ਰਾਜਾ ਵੜਿੰਗ ਕਾਂਗਰਸੀਆਂ ਦੀਆਂ ਬੱਸਾਂ ਕਿਉਂ‌ ਨਹੀਂ ਫੜਦੇ ? : ਸੁਖਬੀਰ ਬਾਦਲ

TeamGlobalPunjab
3 Min Read

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਲੁਧਿਆਣਾ ਫੇਰੀ ਦੌਰਾਨ ਪੰਜਾਬ ਸਰਕਾਰ ਅਤੇ ਕਾਂਗਰਸ ਨੂੰ ਜੰਮ ਕੇ ਰਗੜੇ ਲਗਾਏ ।

ਸੁਖਬੀਰ ਬਾਦਲ ਦੁੱਗਰੀ ਦੇ ਗੁਰਦੁਆਰਾ ਸਾਹਿਬ ਵਿਖੇ 1984 ਦੇ ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਦੀ ਸਮਾਪਤੀ ਲਈ ਪੁੱਜੇ ਸਨ।

ਸੁਖਬੀਰ ਨੇ ਕਿਹਾ ਕਿ 37 ਸਾਲ ਪਹਿਲਾਂ ਇਹ ਕਤਲੇਆਮ ਚੋਟੀ ਦੇ ਕਾਂਗਰਸੀ ਆਗੂਆਂ ਦੇ ਕਹਿਣ ‘ਤੇ ਹੋਇਆ ਸੀ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਬਜਾਏ ਸਨਮਾਨਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਅਜਿਹੀ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ, ਚਾਹੇ ਉਹ ਕਿਸੇ ਹੋਰ ਪਾਰਟੀ ਦਾ ਸਮਰਥਨ ਕਰੇ।

ਉਨ੍ਹਾਂ ਸੂਬਾ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿਚ ਪੰਜਾਬੀਆਂ ਲਈ ਹਿੰਮਤ ਹੈ ਤੇ ਦਰਦ ਹੈ ਤਾਂ ਇਸ ਸਬੰਧੀ 8 ਨਵੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਨਿੰਦਾ ਮਤਾ ਲਿਆਂਦਾ ਜਾਵੇ ਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ।

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪਹਿਲੀ ਹੀ ਕੈਬਨਿਟ ਦੇ ਵਿਚ ਪੀੜਿਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ।

ਇਸ ਮੌਕੇ ਵਿਸ਼ਵਕਰਮਾ ਦਿਵਸ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਆਉਣ ‘ਤੇ ਲੁਧਿਆਣਾ ਵਿਚ ਇਕ ਵੱਡਾ ਵਿਸ਼ਵਕਰਮਾ ਸਕਿੱਲ ਸੈਂਟਰ ਖੋਲ੍ਹਿਆ ਜਾਵੇਗਾ।

 

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੋਂ ਕੇਂਦਰ ਦੀ ਤਰਜ਼ ‘ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਉਨ੍ਹਾਂ ਨੇ ਪੈਟਰੋਲ 5 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਕੀਤਾ ਹੈ। ਹੁਣ ਸੂਬਾ ਸਰਕਾਰ ਨੂੰ ਅੱਜ 10-10 ਰੁਪਏ ਭਾਅ ਘਟਾਉਣ ਦਾ ਐਲਾਨ ਕਰਨਾ ਚਾਹੀਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੈ ਤਾਂ ਕੇਂਦਰ ਦੀ ਤਰਜ਼ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣ।

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਾਦਲਾਂ ਦੀਆਂ ਬੱਸਾਂ ਫੜੇ ਜਾਣ ਬਾਰੇ ਸੁਖਬੀਰ ਨੇ ਸਪੱਸ਼ਟ ਕਿਹਾ ਕਿ ਇਹ ਸਿਆਸੀ ਰੰਜਿਸ਼ ਕਾਰਨ ਫੜੀਆਂ ਜਾ ਰਹੀਆਂ ਹਨ।

ਸੁਖਬੀਰ ਨੇ ਕਿਹਾ ਕਿ ‘ਉਨ੍ਹਾਂ ਦੀਆਂ ਬੱਸਾਂ ਦੇ ਸਾਰੇ ਕਾਗਜ਼ਾਤ ਸਹੀ ਹਨ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਇਸ ਦੀ ਪਰਵਾਹ ਨਹੀਂ ਕਰਦੇ। ਥੋੜ੍ਹੇ ਦਿਨ ਹੋਰ ਜੋ ਕਰਨਾ ਹੈ ਕਰ ਲਓ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਜਾਂ ਢਿੱਲੋਂ ਦੀਆਂ ਬੱਸਾਂ ਇਸ ਲਈ ਨਹੀਂ ਫੜੀਆਂ ਗਈਆਂ ਕਿਉਂਕਿ ਉਹ ਸਰਕਾਰ ਵਿਚ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ।’

Share This Article
Leave a Comment