ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੱਡੀ ਮੁਸ਼ਕਲ ਵਿਚ ਘਿਰਦੀ ਨਜਰ ਆ ਰਹੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਤੋਂ ਦਸ ਸਾਲ ਲਈ ਬਾਹਰ ਕਰਨ ਦਾ ਲਿਆ ਹੈ ਉਸ ਨਾਲ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਨਵੀਂ ਮੁਸੀਬਤ ਖੜੀ ਹੋ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮਾਮਲਾ ਰਾਜਸੀ ਅਤੇ ਧਾਰਮਿਕ ਹਲਕਿਆਂ ਅੰਦਰ ਪੂਰੀ ਤਰਾਂ ਚਰਚਾ ਵਿਚ ਆ ਗਿਆ ਹੈ। ਵਲਟੋਹਾ ਉਤੇ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂ ਜੋ ਉਸ ਨੇ ਸੁਖਬੀਰ ਬਾਦਲ ਦਾ ਮਾਮਲਾ ਨਿਬੇੜਨ ਲਈ ਸਿੰਘ ਸਾਹਿਬਾਨ ਉਪਰ ਦਬਾ ਬਣਾਇਆ ਹੈ। ਜੇਕਰ ਵਲਟੋਹਾ ਨੇ ਸੁਖਬੀਰ ਲਈ ਹੀ ਦਬਾ ਬਣਾਇਆ ਹੈ ਤਾਂ ਇਸ ਮਾਮਲੇ ਦਾ ਅਸਰ ਉਸ ਦੇ ਕੇਸ ਉੱਤੇ ਵੀ ਪੈ ਸਕਦਾ ਹੈ। ਹਾਲਾਂ ਕਿ ਵਲਟੋਹਾ ਨੇ ਪਹਿਲਾਂ ਹੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਸ ਦੇ ਨਿੱਜੀ ਵਿਚਾਰ ਹਨ।ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ ਹੈ ਪਰ ਸੁਖਬੀਰ ਬਾਦਲ ਦਾ ਮਾਮਲਾ ਤਾਂ ਉਸੇ ਤਰਾਂ ਕਾਇਮ ਹੈ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਵਲਟੋਹਾ ਬਾਰੇ ਲਏ ਫੈਸਲੇ ਦਾ ਸਵਾਗਤ ਕੀਤਾ ਹੈ।
ਬੇਸ਼ੱਕ ਵਲਟੋਹਾ ਨੇ ਸਿੰਘ ਸਾਹਿਬਾਨ ਨਾਲ ਮਿਲਕੇ ਆਪਣਾ ਪੱਖ ਸਪਸ਼ਟ ਕਰ ਦਿਤਾ ਹੈ ਪਰ ਵਲਟੋਹਾ ਅਜੇ ਵੀ ਮੀਡੀਆ ਵਿਚ ਜਾਕੇ ਸਿਧੇ ਤੌਰ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਉਪਰ ਲੈ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਕਾਰਵਾਈਆਂ ਕਰ ਰਹੇ ਹਨ ਅਤੇ ਉਹ ਆਪ ਹੀ ਅਕਾਲੀ ਦਲ ਦੇ ਪ੍ਰਧਾਨ ਬਨਣ ਦਾ ਇਰਾਦਾ ਰਖਦੇ ਹਨ। ਉਨਾਂ ਇਹ ਵੀ ਕਿਹਾ ਹੈ ਕਿ ਬਾਕੀ ਸਿੰਘ ਸਾਹਿਬਾਨ ਬਾਰੇ ਕੁਝ ਨਹੀ ਆਖਦੇ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਲਟੋਹਾ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ। ਉਨਾ ਨੇ ਇਹ ਵੀ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਮਾਮਲੇ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਅਤੇ ਵਿਦਿਵਾਨਾ ਨਾਲ ਵਿਚਾਰਾਂ ਕਰਕੇ ਹੀ ਫੈਸਲਾ ਲਿਆ ਜਾਵੇਗਾ। ਇਸ ਨਾਲ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਬਾਰੇ ਕੋਈ ਜਲਦੀ ਫੈਸਲਾ ਨਹੀਂ ਲਿਆ ਜਾਵੇਗਾ।ਇਸ ਤਰਾਂ ਉਹ ਤਨਖਾਹੀਆ ਤਾਂ ਬਣੇ ਰਹਿਣਗੇ ਪਰ ਰਾਜਸੀ ਅਤੇ ਧਾਰਮਿਕ ਖੇਤਰਾਂ ਵਿਚ ਕੰਮ ਕਰਨ ਦੀ ਮੁਸ਼ਕਲ ਬਣੀ ਰਹੇਗੀ। ਇਸੇ ਮਾਮਲੇ ਨੂੰ ਲੈ ਕੇ ਵਲਟੋਹਾ ਨੇ ਸਵਾਲ ਕੀਤਾ ਸੀ ਪਰ ਸਿੰਘ ਸਾਹਿਬਾਨ ਦਾ ਕਹਿਣਾ ਹੈ ਵਲਟੋਹਾ ਨੇ ਦਬਾ ਬਨਾਉਣ ਲਈ ਕੰਮ ਕੀਤਾ ਜੋ ਕਿ ਪ੍ਰਵਾਨ ਨਹੀਂ ਹੋ ਸਕਦਾ।
ਇਸ ਸਥਿਤੀ ਵਿੱਚ ਅਕਾਲੀ ਦਲ ਬਹੁਤ ਵੱਡੀ ਘੁੰਮਣਘੇਰੀ ਵਿਚ ਫਸ ਗਿਆ ਹੈ। ਪੰਜਾਬ ਦੀਆ ਚਾਰ ਜਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਗਿੱਦੜਬਾਹਾ ਹਲਕੇ ਤੋਂ ਜਿਮਨੀ ਚੋਣ ਲੜ ਸਕਦੇ ਹਨ ਪਰ ਜੇਕਰ ਉਹ ਤਨਖਾਹੀਆ ਬਣੇ ਰਹਿਣਗੇ ਤਾਂ ਚੋਣ ਲੜਨੀ ਮੁਸ਼ਕਲ ਹੋ ਸਕਦੀ ਹੈ। ਕੇਵਲ ਐਨਾ ਹੀ ਨਹੀ ਸਗੋਂ ਦੂਜੇ ਹਲਕਿਆਂ ਵਿਚ ਜਾਕੇ ਪ੍ਰਚਾਰ ਕਰਨ ਲਈ ਵੀ ਦਿੱਕਤ ਆ ਸਕਦੀ ਹੈ। ਵਲਟੋਹਾ ਦੇ ਮਾਮਲੇ ਨੂੰ ਲੈ ਕੇ ਵੀ ਅਕਾਲੀ ਦਲ ਅੰਦਰ ਨਿਰਾਸ਼ਤਾ ਆਉਣੀ ਸੁਭਾਵਿਕ ਹੈ ਕਿਉਂ ਜੋ ਵਲਟੋਹਾ ਦਾ ਕੋਈ ਨਿੱਜੀ ਮਾਮਲਾ ਨਹੀ ਸੀ ਸਗੋਂ ਇਹ ਸਾਰਾ ਮਾਮਲਾ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਜੁੜਿਆ ਹੋਇਆ ਹੈ।
ਸੰਪਰਕਃ 9814002186