ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟੋਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣਾ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਪਣਾ ਨੈਸ਼ਨਲ ਐਵਾਰਡ ਵਾਪਸ ਕਰ ਰਹੇ ਹਨ ਅਤੇ ਇਸ ਸਬੰਧੀ ਜਲਦ ਹੀ ਉਹ ਰਾਸ਼ਟਰਪਤੀ ਨੂੰ ਆਪਣੀ ਚਿੱਠੀ ਭੇਜ ਦੇਣਗੇ।
ਢੀਂਡਸਾ ਨੇ ਫੇਸਬੁੱਕ ‘ਤੇ ਪੋਸਟ ਕਰ ਲਿਖਿਆ, “ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਰੋਸ ਵਜੋਂ ਅਤੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੰਗਾਂ ਨਾ ਮੰਗੇ ਜਾਣ ਮੈਨੂੰ ਮਾਨਸਿਕ ਤੌਰ ਤੇ ਬਹੁਤ ਵੱਡੀ ਪੀੜ ਮਹਿਸੂਸ ਹੋ ਰਹੀ ਹੈ। ਇਸੇ ਮਾਨਸਿਕ ਪੀੜ ਵਜੋਂ ਅਤੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਰਵੱਈਏ ਦੇ ਰੋਸ ਵਜੋਂ ਮੈਂ ਆਪਣਾ ਸਨਮਾਨ “ਪਦਮ ਭੂਸ਼ਣ “(ਜੋ ਕਿ ਭਾਰਤ ਸਰਕਾਰ ਦੁਆਰਾ ਮੈਨੂੰ ਦਿੱਤਾ ਗਿਆ ਸੀ )ਵਾਪਸ ਕਰਨ ਦਾ ਫ਼ੈਸਲਾ ਲਿਆ ਹੈ। ਮੈਂ ਕਿਸਾਨਾਂ ਦੇ ਸਨਮਾਨ ਵਜੋਂ ਅਤੇ ਕੇਂਦਰ ਸਰਕਾਰ ਦੇ ਗ਼ਲਤ ਫ਼ੈਸਲਿਆਂ ਦੇ ਵਿਰੁੱਧ ਆਪਣਾ ਇਹ ਸਨਮਾਨ “ਪਦਮ ਭੂਸ਼ਨ” ਵਾਪਸ ਕਰਨ ਦਾ ਐਲਾਨ ਕਰਦਾ ਹਾਂ।”
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਰੀਬ ਤਿੰਨ ਪੰਨਿਆਂ ਦੀ ਚਿੱਠੀ ਲਿਖ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ, ਸਰਕਾਰ ਵਲੋਂ ਕਿਸਾਨਾਂ ‘ਤੇ ਢਾਹੇ ਗਏ ਤਸ਼ੱਦਦ ਦੀ ਨਿਖੇਧੀ ਕੀਤੀ ਅਤੇ ਪਦਮ ਵਿਭੂਸ਼ਣ ਨੂੰ ਵਾਪਸ ਕਰ ਦਿੱਤਾ।