ਜਦੋਂ ਢੀਂਡਸਾ ਨੂੰ ਬਾਦਲ ਨੇ ਕਿਹਾ…!

Global Team
4 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਦੀ ਰਾਜਨੀਤੀ ਦਾ ਬਾਬਾ ਬੋਹੜ ਸੁਖਦੇਵ ਸਿੰਘ ਢੀਂਡਸਾ ਸਦੀਵੀ ਅਲਵਿਦਾ ਆਖ ਗਏ ਹਨ। ਪੰਜਾਬ ਦੀ ਰਾਜਨੀਤੀ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਅਦ ਸਭ ਤੋਂ ਲੰਮਾ ਸਮਾਂ ਰਾਜਨੀਤੀ ਵਿੱਚ ਛਾਏ ਰਹਿਣ ਵਾਲੇ ਨੇਤਾ ਢੀਂਡਸਾ ਸਨ । ਪਿੰਡ ਦੀ ਸਰਪੰਚੀ ਤੋਂ ਲੈ ਕੇ ਵਿਧਾਇਕ, ਰਾਜ ਸਭਾ ਅਤੇ ਲੋਕ ਸਭਾ ਮੈਂਬਰ ਰਹੇ। ਕੇਂਦਰ ਵਿੱਚ ਕੈਬਨਿਟ ਮੰਤਰੀ ਰਹੇ। ਵੱਡੀ ਗੋਲ ਇਹ ਵੀ ਹੈ ਕਿ ਬੇਸ਼ੱਕ ਉਹ ਆਖਰੀ ਸਾਹ ਤੱਕ ਅਕਾਲੀ ਆਗੂ ਰਹੇ ਪਰ ਉਨਾਂ ਦੇ ਦੂਜੀਆਂ ਪਾਰਟੀਆਂ ਨਾਲ ਬੜੇ ਚੰਗੇ ਸੰਬੰਧ ਸਨ। ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਉੱਨਾਂ ਨੂੰ ਦੇਸ਼ ਦੀਆਂ ਸੇਵਾਵਾਂ ਬਦਲੇ ਪਦਮ ਵਿਭੂਸ਼ਨ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਕਾਂਗਰਸ ਅਤੇ ਆਪ ਨਾਲ ਉਨਾਂ ਦੇ ਚੰਗੇ ਸਬੇਧ ਸਨ।
ਜਿਥੋਂ ਤੱਕ ਅਕਾਲੀ ਰਾਜਨੀਤੀ ਦਾ ਸਬੰਧ ਹੈ , ਅਕਾਲੀ ਰਾਜਨੀਤੀ ਵਿੱਚ ਢੀਂਡਸਾ ਅਤੇ ਬਾਦਲ ਦੀ ਜੋੜੀ ਸਭ ਤੋਂ ਲੰਮਾ ਸਮਾਂ ਚੱਲੀ । ਕਈਵਾਰ ਬਾਦਲ ਅਤੇ ਟੌਹੜਾ ਦੇ ਮਤਭੇਦ ਹੁੰਦੇ ਸਨ ਤਾਂ ਢੀਂਡਸਾ ਦੋਵੇਂ ਆਗੂਆਂ ਨੂੰ ਇੱਕਠੇ ਕਰਨ ਦੀ ਭੂਮਿਕਾ ਵੀ ਨਿਭਾਉਂਦੇ ਸਨ।

ਢੀਂਡਸਾ ਦੇ ਮੀਡੀਆ ਨਾਲ ਬਹੁਤ ਦੋਸਤਾਨਾ ਸਬੰਧ ਸਨ। ਚੰਡੀਗੜ ਦੇ ਕਈ ਸੀਨੀਅਰ ਪੱਤਰਕਾਰ ਅਕਸਰ ਉਨਾਂ ਦੀਆਂ ਗੈਰ ਰਸਮੀ ਮੁਲਾਕਾਤਾਂ ਵਿੱਚ ਸ਼ਾਮਲ ਹੁੰਦੇ ਸਨ। ਖਾਸ ਤੌਰ ਤੇ ਜਲੰਧਰ ਦੇ ਵੱਡੇ ਮੀਡੀਆ ਗਰੁੱਪ ਦੇ ਸੰਪਾਦਕ ਸ ਬਰਜਿੰਦਰ ਸਿੰਘ ਹਮਦਰਦ ਨਾਲ ਉਨਾਂ ਦੀ ਦੋਸਤੀ ਬਹੁਤ ਗੂੜ੍ਹੀ ਸੀ। ਇਕ ਮਿਸਾਲ ਸਾਂਝੀ ਕਰਦਾ ਹਾਂ ।ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਖੜਕ ਗਈ । ਮੈਨੂੰ ਪਤਾ ਲੱਗਾ ਕਿ ਢੀਂਡਸਾ ਜਥੇਦਾਰ ਟੌਹੜਾ ਨੂੰ ਮਨਾਉਣ ਪਿੰਡ ਟੌਹੜਾ ਜਾ ਰਹੇ ਹਨ। ਮੈਂ ਚੁੱਪ ਚੁਪੀਤੇ ਢੀਂਡਸਾ ਦੀ ਚੰਡੀਗੜ ਕੋਠੀ ਦੇ ਨਜ਼ਦੀਕ ਖੜ੍ਹਾ ਹੋ ਗਿਆ । ਕੁਝ ਮਿੰਟ ਬਾਅਦ ਕੋਠੀ ਵਿਚੋਂ ਢੀਂਡਸਾ ਅਤੇ ਸ ਬਰਜਿੰਦਰ ਸਿੰਘ ਹਮਦਰਦ ਇਕ ਦੋ ਹੋਰ ਅਕਾਲੀ ਆਗੂਆਂ ਨਾਲ ਨਿਕਲੇ ਅਤੇ ਗੱਡੀ ਵਿੱਚ ਬੈਠ ਕੇ ਜਥੇਦਾਰ ਟੌਹੜਾ ਨੂੰ ਮਿਲਣ ਚਲੇ ਗਏ। ਇਹ ਵੱਖਰੀ ਗੱਲ ਹੈ ਕਿ ਜਥੇਦਾਰ ਟੌਹੜਾ ਨਹੀਂ ਮੰਨੇ। ਇਸ ਮੀਟਿੰਗ ਦੀ ਅਸਫਲਤਾ ਨੇ ਪੰਜਾਬ ਦੀ ਰਾਜਨੀਤੀ ਬਦਲ ਦਿੱਤੀ । ਵਿਧਾਨ ਸਭਾ ਦੀ ਚੋਣ ਆਈ ਤਾਂ ਅਕਾਲੀ ਦਲ ਹਾਰ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ । ਜਥੇਦਾਰ ਟੌਹੜਾ ਉਸ ਵੇਲੇ ਅਕਸਰ ਆਖਦੇ ਸਨ ਕਿ ਮੈਨੂੰ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਪਰ ਬਾਦਲ ਵੀ ਹਵਾਈ ਜਹਾਜ਼ ਤੋਂ ਸੜਕ ਤੇ ਆ ਗਿਆ।

