ਚੰਡੀਗੜ੍ਹ : ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਰੁਕ ਗਿਆ ਹੈ ਤੇ ਇਸ ਨੂੰ ਲੈ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀਆਂ ਨੂੰ ਲੰਮੇਂ ਹੱਥੀਂ ਲਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦੋਸ਼ ਹੈ ਕਿ ਲਾਂਘੇ ਦੀ ਉਸਾਰੀ ਦਾ ਕੰਮ ਇਸ ਲਈ ਰੁਕਿਆ ਹੈ ਕਿਉਂਕਿ ਕਾਂਗਰਸੀ ਆਗੂ ਉਸਾਰੀ ‘ਚ ਲੱਗੇ ਠੇਕੇਦਾਰ ਮੁਲਾਜ਼ਮਾਂ ਤੋਂ ਵਰਤੀ ਜਾਣ ਵਾਲੀ ਬਜਰੀ ਅਤੇ ਰੇਤੇ ‘ਤੇ ਗੁੰਡਾ ਟੈਕਸ ਵਸੂਲਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਆਪਣੇ ਆਗੂਆਂ ਨੂੰ ਗੁੰਡਾ ਟੈਕਸ ਵਸੂਲਣ ਤੋਂ ਰੋਕਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਇਸ ਦੇ ਨਾਲ ਹੀ ਸੀਬੀਆਈ ਵੱਲੋਂ ਕਲੋਜ਼ਰ ਰਿਪੋਰਟ ਅਦਾਲਤ ‘ਚ ਦਾਇਰ ਕਰਨ ਤੋਂ ਬਾਅਦ ਮਾਮਲਿਆਂ ਦੀ ਜਾਂਚ ਮੁੜ ਸ਼ੁਰੂ ਕਰਨ ਲਈ ਪਾਈ ਗਈ ਅਰਜ਼ੀ ਬਾਰੇ ਬੋਲਦਿਆਂ ਕਿਹਾ ਕਿ ਜਿਹੜੇ ਕਾਂਗਰਸੀ ਹੁਣ ਬਰਗਾੜੀ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਪੰਜਾਬ ਪੁਲਿਸ ਨੂੰ ਦੇਣਾ ਚਾਹੁੰਦੇ ਹਨ ਇਹੀ ਕਾਂਗਰਸੀ ਆਗੂ ਅਕਾਲੀ ਦਲ ਸਰਕਾਰ ਸਮੇਂ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਜਲਦੀ ਹੀ ਭੁੱਲ ਜਾਂਦੇ ਹਨ ਕਿਉਂਕਿ ਅਕਾਲੀ ਦਲ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪ ਖੁਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ ਸੀ ਕਿ ਕੇਸ ਦੀ ਸੀਬੀਆਈ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਨੇ ਲੋਕਾਂ ਦੇ ਵਿਚਾਰ ਲੈਣ ਤੋਂ ਬਾਅਦ ਹੀ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ।