ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣ ਲਈ ਉਹਨਾਂ ਨਾਲ ਆਪ ਗੱਲਬਾਤ ਕਰਨ ਕੈਪਟਨ: ਸੁਖਬੀਰ ਬਾਦਲ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਆਪ ਗੱਲਬਾਤ ਕਰ ਕੇ ਉਹਨਾਂ ਦੀ ਹੜਤਾਲ ਖਤਮ ਕਰਵਾਉਣ ਨਹੀਂ ਤਾਂ ਸੂਬੇ ਨੂੰ ਉਸ ਵੇਲੇ ਕਈ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਸੂਬਾ ਕੋਰੋਨਾ ਨਾਲ ਜੂਝ ਰਿਹਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬੇ ਵਿਚ ਅਨੇਕਾਂ ਥਾਵਾਂ ’ਤੇ ਸਫਾਈ ਕਰਮਚਾਰੀਆਂ ਪਿਛਲੇ ਪੰਦਰਾਂ ਦਿਨਾਂ ਤੋਂ ਹੜਤਾਲ ਕਰ ਰਹੇ ਹਨ ਤੇ ਸਰਕਾਰ ਉਹਨਾ ਦੀਆਂ ਸ਼ਿਕਾਇਤਾਂ ਪ੍ਰਤੀ ਢਿੱਲ ਮੱਠ ਦਾ ਰਵੱਈਆ ਅਪਣਾ ਰਹੀ ਹੈ ਤੇ ਉਹਨਾਂ ਦੇ ਮਸਲ ਹੱਲ ਕਰਨ ਤੋਂ ਇਨਕਾਰੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੇ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਵੇਲੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਫਰੰਟ ਲਾਈਨ ਵਰਕਰਾਂ ਪ੍ਰਤੀ ਇੰਨੀ ਬੇਰੁਖੀ ਵਾਲਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹਨਾ ਸਫਾਈ ਕਰਮਚਾਰੀਆਂ ਨੁੰ ਆਪਣੇ ਕੋਲ ਸੱਦ ਕੇ ਇਹਨਾਂ ਦੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨ ਨਾਲ ਸਿਹਤ ਸੰਭਾਲ ਸੰਸਥਾਵਾਂ ’ਤੇ ਬੋਝ ਹੋਰ ਵੱਧ ਜਾਵੇਗਾ ਕਿਉਂਕਿ ਸਫਾਈ ਦੇ ਹਾਲਾਤ ਸਹੀ ਨਾ ਹੋਣ ਕਾਰਨ ਬਿਮਾਰੀਆਂ ਹੋਰ ਵਧਣਗੀਆਂ। ਉਹਨਾਂ ਕਿਹਾ ਕਿ ਸੂਬੇ ਦੀਆਂ ਸਿਹਤ ਸੰਸਥਾਵਾਂ ਜੋ ਪਹਿਲਾਂ ਹੀ ਕੋਰੋਨਾ ਨਾਲ ਜੂਝ ਰਹੀਆਂ ਹਨ, ਅਜਿਹਾ ਦਬਾਅ ਹੋਰ ਨਹੀਂ ਝੱਲ ਸਕਦੀਆਂ।

ਬਾਦਲ ਨੇ ਕਿਹਾ ਸਫਾਈ ਕਰਮਚਾਰੀ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਅਤੇ ਉਹਨਾਂ ਦੀ ਇਹ ਮੰਗ ਤੁਰੰਤ ਮੰਨੀ ਜਾਣੀ ਚਾਹੀਦੀ ਹੈ।

- Advertisement -

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਫਾਈ ਕਰਮਚਾਰੀਆਂ ਨੂੰ ਠੇਕੇਦਾਰਾਂ ਵੱਲੋਂ ਸਭ ਤੋਂ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਬੰਦ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰਮਚਾਰੀ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੂੰ ਪੀ ਐਫ ਵਿਚ ਯੋਗਦਾਨ ਵਰਗੇ ਹੋਰ ਲਾਭ ਸਰਕਾਰ ਤੋਂ ਨਹੀਂ ਮਿਲ ਰਹੇ। ਉਹਨਾਂ ਕਿਹਾ ਕਿ ਕੁਝ ਥਾਵਾਂ ’ਤੇ ਤਾਂ ਬੀਮਾ ਕਵਰ ਵੀ ਖਤਮ ਹੋ ਗਿਆਹੈ ਜਾਂ ਹੋਣ ਵਾਲਾ ਹੈ।

ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਮਾਮਲੇ ਨੂੰ ਵੇਖਣ ਅਤੇ ਇਸਨੁੰ ਫੌਰੀ ਤੌਰ ’ਤੇ ਹੱਲ ਕਰਨ।

Share this Article
Leave a comment