਦੋਂ ਤੋਂ ਉਹ ਮੁੜ ਜ਼ਿਲ੍ਹਿਆਂ ਵਿੱਚ ਨਜ਼ਰ ਨਹੀਂ ਆਏ ਅਤੇ ਨਾਂ ਹੀ ਉਨ੍ਹਾਂ ਨੇ ਕੋਈ ਵਿਕਾਸ ਕਾਰਜ ਕਰਵਾਏ ਹਨ।

ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਦੇ ਲੋਕਾਂ ਨੇ ਸਰਨਾ ਬੱਸ ਸਟੈਂਡ ‘ਤੇ ਲਾਪਤਾ ਸੰਨੀ ਦਿਓਲ ਦੇ ਪੋਸਟਰ ਲਗਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਠਾਨਕੋਟ ਜ਼ਿਲ੍ਹੇ ਵਿੱਚ ਇਹ ਗੁੰਮਸ਼ੁਦਾ ਪੋਸਟਰ ਲਗਾਏ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਹਲਕਾ ਪਠਾਨਕੋਟ ਅਤੇ ਸੁਜਾਨਪੁਰ ਵਿੱਚ ਵੀ ਸੰਨੀ ਦਿਓਲ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਸਨ। ਪਰ ਇਸ ਤੋਂ ਬਾਅਦ ਵੀ ਭਾਜਪਾ ਦੇ ਸੰਸਦ ਮੈਂਬਰ ਨੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਕਦੇ ਆਪਣੇ ਲੋਕ ਸਭਾ ਹਲਕੇ ਵਿੱਚ ਨਹੀਂ ਆਇਆ। ਜਿਸ ਕਾਰਨ ਐਤਵਾਰ ਨੂੰ ਲੋਕ ਸਭਾ ਹਲਕਾ ਪਠਾਨਕੋਟ ਵਿੱਚ ਲੋਕਾਂ ਦਾ ਗੁੱਸਾ ਮੁੜ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀ ਲੋਕਾਂ ਨੇ ਬੱਸਾਂ ਵਿੱਚ ਸਫਰ ਕੀਤਾ ਅਤੇ ਲੋਕਾਂ ਵਿੱਚ ਪੋਸਟਰ ਵੀ ਵੰਡੇ ਅਤੇ ਬੱਸਾਂ ਵਿੱਚ ਚਿਪਕਾਏ ਤਾਂ ਜੋ ਉਨ੍ਹਾਂ ਦਾ ਸੁਨੇਹਾ ਉਨ੍ਹਾਂ ਦੇ ਸੰਸਦ ਮੈਂਬਰ ਤੱਕ ਪਹੁੰਚ ਸਕੇ।

ਕੋਈ ਵੀ ਵਿਕਾਸ ਕਾਰਜ ਨਾਂ ਕਰਵਾਉਣ ਦੇ ਦੋਸ਼

ਪ੍ਰਦਰਸ਼ਨਕਾਰੀ ਦਾ ਦੋਸ਼ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਦਿਓਲ ਕਦੇ ਵੀ ਆਪਣੇ ਲੋਕ ਸਭਾ ਹਲਕੇ ਵਿੱਚ ਨਹੀਂ ਆਇਆ ਅਤੇ ਨਾਂ ਹੀ ਉਹਨਾਂ ਨੇ ਇਲਾਕੇ ਵਿੱਚ ਕੋਈ ਵਿਕਾਸ ਕਾਰਜ ਕਰਵਾਏ ਹਨ। ਲੋਕਾਂ ਦਾ ਕਹਿਣਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਅਜਿਹੇ ਲੋਕਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੇ ਸੰਨੀ ਦਿਓਲ ‘ਤੇ ਲੋਕਾਂ ਨੂੰ ਮੂਰਖ ਬਣਾ ਕੇ ਜਿੱਤ ਹਾਸਲ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੋ ਵੀ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੱਭੇਗਾ, ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Share This Article
Leave a Comment