ਢੀਂਡਸਾ ਦੀ ਰਾਜਨੀਤੀ ਦੇ ਆਖ਼ਰੀ ਕੁਝ ਸਾਲ ਅਕਾਲੀ ਦਲ ਦੀਆਂ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਗੁਜ਼ਰ ਗਏ ।ਜਦੋਂ ਬੀਬਾ ਹਰਸਿਮਰਤ ਬਾਦਲ ਪਾਰਲੀਮੈਂਟ ਚੋਣ ਜਿੱਤੇ ਤਾਂ ਢੀਂਡਸਾ ਵੀ ਪਾਰਲੀਮੈਂਟ ਮੈਂਬਰ ਸਨ। ਦਿੱਲੀ ਬਾਦਲਾਂ ਦੀ ਕੋਠੀ ਵਿੱਚ ਢੀਂਡਸਾ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਤਾਂ ਬਾਦਲ ਨੇ ਢੀਂਡਸਾ ਨੂੰ ਕਿਹਾ ਕਿ ਕੇਂਦਰ ਦੀ ਕੈਬਨਿਟ ਵਿੱਚ ਤੁਹਾਨੂੰ ਲੈਣ ਲਈ ਪਾਰਟੀ ਸਿਫਾਰਸ਼ ਕਰ ਰਹੀ ਹੈ । ਬੀਬਾ ਹਰਸਿਮਰਤ ਨੇ ਵੀ ਕਿਹਾ ਕਿ ਉਹ ਮੰਤਰੀ ਨਹੀਂ ਬਨਣਗੇ ਸਗੋਂ ਆਪਣੀ ਪਰਿਵਾਰਕ ਜਿੰਮੇਵਾਰੀ ਨਿਭਾਉਣਗੇ। ਬਾਅਦ ਵਿੱਚ ਕੈਬਨਿਟ ਮੰਤਰੀ ਬੀਬਾ ਬਾਦਲ ਹੀ ਬਣੇ । ਇਹ ਗੱਲ ਢੀਂਡਸਾ ਗੈਰਰਸਮੀ ਮੁਲਾਕਾਤ ਵਿੱਚ ਆਖਦੇ ਸਨ ।ਢੀਂਡਸਾ ਨੇ ਪਾਰਟੀ ਦੀਆਂ ਲਗਾਤਾਰ ਹਾਰਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦੀ ਸਲਾਹ ਦਿੱਤੀ ਸੀ ਪਰ ਆਖਿਰ ਨਾ ਮੰਨੇ ਜਾਣ ਕਾਰਨ ਪਾਰਟੀ ਤੋਂ ਵਖ ਹੋਕੇ ਵੱਖਰੀ ਪਾਰਟੀ ਬਣਾਈ । ਹੁਣ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੀ ਭਰਤੀ ਲਈ ਬਣੀ ਪੰਜ ਮੈਂਬਰੀ ਕਮੇਟੀ ਨੂੰ ਸਰਗਰਮ ਹਮਾਇਤ ਦੇਣ ਵਾਲੇ ਮੋਹਰੀ ਆਗੂ ਸਨ। ਆਪਣੇ ਆਖਰੀ ਰਾਜਸੀ ਹੰਭਲੇ ਵਿੱਚ ਅਕਾਲੀ ਦਲ ਵਿੱਚ ਤਬਦੀਲੀ ਲਿਆਉਣ ਲਈ ਸਿਹਤ ਅਤੇ ਸਮੇਂ ਨੇ ਉਨਾਂ ਦਾ ਸਾਥ ਨਾ ਦਿੱਤਾ।

ਸੰਪਰਕ 9814002186

Share This Article
Leave a Comment