ਜਾਣੋ ਸੁਖਬੀਰ ਬਾਦਲ ਨੇ ਕੋਰੋਨਾ ਪੀੜਤਾਂ ਵਾਸਤੇ ਕੈਪਟਨ ਤੋਂ ਮੰਗਿਆ ਕਿੰਨਾ ਮੁਆਵਜ਼ਾ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਪੀੜਤ ਪਰਿਵਾਰਾਂ ਲਈ ਰਾਹਤ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਬਣੇ ਸੰਕਟ ਨੂੰ ਸਮਝਣ ਅਤੇ ਤੁਰੰਤ ਕੋਰੋਨਾ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ, ਕੋਰੋਨ ਕਾਰਨ ਅਨਾਥ ਹੋਇਆਂ ਨੂੰ 6 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਤੇ ਬੀ ਪੀ ਐਲ ਪਰਿਵਾਰਾਂ ਨੂੰ ਘੱਟ ਤੋਂ ਘੱਟ 6 ਮਹੀਨੇ ਲਈ 6 ਹਜ਼ਾਰ ਰੁਪਏ ਮਹੀਨਾ ਦੀ ਸਹਾਇਤਾ ਪ੍ਰਦਾਨ ਕਰਨ।

ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੁਝ ਸਮਾਂ ਕੱਢ ਕੇ ਕੋਰੋਨਾ ਕਾਰਨ ਮਾਰ ਦਾ ਸ਼ਿਕਾਰ ਹੋਏ ਤੇ ਲਾਕ ਡਾਊਨ ਕਾਰਨ ਪ੍ਰਭਾਵਤ ਹੋਏ ਗਰੀਬਾਂ, ਮੁਹਾਰਤੀ ਵਰਕਰਾਂ ਤੇ ਵਪਾਰੀਆਂ ਬਾਰੇ ਸੋਚਣ। ਉਹਨਾਂ ਕਿਹਾ ਕਿ ਇਹ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਸਮਾਜ ਦੇ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਹਾਲਾਂਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਸਨੇ ਕੋਰੋਨਾ ਸੰਭਾਲ ’ਤੇ 1100 ਕਰੋੜ ਰੁਪਏ ਖਰਚ ਕੀਤੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਸਮਾਜ ਦੇ ਵੱਖ ਵੱਖ ਵਰਗ ਜੋ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ, ਦੀਆਂ ਤਕਲੀਫਾਂ ਘਟਾਉਣ ਵਾਸਤੇ ਉਹ ਫੌਰੀ ਕੰਮ ਕਰਨ ਨਹੀਂ ਤਾਂ ਸਾਡੀਆਂ ਅੱਖਾਂ ਸਾਹਮਣੇ ਇਕ ਹੋਰ ਦੁਖਾਂਤ ਵਾਪਰ ਜਾਵੇਗਾ।

- Advertisement -

ਬਾਦਲ ਨੇ ਕਿਹਾ ਕਿ ਸੂਬੇ ਵਿਚ ਲਾਕ ਡਾਊਨ ਕਾਰਨ ਗਰੀਬ ਪਰਿਵਾਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਉਹਨਾਂ ਕਿਹਾ ਕਿ ਟੈਕਸੀ ਤੇ ਆਟੋ ਚਾਲਕਾਂ ਤੇ ਮਾਲਕਾਂ ਨੁੰ ਵੀ ਅਗਲੇ 6 ਮਹੀਨੇ ਵਾਸਤੇ 6 ਹਜ਼ਾਰ ਰੁਪਏ ਮਹੀਨਾ ਭੱਤਾ ਮਿਲਣਾ ਚਾਹੀਦਾ ਹੈ।

ਸੁਖਬੀਰ ਨੇ ਕਿਹਾ ਕਿ ਇਸੇ ਤਰੀਕੇ ਕੋਰੋਨਾ ਨਾਲ ਪ੍ਰਭਾਵਤ ਰਜਿਸਟਰਡ ਮਜ਼ਦੂਰਾਂ ਵਾਸਤੇ ਮੁਅਵਾਜ਼ਾ ਇਸ ਵੇਲੇ 1500 ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਇਹਨਾਂ ਦਾ ਕੋਈ ਪਰਿਵਾਰ ਮੈਂਬਰ ਵੀ ਪ੍ਰਭਾਵਤ ਹੁੰਦਾ ਹੈ ਤਾਂ ਫਿਰ ਮੁਆਵਜ਼ਾ 3 ਹਜ਼ਾਰ ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਵੱਲੋਂ ਰਜਿਸਟਰਡ ਮਜ਼ਦੂਰਾਂ ਵਾਸਤੇ ਨਿਗੂਣੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤੇ ਉਹ ਵੀ ਹਾਲੇ ਤੱਕ ਨਹੀਂ ਮਿਲਿਆ ।

Share this Article
Leave a comment