ਵੈਨਕੂਵਰ: ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ, ਦੁਨੀਆਂ ਦੇ 38 ਨੌਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਵਡਮੁੱਲਾ ਯੋਗਦਾਨ ਪਾਉਣ ਸਦਕਾ ਕਲਿੰਟਨ ਫ਼ਾਊਂਡੇਸ਼ਨ ਤੋਂ ਗਰਾਂਟ ਲਈ ਚੁਣਿਆ ਗਿਆ ਹੈ।
ਕਲਿੰਟਨ ਗਲੋਬਲ ਇਨੀਸ਼ੀਏਟਿਵ ਯੂਨੀਵਰਸਿਟੀ ਦੇ ਕੌਵਿਡ-19 ਸਟੂਡੈਂਟ ਐਕਸ਼ਨ ਫ਼ਡ ਲਈ ਵੱਖ-ਵੱਖ ਮੁਲਕਾਂ ਦੇ 1400 ਨੌਜਵਾਨਾਂ ਨੇ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀਆਂ ਦੀ ਪੜਤਾਲ ਤੋਂ ਬਾਅਦ 38 ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ‘ਚੋਂ ਦੋ ਕੈਨੇਡਾ ਨਾਲ ਸਬੰਧਤ ਹਨ।
ਸੁਖਮੀਤ ਸਿੰਘ, ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ‘ਚ ਬਜ਼ੁਰਗਾਂ ਅਤੇ ਆਮ ਲੋਕਾਂ ਲਈ ਅਹਿਤਿਆਤੀ ਕਦਮ ਚੁੱਕਣ ਅਤੇ ਵਾਇਰਸ ਵਾਰੇ ਜਾਗਰੂਕਤਾ ਫੈਲਾਉਣ ਲਈ ਵਚਨਬੱਧ ਹੈ।
ਕਲਿੰਟਨ ਫ਼ਾਊਂਡੇਸ਼ਨ ਤੋਂ ਮਿਲਣ ਵਾਲੀ ਗਰਾਂਟ ਦੀ ਵਰਤੋਂ ਲੋਕਾਂ ਨੂੰ ਮਾਸਕ ਦੀ ਲਾਜ਼ਮੀ ਤੌਰ ‘ਤੇ ਵਰਤੋਂ ਕਰਨ ਪ੍ਰਤੀ ਸਿੱਖਿਅਤ ਕਰਨ ਵਾਸਤੇ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਵਾਇਰਸ ਤੋਂ ਬਚਾਅ ਲਈ ਸਾਫ਼-ਸਫ਼ਾਈ ਕਿਸ ਤਰੀਕੇ ਨਾਲ ਰੱਖੀ ਜਾਵੇ।
ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਤਹਿਤ ਲਗਾਤਾਰ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਹੋਰ ਸਟਾਫ਼ ਨੂੰ ਸਿਹਤ ਮਾਪਦੰਡ ਬਰਕਰਾਰ ਰੱਖਣ ਵਾਰੇ ਜਾਣਕਾਰੀ ਦਿਤੀ ਜਾਵੇਗੀ। ਕਲਿੰਟਨ ਫ਼ਾਊਂਡੇਸ਼ਨ ਦੇ ਇਸ ਉਪਰਾਲੇ ਤਹਿਤ ਦੁਨੀਆਂ ਭਰ ਦੀਆਂ ਯੂਨੀਵਰਸਿਟੀਜ਼ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਡਾਲਰ ਤੱਕ ਦੀ ਕੁੱਲ ਰਕਮ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਕ ਵਿਦਿਆਰਥੀ ਨੂੰ ਪੰਜ ਹਜ਼ਾਰ ਡਾਲਰ ਤੱਕ ਮਿਲਦੇ ਹਨ।