ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਕੇਂਦਰੀ ਆਬਕਾਰੀ ਡਿਊਟੀ ਘਟਾਉਣ ਲਈ ਕੀਤੀ ਅਪੀਲ

TeamGlobalPunjab
5 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰੀ ਆਬਕਾਰੀ ਡਿਊਟੀ ਘਟਾਈ ਜਾਵੇ ਤਾਂ ਜੋ ਤੇਲ ਕੀਮਤਾਂ ਘੱਟ ਸਕਣ ਅਤੇ ਕਿਸਾਨਾਂ, ਟਰਾਂਸਪੋਰਟ ਸੈਕਟਰ ਤੇ ਆਮ ਆਦਮੀ ਨੂੰ ਬਹੁਤ ਲੋੜੀਂਦੀ ਰਾਹਤ ਮਿਲ ਸਕੇ।
ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪੈਟਰੋਲੀਅ ਮੰਤਰਾਲੇ ਨੂੰ ਕੇਂਦਰੀ ਆਬਕਾਰੀ ਡਿਊਟੀ ਘਟਾਉਣ ਲਈ ਹਦਾਇਤ ਕਰਨ ਤਾਂ ਜੋ ਤੇਲ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕੇ।

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵੱਡੇ ਵਾਧੇ ਕਾਰਨ ਕਿਸਾਨ ਜੋ ਕਿ ਸਾਉਣੀ ਦੀ ਫਸਲ ਬੀਜ ਰਹੇ ਹਨ ਤੇ ਪਹਿਲਾਂ ਹੀ ਦੇਸ਼ ਭਰ ਵਿਚ ਸਾਜ਼ੋ ਸਮਾਨ ਦੀ ਟਰਾਂਸਪੋਰਟੇਸ਼ਨ ‘ਤੇ ਖਰਚ ਵਿਚ ਹੋਏ ਵਾਧੇ ਕਾਰਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਪ੍ਰਭਾਵਤ ਹਨ, ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਅਣਕਿਆਸੀ ਵਾਧੇ ਕਾਰਨ ਆਮ ਆਦਮੀ ਨੂੰ ਵੀ ਬਹੁਤ ਮਾਰ ਪਈ ਹੈ।

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਇਹ ਸਮਾਜ ਦੇ ਹਿੱਤ ਵਿਚ ਹੋਵੇਗਾ ਕਿ ਤੇਲ ਕੀਮਤਾਂ ਵਿਚ ਨਿਰੰਤਰ ਵਾਧੇ ਦੇ ਰੁਝਾਨ ਨੂੰ ਪੁੱਠਾ ਮੋੜਿਆ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸਬੰਧ ਵਿਚ ਕਈ ਵਰਗਾਂ ਨੇ ਮੰਗ ਪੱਤਰ ਦਿੱਤੇ ਹਨ ਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਤੇਲ ਕੀਮਤਾਂ ਘਟਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ ਕਿਉਂਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਵਧਦੀ ਹੈ। ਉਹਨਾਂ ਕਿਹਾ ਕਿ ਤੇਲ ਕੀਮਤਾਂ ਵਿਚ ਕਟੌਤੀ ਨਾਲ ਇੰਡਸਟਰੀ ਨੂੰ ਵੀ ਸਹਾਇਤਾ ਮਿਲੇਗੀ ਤੇ ਇਹ ਆਪਣਾ ਲਾਗਤ ਖਰਚ ਘਟਾਕੇ ਆਪਣੇ ਪੈਰਾ ਸਿਰ ਖੜ•ੀ ਹੋ ਸਕੇਗੀ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਵੱਖਰੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਪੈਟਰੋਲ ਅਤੇ ਡੀਜ਼ਲ ‘ਤੇ ਸੂਬੇ ਦੇ ਟੈਕਸਾਂ ਵਿਚ ਵੀ ਵੱਡੀ ਕਟੌਤੀ ਕੀਤੀ ਜਾਵੇ ਤਾਂ ਕਿ ਕਿਸਾਨਾਂ, ਟਰਾਂਸਪੋਰਟ ਸੈਕਟਰ ਤੇ ਆਮ ਆਦਮੀ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਹਾਲਾਤ ਅਜਿਹੇ ਹਨ ਕਿ ਪੈਟਰੋਲ ‘ਤੇ ਸੂਬੇ ਦਾ ਟੈਕਸ 27.27 ਫੀਸਦੀ ਹੋ ਗਿਆ ਹੈ ਜਦਕਿ ਡੀਜ਼ਲ ‘ਤੇ ਸੂਬੇ ਦਾ ਟੈਕਸ ਇਸਦੀ ਕੀਮਤ ਦਾ 17.53 ਫੀਸਦੀ ਹੋ ਗਿਆ ਹੈ।
ਬਾਦਲ ਨੇ ਕਿਹਾ ਕਿ ਤੇਲ ਕੀਮਤਾਂ ‘ਤੇ ਸੂਬੇ ਦੇ ਟੈਕਸ ਜ਼ਿਆਦਾ ਹੋਣ ਕਾਰਨ ਕਿਸਾਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ‘ਚੋਂ ਚਲੇ ਜਾਣ ਕਾਰਨ ਝੋਨਾ ਲਾਉਣ ਲਈ ਲੇਬਰ ਕੀਮਤਾਂ ਦੁੱਗਣੀਆਂ ਹੋ ਗਈਆਂ ਹਲ। ਉਹਨਾਂ ਕਿਹਾ ਕਿ ਝੋਨਾ ਲਾਉਣ ਦੇ ਸੀਜ਼ਨ ਅਤੇ ਵੱਖ ਵੱਖ ਖੇਤੀਬਾੜੀ ਕੰਮਾਂ ਦਰਮਿਆਨ ਕਿਸਾਨ ਡੀਜ਼ਲ ‘ਤੇ ਸੂਬੇ ਦੇ ਟੈਕਸਾਂ ਵਿਚ ਹੋਏ ਨਜਾਇਜ਼ ਵਾਧੇ ਕਾਰਨ ਸਭ ਤੋਂ ਵੱਧ ਮਾਰ ਹੇਠ ਆਏ ਹਨ। ਉਹਨਾਂ ਕਿਹਾ ਕਿ ਵਪਾਰ ਤੇ ਇੰਡਸਟਰੀ, ਜੋ ਤਿੰਨ ਮਹੀਨੇ ਦੇ ਲਾਕ ਡਾਊਨ ਮਗਰੋਂ ਆਪਣੇ ਪੈਰਾਂ ਸਿਰ ਹੋਣ ਲਈ ਸੰਘਰਸ਼ ਕਰ ਰਹੀ ਹੈ, ਵੀ ਤੇਲ ਕੀਮਤਾਂ ‘ਤੇ ਸੂਬੇ ਦੇ ਟੈਕਸ ਵੱਧ ਹੋਣ ਦੀ ਮਾਰ ਝੱਲ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਵੀ ਪੈਟਰੋਲ ‘ਤੇ ਟੈਕਸ ਵੱਧ ਹੋਣ ਕਾਰਨ ਦਬਾਅ ਹੇਠ ਹੈ।

