Home / ਓਪੀਨੀਅਨ / ਸੁਭਾਸ਼ ਚੰਦਰ ਬੋਸ – ਆਜ਼ਾਦੀ ਸੰਘਰਸ਼ ਸਮੇਂ ਅੰਗਰੇਜ਼ਾਂ ਦੀ ਜੇਲ੍ਹ ਨਜ਼ਰਬੰਦੀ ਵਿੱਚੋਂ ਕਿਵੇਂ ਹੋਏ ਸਨ ਫਰਾਰ

ਸੁਭਾਸ਼ ਚੰਦਰ ਬੋਸ – ਆਜ਼ਾਦੀ ਸੰਘਰਸ਼ ਸਮੇਂ ਅੰਗਰੇਜ਼ਾਂ ਦੀ ਜੇਲ੍ਹ ਨਜ਼ਰਬੰਦੀ ਵਿੱਚੋਂ ਕਿਵੇਂ ਹੋਏ ਸਨ ਫਰਾਰ

-ਅਵਤਾਰ ਸਿੰਘ

ਦੇਸ਼ ਦੀ ਆਜ਼ਾਦੀ ਵਿੱਚ ਚਲੀਆਂ ਇਨਕਲਾਬੀ ਲਹਿਰਾਂ ਵਿੱਚ ਆਜ਼ਾਦ ਹਿੰਦ ਫੌਜ ਦਾ ਅਹਿਮ ਯੋਗਦਾਨ ਹੈ। ਜਿਸ ਦੇ ਮੋਹਨ ਸਿੰਘ ਤੇ ਸੁਭਾਸ਼ ਚੰਦਰ ਬੋਸ ਦੋ ਮੁੱਖ ਆਗੂ ਸਨ। “ਤੁਸੀਂ ਆਪਣਾ ਖੂਨ ਦੇਵੋ,ਮੈਂ ਆਜ਼ਾਦੀ ਲੈ ਕੇ ਦੇਵਾਂਗਾ” ਦਾ ਨਾਹਰਾ ਲਾਉਣ ਵਾਲੇ ਨੇਤਾ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉੜੀਸਾ ਦੇ ਸ਼ਹਿਰ ਕੱਟਕ ਵਿੱਚ ਇਕ ਬੰਗਾਲੀ ਪਰਿਵਾਰ ਵਿੱਚ ਹੋਇਆ।

ਉਨ੍ਹਾਂ ਦੀ ਮਾਤਾ ਦਾ ਨਾਂ ਪਰਭਾਵਤੀ ਤੇ ਪਿਤਾ ਦਾ ਨਾਂ ਜਾਨਕੀਦਾਸ ਬੋਸ ਸੀ ਜੋ ਪ੍ਰਸਿੱਧ ਵਕੀਲ ਸਨ।ਸੁਭਾਸ਼ ਚੰਦਰ ਬੋਸ 14 ਭੈਣ ਭਰਾ ਵਿੱਚੋਂ ਛੇ ਭੈਣਾਂ ਤੇ ਸੱਤ ਭਰਾ ਸਨ। ਨੇਤਾ ਜੀ ਨੇ ਮੁੱਢਲੀ ਵਿਦਿਆ ਕੱਟਕ ਦੇ ਸਕੂਲ ਤੇ ਕਲਕੱਤਾ ਦੇ ਪਰੈਜੀਡੈਂਸੀ ਕਾਲਜ ਤੋਂ ਕੀਤੀ। ਫੇਰ ਇੰਗਲੈਂਡ ਵਿੱਚ ਕੈਂਬਰਿਜ ਯੂਨੀਵਰਸਿਟੀ ਭੇਜ ਦਿੱਤਾ।

1921 ਵਿੱਚ ਅੰਗਰੇਜ਼ ਸਰਕਾਰ ਖਿਲਾਫ ਆਜ਼ਾਦੀ ਵਾਸਤੇ ਵਧ ਰਹੀਆਂ ਸਰਗਰਮੀਆਂ ਦੀਆਂ ਖਬਰਾਂ ਸੁਣ ਕੇ ਪੜ੍ਹਾਈ ਛੱਡ ਕੇ ਵਾਪਸ ਦੇਸ਼ ਪਰਤ ਆਏ।ਇਥੇ ਸਿਵਲ ਸਰਵਿਸ ਛੱਡ ਕੇ ਕਾਂਗਰਸ ਨਾਲ ਜੁੜ ਗਏ।

