ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਮੰਤਰੀਆਂ ਤੇ ਵਿਧਾਇਕਾਂ ਨੇ ਸੂਬੇ ਤੋਂ ਇਸਦੇ ਕੁਦਰਤੀ ਸਰੋਤ ਲੁੱਟਣ ਵਾਸਤੇ ਆਪੋ ਆਪਣੇ ਮਾਫੀਆ ਬਣਾ ਰਹੇ ਹਨ ਤੇ ਉਹ ਸ਼ਰ੍ਹੇਆਮ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਪੰਜਾਬ ਬਚਾਓ ਯਾਤਰਾ ਤਹਿਤ ਇਥੇ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਆ ਕੇ ਮੈਨੂੰ ਦੱਸ ਰਹੇ ਹਨ ਕਿ ਆਪ ਦੇ ਮੰਤਰੀ ਤੇ ਵਿਧਾਇਕ ਗੈਰ ਕਾਨੂੰਨੀ ਮਾਇਨਿੰਗ ਵਿਚ ਲੱਗੇ ਹਨ ਤੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਰਾਹ ਵਿਚ ਰੁਕਾਵਟ ਬਣ ਰਹੇ ਹਨ। ਯਾਤਰਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੂੰ ਦਿਹਾਤੀ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਕੁਝ ਮਹਿਲਾਵਾਂ ਨੇ ਉਹਨਾਂ ਨਾਲ ਆ ਕੇ ਮੁਲਾਕਾਤ ਕੀਤੀ ਤੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਆਪਣਾ ਮਾਫੀਆ ਬਣਾਇਆ ਹੋਇਆ ਹੈ ਜਿਸ ਕਾਰਨ ਰੇਤੇ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋਇਆ ਹੈ ਤੇ ਨਸ਼ੇ ਦੀ ਓਵਰਡੋਜ਼ ਕਾਰਨ ਇਲਾਕੇ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਔਰਤਾਂ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਟਰਾਲੀ 15000 ਰੁਪਏ ਦੀ ਸੀ, ਉਹ ਹੁਣ 60 ਹਜ਼ਾਰ ਰੁਪਏ ਵਿਚ ਵਿਕ ਰਹੀ ਹੇ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਪਰਿਵਾਰਾਂ ਦਾ ਮੁੱਦਾ ਚੁੱਕਣ ਜਿਹਨਾਂ ਦੇ ਬੱਚੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਆਮ ਆਦਮੀ ਦੇ ਹਿੱਤਾਂ ਦਾ ਨੁਕਸਾਨ ਕਰ ਰਹੀ ਹੈ ਜਦੋਂ ਕਿ ਇਸਦਾ ਦਾਅਵਾ ਸੀ ਕਿ ਉਹ ਆਮ ਆਦਮੀ ਦੀ ਪ੍ਰਤੀਨਿਧਤਾ ਕਰਦੀ ਹੈ ਪਰ ਇਸੇ ਵਰਗ ਲਈ ਉਹਨਾਂ ਘਰਾਂ ਦੀ ਉਸਾਰੀ ਦੀ ਕੀਮਤ ਕਈ ਗੁਣਾ ਵਧਾ ਦਿੱਤੀ ਹੈ।
ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਹਿੱਤ ਦਿੰਲੀ ਨੂੰ ਵੇਚਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਦੀ ਮੰਤਰੀ ਆਤਿਸ਼ੀ ਪੰਜਾਬ ਸਰਕਾਰ ਦੇ ਬਜਟ ਸਬੰਧੀ ਮੀਟਿੰਗ ਵਿਚ ਸ਼ਾਮਲ ਹੋਈ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਨੂੰ ਰਿਮੋਰਟ ਕੰਟਰੋਲ ਨਾਲ ਚਲਾ ਰਹੇ ਹਨ ਅਤੇ ਪਹਿਲਾਂ ਵੀ ਇਹ ਵੇਖਣ ਨੂੰ ਮਿਲਿਆ ਸੀ ਕਿ ਕੇਜਰੀਵਾਲ ਦੇ ਸਲਾਹਕਾਰ ਕੈਬਨਿਟ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਪੰਜਾਬ ਦੀ ਆਬਕਾਰੀ ਨੀਤੀ ਵੀ ਉਹਨਾਂ ਨੇ ਘੜੀ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਹਾਈ ਕਮਾਂਡ ਪੰਜਾਬ ਦੇ ਸਰੋਤ ਵਰਤ ਕੇ ਦੇਸ਼ ਭਰ ਵਿਚ ਆਪ ਦਾ ਪਸਾਰ ਕਰਨਾ ਚਾਹੁੰਦੀ ਹੈ ਜਦੋਂ ਕਿ ਪੰਜਾਬੀਆਂ ਤੇ ਉਹਨਾਂ ਦੀ ਭਲਾਈ ਦਾ ਨੁਕਸਾਨ ਕਰਨਾ ਚਾਹੁੰਦੀ ਹੈ।
ਬਾਦਲ ਨੇ ਇਹ ਵੀ ਮੰਗ ਕੀਤੀ ਕਿ ਭਾਰਤੀ ਅਸ਼ਟਾਮ ਐਕਟ ਅਤੇ ਦਾ ਰਜਿਸਟਰੇਸ਼ਨ ਬਿੱਲ ਵਿਚ ਸੋਧ ਕਰ ਕੇ ਕਰਜ਼ਿਆਂ ਅਤੇ ਮੁਖ਼ਤਿਆਰਨਾਮਿਆਂ ’ਤੇ ਲਗਾਈ ਗੈਰ ਲੋੜੀਂਦੀ ਅਸ਼ਟਾਮ ਡਿਊਟੀ ਤੁਰੰਤ ਵਾਪਸ ਲਈ ਜਾਵੇ ਕਿਉਂਕਿ ਇਸ ਨਾਲ ਵਾਹਨ ਤੇ ਘਰ ਮਹਿੰਗੇ ਹੋ ਜਾਣਗੇ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਕੋਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਂ ’ਤੇ ਵਿਖਾਉਣ ਲਈ ਕੱਖ ਨਹੀਂ ਹੈ ਤੇ ਅਜਿਹਾ ਜਾਪਦਾ ਹੈ ਕਿ ਨਵੇਂ ਟੈਕਸ ਸਿਰਫ ਵਿੱਤੀ ਪਬਲੀਸਿਟੀ ਸਟੰਟ ਵਾਸਤੇ ਲਗਾਏ ਹਨ ਤੇ ਨਾਲ ਹੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਪੈਸ਼ਲ ਜੈਟ ਦਾ ਕਿਰਾਇਆ ਕੱਢਣ ਵਾਸਤੇ ਲਗਾਏ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਉਦਯੋਗ ਤੇ ਵਪਾਰ ਦੇ ਪ੍ਰਤੀਨਿਧਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਝਾ ਖੇਤਰ ਵਿਚ ਸਾਰਾ ਅਰਥਚਾਰਾ ਬੁਰੀ ਤਰ੍ਹਾਂ ਕਾਨੂੰਨਹੀਣਤਾ, ਉਦਯੋਗਿਕ ਸੈਕਟਰ ਲਈ ਬਿਜਲੀ ਦਰਾਂ ਵਿਚ ਵਾਧੇ ਅਤੇ ਇਸਦੇ ਨਾਲ ਹੀ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਦੀ ਅਣਹੋਂਦ ਵਿਚ ਪ੍ਰਭਾਵਤ ਹੋਇਆ ਹੈ। ਉਹਨਾਂ ਕਿਹਾ ਕਿ ਫਿਰੌਤੀਆਂ ਤੇ ਅਗਵਾਕਾਰੀਆਂ ਵਿਚ ਤਿੱਖੇ ਵਾਧੇ ਨੇ ਵੀ ਉਦਯੋਗ ਨੂੰ ਹੋਰ ਰਾਜਾਂ ਵਿਚ ਸ਼ਿਫਟ ਹੋਣ ਵਾਸਤੇ ਮਜਬੂਰ ਕੀਤਾ ਹੈ।