- Advertisement -

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬੀ ਇਹ ਦੁਹਾਈ ਦੇ ਰਹੇ ਹਨ ਕਿ ਜਿਸ ਵੇਲੇ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਤੇ ਇਸ ਕਾਰਨ ਹੋਏ ਲਾਕ ਡਾਊਨ ਦੀ ਮਾਰ ਝੱਲ ਰਹੇ ਹਨ, ਉਦੋਂ ਉਹਨਾਂ ‘ਤੇ ਇਹ ਅÎਣਕਿਆਸਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਵਾਸਤੇ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਸੂਬੇ ਦੇ ਟੈਕਸਾਂ ਵਿਚ ਵੱਧ ਤੋਂ ਵੱਧ ਸੰਭਵ ਕਟੌਤੀ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਸੰਭਵ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਇਹ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਸੂਬੇ ਵਿਚ ਖੇਤੀਬਾੜੀ ਖੇਤਰ ‘ਤੇ ਸੰਕਟ ਹੋਰ ਜ਼ਿਆਦਾ ਡੂੰਘਾ ਹੋ ਜਾਵੇਗਾ। ਉਹਨਾਂ ਕਿਹਾ ਕਿ ਵਪਾਰ ਤੇ ਇੰਡਸਟਰੀ ਵੀ ਸੁਰਜੀਤ ਨਹੀਂ ਹੋ ਸਕੇਗੀ ਤੇ ਆਮ ਆਦਮੀ ਦੀਆਂ ਮੁਸ਼ਕਿਲਾਂ ਵੀ ਕਈ ਗੁਣਾ ਵੱਧ ਜਾਣਗੀਆਂ।

ਬਾਦਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਤੇਲ ਕੀਮਤਾਂ ਦੇਸ਼ ਭਰ ਵਿਚ ਸਭ ਤੋਂ ਵੱਧ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਪੰਜਾਬ ਵਿਚ ਸੰਤਾ ਵਿਚ ਪਰਤੀ ਤਾਂ ਤੇਲ ਕੀਮਤਾਂ ਘਟਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਮੰਦੇਭਾਗਾਂ ਨੂੰ 2017 ਤੋਂ ਪੰਜਾਬ ਵਿਚ ਤੇਲ ਕੀਮਤਾਂ ਕਈ ਗੁਣਾਂ ਵੱਧ ਗਈਆਂ ਹਨ। ਉਹਨਾਂ ਨਾਲ ਹੀ ਕਿਹਾ ਕਿ ਤੇਲ ਕੀਮਤਾਂ ਘਟਾਉਣ ਨਾਲ ਸਮਾਜ ਦੇ ਗਰੀਬ ਤੇ ਕਮਜ਼ੋਰ ਵਰਗ ਨੂੰ ਲਾਭ ਮਿਲੇਗਾ ਜੋ ਕਿ ਵਿਕਾਸ ਵਾਸਤੇ ਅਹਿਮ ਰੋਲ ਅਦਾ ਕਰੇਗਾ ਕਿਉਂਕਿ ਖਪਤ ਵੱਧ ਜਾਵੇਗੀ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਵਿਚ ਸੂਬੇ ਦੇ ਟੈਕਸਾਂ ਵਿਚ ਤੁਰੰਤ ਕਟੌਤੀ ਕੀਤੀ ਜਾਵੇ।

Share this Article
Leave a comment