ਬੇਰੋਜ਼ਗਾਰ ਅਧਿਆਪਕਾਂ ‘ਤੇ ਜ਼ਾਲਮਾਨਾ ਹਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ : ਸੁਖਬੀਰ ਸਿੰਘ ਬਾਦਲ

TeamGlobalPunjab
4 Min Read

70 ਬੇਰੋਜ਼ਗਾਰ ਅਧਿਆਪਕਾਂ ‘ਤੇ ਦਰਜ ਹੋਇਆ ਕੇਸ ਤੁਰੰਤ ਖਾਰਜ ਕੀਤਾ ਜਾਵੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪਟਿਆਲਾ ਵਿਚ ਸ਼ਾਂਤਮਈ ਰੋਸ ਵਿਖਾਵਾ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ‘ਤੇ ਜ਼ਾਲਮਾਨਾ ਹਮਲਾ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਹਮਲਾ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ ਤੇ ਇਸ ਵਹਿਸ਼ੀ ਕਾਰਵਾਈ ਦਾ ਹੁਕਮ ਦੇਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਪਟਿਆਲਾ ਦੇ ਐਸ ਪੀ ਸਿਟੀ ਸਮੇਤ ਕੁਝ ਪੁਲਿਸ ਅਫਸਰਾਂ ਵੱਲੋਂ ਆਪਣੇ ਆਕਾਵਾਂ ਨੰ ਖੁਸ਼ ਕਰਨ ਵਾਸਤੇ ਬਿਨਾਂ ਭੜਕਾਹਟ ਦੇ ਬੇਰੋਜ਼ਗਾਰੀ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਉਹਨਾਂ ਕਿਹਾ ਕਿ ਜਦੋਂ ਸੀਨੀਅਰ ਪੁਲਿਸ ਅਧਿਕਾਰੀ ਨੌਜਵਾਨਾਂ ‘ਤੇ ਹਮਲੇ ਦੀ ਅਗਵਾਈ ਕਰ ਰਹੇ ਸਨ ਤਾਂ ਹੋਰ ਪੁਲਿਸ ਮੁਲਾਜ਼ਮ ਵੀ ਨਾਲ ਲੱਗ ਗਏ ਤੇ ਸਮਝ ਬੈਠੇ ਕਿ ਸਿੱਧਾ ਉਪਰੋਂ ਹੁਕਮ ਆਇਆ ਹੈ ਕਿ ਬੇਰੋਜ਼ਗਾਰ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਮਾਰਚ ਕਰਨ ਲਈ ਸਬਕ ਸਿਖਾਇਆ ਜਾਵੇ। ਉਹਨਾਂ ਕਿਹਾ ਕਿ ਇਸ ਹਮਲੇ ਦੇ ਨਤੀਜੇ ਵਜੋਂ ਮਹਿਲਾਵਾਂ ਸਮੇਤ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਮਹਿਲਾਵਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਉਹਨਾਂ ਨਾਲ ਬਹੁਤ ਮਾੜਾ ਵਿਵਹਾਰ ਵੀ ਕੀਤਾ। ਉਹਨਾਂ ਕਿਹਾ ਕਿ ਇਹ ਵਿਹਾਰ ਇੰਨਾ ਜ਼ਾਲਮਾਨਾ ਸੀ ਕਿ ਦੋ ਨੌਜਵਾਨ ਤਾਂ ਭਾਖੜਾ ਨਹਿਰ ਵਿਚ ਕੁੱਦ ਪਏ।

ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਬੇਰਹਿਮੀ ਨਾਲ ਕੁੱਟਮਾਰ ਦਾ ਸ਼ਿਕਾਰ ਹੋਏ 70 ਬੇਰੋਜ਼ਾਗਰ ਅਧਿਆਪਕਾਂ ‘ਤੇ ਹੀ ਕੇਸ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਤਾਨਾਸ਼ਾਹੀ ਸਰਕਾਰ ਦਾ ਸੰਕੇਤ ਦਿੰਦੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਬੇਰੋਜ਼ਗਾਰ ਅਧਿਆਪਕਾਂ ਖਿਲਾਫ ਦਰਜ ਹੋਇਆ ਕੇਸ ਤੁਰੰਤ ਵਾਪਸ ਲਿਆ ਜਾਵੇ ਤੇ ਐਸ ਪੀ ਸਿਟੀ ਸਮੇਤ ਹੋਰ ਪੁਲਿਸ ਅਫਸਰ ਜੋ ਕਿ ਹਮਲੇ ਵਿਚ ਸ਼ਾਮਲ ਸਨ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਇਸ ਹਮਲੇ ਦਾ ਹੁਕਮ ਦੇਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇ।

ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਨੌਜਵਾਨਾਂ ਦੇ ਜੀਵਨ ਨਾਲ ਖਿਲਵਾੜ ਨਾ ਕਰਨ ਤੇ ਕਿਹਾ ਕਿ ਪਹਿਲਾਂ ਤਾਂ ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹੇ, ਫਿਰ ਤੁਸੀਂ ਝੂਠ ਬੋਲਿਆ ਕਿ 12 ਲੱਖ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਜਦਕਿ ਸਰਕਾਰ ਨੇ ਖੁਦ ਵਿਧਾਨ ਸਭਾ ਵਿਚ ਲਿਖਤੀ ਜਵਾਬ ਵਿਚ ਮੰਨਿਆ ਕਿ ਤਿੰਨ ਸਾਲਾਂ ਵਿਚ ਸਿਰਫ 34000 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਨੌਜਵਾਨ ਆਪਣਾ ਜਾਇਜ਼ ਹੱਕ ਮੰਗ ਰਹੇ ਹਨ ਤੇ ਤੁਹਾਨੂੰ ਆਖ ਰਹੇ ਹਨ ਕਿ ਈ ਟੀ ਟੀ ਤੇ ਟੈਟ ਪਾਸ ਦੀਆਂ 12 ਹਜ਼ਾਰ ਖਾਲੀ ਆਸਾਮੀਆਂ ਭਰੀਆਂ ਜਾਣ ਤਾਂ ਤੁਸੀਂ ਉਹਨਾਂ ਖਿਲਾਫ ਪੁਲਿਸ ਦੀ ਤਾਕਤ ਵਰਤਣ ਲੱਗ ਪਏ ਹੋ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 1664 ਆਸਾਮੀਆਂ ਦਾ ਇਸ਼ਤਿਹਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਸਦਾ ਟੈਟ ਪਾਸ ਉਮੀਦਵਾਰਾਂ ਨੂੰ ਭਰਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਖਾਲੀ ਆਸਾਮੀਆਂ ਹੀ ਭਰੀਆਂ ਨਹੀਂ ਜਾ ਰਹੀਆਂ ਤਾਂ ਫਿਰ ਤੁਸੀਂ ਨਵੀਂਆ ਆਸਾਮੀਆਂ ਕੀ ਸਿਰਜੋਗੇ ? ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਇਕ ਲਗਾਤਾਰ ਚੱਲਣ ਵਾਲੀ ਮੁਹਿੰਮ ਵਿੱਢੇਗਾ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਸਰਕਾਰ ਨੂੰ ਖਾਲੀ ਆਸਾਮੀਆਂ ਭਰਨ ਅਤੇ ਨਵੀਂਆਂ ਸਿਰਜਣ ਵਾਸਤੇ ਮਜਬੂਰ ਕੀਤਾ ਜਾ ਸਕੇ।

Share This Article
Leave a Comment