ਹਰਿਆਣਾ ‘ਚ ਅਕਾਲੀਆਂ ਨਾਲ ਬਣੀ ਬੁਰੀ ‘ਤੇ ਸੁਨੀਲ ਜਾਖੜ ਨੇ ਖੋਲ੍ਹੇ ਵੱਡੇ ਰਾਜ਼, ਕਰਤੀ ਅਜਿਹੀ ਭਵਿੱਖਵਾਣੀ ਕਿ ਅਕਾਲੀ ਕਹਿੰਦੇ ਜਲਾਲਾਬਾਦ ਸਾਂਭੋ ਕਿਤੇ ਉੱਥੇ ਗੋਲਡੀ ਲੁਟੀਆ ਹੀ ਨਾ ਡਬੋ ਦੇਵੇ!

TeamGlobalPunjab
3 Min Read

ਅਬੋਹਰ : ਪੰਜਾਬ ਅੰਦਰ 4 ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਅਖਾੜਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਅਤੇ ਸਿਆਸੀ ਆਗੂ ਵੀ ਆਪਣੇ ਵਿਰੋਧੀਆਂ ਲਈ ਤਿੱਖੀਆਂ ਬਿਆਨਬਾਜ਼ੀਆਂ ਕਰਨ ਲੱਗ ਪਏ ਹਨ। ਇਸੇ ਮਾਹੌਲ ‘ਚ ਜੇਕਰ ਗੱਲ ਕਰੀਏ ਅਕਾਲੀ-ਭਾਜਪਾ ਗੱਠਜੋੜ ਦੀ, ਤਾਂ ਹਰਿਆਣਾ ਅੰਦਰ ਜਿੱਥੇ ਅਕਾਲੀ ਦਲ ਦਾ ਇੱਕ ਵਿਧਾਇਕ ਭਾਜਪਾ ‘ਚ ਚਲੇ ਜਾਣ ਤੋਂ ਬਾਅਦ ਅਕਾਲੀ ਆਗੂ ਪਹਿਲਾਂ ਹੀ ਖਫਾ ਹਨ ਉੱਥੇ ਇਸ ਗੱਠਜੋੜ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਵੱਡੀ ਭਵਿੱਖਵਾਣੀ ਕੀਤੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਗੱਠਜੋੜ ਹਰਿਆਣਾ ਅੰਦਰ ਟੁੱਟ ਗਿਆ ਹੈ ਉਸੇ ਤਰ੍ਹਾਂ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਪੰਜਾਬ ਅੰਦਰ ਵੀ ਟੁੱਟੇਗਾ। ਜਾਖੜ ਨੇ ਕਿਹਾ ਕਿ ਇਹ ਗੱਠਜੋੜ ਸਿਰਫ ਰਸਮੀ ਹੈ ਤੇ ਦੋਵੇਂ ਪਾਰਟੀਆਂ ਜਿਆਦਾ ਸਮੇਂ ਤੱਕ ਇਹ ਨਾਟਕ ਨਹੀਂ ਕਰ ਸਕਣਗੀਆਂ।  ਜਾਖੜ ਇੱਥੇ ਆਪਣੇ ਪਿੰਡ ਪੰਜਕੋਸੀ ਵਿਖੇ ਪਹੁੰਚੇ ਹੋਏ ਸਨ।

ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਬਿਲਕੁਲ ਨਿਘਾਰ ਵੱਲ ਚਲੀ ਗਈ ਹੈ ਅਤੇ ਉਹ ਆਪਣੀ ਸਾਖ ਬਚਾਉਣ ਲਈ ਹੀ ਲੜਾਈ ਲੜ ਰਹੀ ਹੈ। ਜਾਖੜ ਨੇ ਦੋਸ਼ ਲਾਇਆ ਕਿ ਅੱਜ ਪੰਜਾਬ ਦੇ ਜੋ ਹਾਲਤ ਹਨ ਉਹ ਸਾਬਕਾ ਅਕਾਲੀ ਸਰਕਾਰ ਦੀ ਬਦੌਲਤ ਹੀ ਹਨ ਅਤੇ ਪੰਜਾਬ ਦੀ ਆਰਥਿਕਤਾ ਵੀ ਡਾਵਾਂ ਡੋਲ ਅਕਾਲੀ ਸਰਕਾਰ ਦੌਰਾਨ ਹੋਈ ਹੈ। ਜਾਖੜ ਨੇ ਇਹ ਵੀ ਦੋਸ਼ ਲਾਏ ਕਿ ਕਿ ਅਕਾਲੀ ਸਰਕਾਰ ਨੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਹੈ। ਸੁਨੀਲ ਜਾਖੜ ਨੇ ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ‘ਤੇ ਵੀ ਤਿੱਖੇ ਹਮਲੇ ਕੀਤੇ। ਜਾਖੜ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਗਰੀਬਾਂ, ਛੋਟੇ ਕਿਸਾਨਾਂ ਅਤੇ ਵਪਾਰੀਆਂ ਲਈ ਲਾਹੇਵੰਦ ਨੀਤੀਆਂ ਨਹੀਂ ਬਣਾਈਆਂ ਜਾ ਰਹੀਆਂ ਜਿਸ ਕਾਰਨ ਅੱਜ ਹਾਲਾਤ ਇਹ ਹਨ ਕਿ ਦੇਸ਼ ਦੀ ਅਰਥ ਵਿਵਸਥਾ ਢਹਿ ਢੇਰੀ ਹੁੰਦੀ ਜਾ ਰਹੀ ਹੈ।

ਸੁਨੀਲ ਜਾਖੜ ਨੇ ਉਕਤ ਟਿੱਪਣੀਆਂ ਭਾਵੇਂ ਜ਼ਿਮਨੀ ਚੋਣਾਂ ਦੇ ਇਸ ਮਾਹੌਲ ਵਿੱਚ ਆਪਣੇ ਵਿਰੋਧੀਆਂ ਨੂੰ ਸਿਆਸੀ ਚੂੰਡੀ ਵੱਢਣ ਲਈ ਹੀ ਕੀਤੀਆਂ ਹੋਣ ਪਰ ਅਕਾਲੀਆਂ ਨੂੰ ਗੁੱਸਾ ਜਰੂਰ ਚੜ੍ਹਾ ਗਈਆਂ ਹਨ। ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਡੇ ਘਰ ਵੱਲ ਝਾਤੀਆਂ ਮਾਰਦੇ ਜਾਖੜ ਨੂੰ ਪਹਿਲਾਂ ਜਲਾਲਾਬਾਦ ‘ਚ ਕਾਂਗਰਸ ਦੀਆਂ ਜੜ੍ਹਾਂ ਵੱਢ ਰਹੇ ਗੋਲਡੀ ਵੱਲ ਥੋੜਾ ਧਿਆਨ ਦੇਣਾ ਚਾਹੀਦਾ ਹੈ ਕਿਤੇ ਜਾਖੜ ਇੱਧਰ ਅਕਾਲੀ ਭਾਜਪਾ ਗੱਠਜੋੜ ਬਾਰੇ ਭਵਿੱਖਵਾਣੀਆਂ ਹੀ ਕਰਦੇ ਰਹਿ ਜਾਣ ਤੇ ਗੋਲਡੀ ਉੱਧਰ ਜਲਾਲਾਬਾਦ ਅੰਦਰ ਕਾਂਗਰਸੀਆਂ ਦੀ ਲੁਟੀਆ ਹੀ ਨਾ ਡਬੋ ਦੇਵੇ ।

Share this Article
Leave a comment