ਬਰਗਾੜੀ ਬੇਅਦਬੀ ਕਾਂਡ ਦੀ ਨਵੀਂ ‘ਸਿੱਟ’ ਨੂੰ ਦੇਵਾਂਗੇ ਪੂਰਾ ਸਹਿਯੋਗ,ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਸਿਰਫ਼ ਕਰ ਰਹੀਆਂ ਹਨ ਸਿਆਸਤ : ਬਲਜੀਤ ਸਿੰਘ ਦਾਦੂਵਾਲ

TeamGlobalPunjab
2 Min Read

ਤਲਵੰਡੀ ਸਾਬੋ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ  ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਸਾਡੇ ਸਮੇਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਿੱਥੇ ਅਸੀਂ ਪਹਿਲਾਂ ਜਾਂਚ ਕਰ ਰਹੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ, ਉੱਥੇ ਹੁਣ ਨਾ ਚਾਹੁੰਦਿਆਂ ਵੀ ਨਵੀਂ ‘ਸਿੱਟ’ ਨੂੰ ਪੂਰਾ ਸਹਿਯੋਗ ਦੇਵਾਂਗੇ ਤਾਂ ਕਿ ਸਰਕਾਰ ਨੂੰ ਇਹ ਬਹਾਨਾ ਨਾ ਮਿਲ ਸਕੇ ਕਿ ਨਵੀਂ ‘ਸਿੱਟ’ ਕੋਲ ਕਿਸੇ ਨੇ ਬਿਆਨ ਹੀ ਦਰਜ ਨਹੀਂ ਕਰਵਾਏ ।

ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਇਸ ਮਸਲੇ ਉਤੇ ਸਿਰਫ਼ ਸਿਆਸਤ ਕਰ ਰਹੀਆਂ ਹਨ ਜੋ ਕਿ ਪੀੜਤਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ‘ਤੇ  ਬਾਦਲ ਸਰਕਾਰ ਵੱਲੋਂ ਵੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਦੋਂ ਜਾਂਚ ਵਿੱਚ ਸੌਦਾ ਸਾਧ ਅਤੇ ਉਸ ਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ ਤਾਂ ਆਪਣੇ ਬਣਾਏ ਕਮਿਸ਼ਨ ਦੀ ਹੀ ਰਿਪੋਰਟ ਰਸੀਵ ਨਹੀ ਕੀਤੀ ਸੀ ।

ਬਾਅਦ ‘ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲਾਂ ਵਿਚ ਡੱਕਣ ਦੇ ਦਿੱਤੇ ਭਰੋਸੇ ‘ਤੇ ਯਕੀਨ ਕਰਦਿਆਂ ਉਸਦੀ ਸਰਕਾਰ ਬਣਾਈ ਪਰ ਕੈਪਟਨ ਨੇ ਵੀ ਸਵਾ ਚਾਰ ਸਾਲ ਇਨਸਾਫ ਨੂੰ ਸਿਆਸੀ ਘੁੰਮਣ ਘੇਰੀਆਂ ਵਿਚ ਪਾਈ ਰੱਖਿਆ। ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਉਤੇ ਵਿਧਾਨ ਸਭਾ ਵਿੱਚ ਦੋ ਦਿਨ ਦਾ ਸਪੈਸ਼ਲ ਸੈਸ਼ਨ ਹੋਇਆ। ਫਿਰ ਜਾਂਚ ਟੀਮਾਂ ਦੀਆਂ ਰਿਪੋਰਟਾਂ ਆਈਆਂ ਪਰ ਕਿਸੇ ‘ਤੇ ਵੀ ਮਾਮਲਾ ਦਰਜ ਨਾ ਕੀਤਾ ਗਿਆ ‘ਤੇ ਨਾ ਹੀ ਕਿਸੇ ਦਾ ਨਾਮ ਸਾਹਮਣੇ ਆਇਆ।  ਕਿਉਂਕਿ ਜਾਂਚ ਵਿਚ ਬਾਦਲਾਂ ਦਾ ਕਰੀਬੀ ਡੇਰਾ ਸਿਰਸਾ ਮੁਖੀ ਅਤੇ ਉਸਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ।

Share this Article
Leave a comment