ਉਨ੍ਹਾਂ ਦੇ ਉਦਾਰਵਾਦੀ ਮਹਾਤਮਾ ਗਾਂਧੀ ਨਾਲ ਵਿਚਾਰ ਨਹੀਂ ਮਿਲਦੇ ਸਨ ਕਿਉਕਿ ਨੇਤਾ ਜੀ ਜੋਸ਼ੀਲੇ ਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ।

ਪਹਿਲੇ ਵਿਸ਼ਵ ਯੁੱਧ ਦੌਰਾਨ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਰੂਸ ਦੀ ਜਨਤਾ ਨੇ ਜਾਰ ਸ਼ਾਹੀ ਤੋਂ ਮੁਕਤੀ ਪਾਈ ਸੀ ਤੇ ਹਰ ਮਰਦ ਔਰਤ ਦੇ ਰੋਜ਼ਗਾਰ ਲਈ ਜਿੰਮੇਵਾਰ ਸਰਕਾਰ ਬਣਾਈ ਸੀ।

ਨੇਤਾ ਜੀ ਇਤਿਹਾਸ ਦੀ ਇਸ ਅਨੋਖੀ ਤੇ ਨਿਵੇਕਲੀ ਘਟਨਾ ਤੋਂ ਸਿੱਖਿਆ ਲੈ ਕੇ ਦੂਜੇ ਵਿਸ਼ਵ ਯੁੱਧ ਵਿੱਚ ਉਹੋ ਕੁੱਝ ਕਰਨਾ ਚਾਹੁੰਦੇ ਸਨ ਜੋ ਪਹਿਲੇ ਯੁੱਧ ਸਮੇਂ ਹੋਇਆ ਸੀ।

ਇਸ ਉਦੇਸ਼ ਲਈ ਉਸਨੇ ਪੰਜਾਬ ਦੀ ਕਿਰਤੀ ਪਾਰਟੀ ਨਾਲ ਸੰਪਰਕ ਕੀਤਾ ਸੀ। ਉਹ ਦੇਸ਼ ਵਿੱਚੋਂ ਨਿਕਲ ਕੇ ਰੂਸ ਨਾਲ ਸੰਪਰਕ ਕਰਨ ਲਈ ਕਾਬਲ ਪਹੁੰਚੇ। ਕੁਝ ਬੇਵਸੀ ਹਾਲਤਾਂ ਕਾਰਨ ਜਰਮਨੀ ਦੇ ਸੰਪਰਕ ਵਿਚ ਆ ਗਏ।

ਜਦ ਉਹ1938 ਵਿੱਚ ਕਾਂਗਰਸ ਦੇ ਮੁਖੀ ਬਣੇ ਤਾਂ ਗਾਂਧੀ ਨੇ ਕਿਹਾ ਇਹ ਮੇਰੀ ਹਾਰ ਹੈ। ਗਾਂਧੀ ਦੇ ਵਿਰੋਧ ਵਿੱਚ ਕਾਂਗਰਸ ਛੱਡ ਦਿੱਤੀ। ਦੂਜੀ ਜੰਗ ਸ਼ੁਰੂ ਹੋਣ ‘ਤੇ ਉਨ੍ਹਾਂ ਅੰਗਰੇਜ਼ਾਂ ਦੇ ਦੁਸ਼ਮਣਾਂ ਨਾਲ ਰਲ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਪਰ ਉਹ ਭਤੀਜੇ ਦੀ ਮਦਦ ਨਾਲ ਫਰਾਰ ਹੋ ਗਏ।

ਉਸ ਸਮੇਂ ਨਾਜੀਵਾਦ ਤੇ ਹਿਟਲਰ ਦਾ ਨਿਸ਼ਾਨਾ ਇੰਗਲੈਂਡ ਸੀ। 1943 ਵਿੱਚ ਜਰਮਨੀ ਤੇ ਫਿਰ ਜਪਾਨ ਪਹੁੰਚੇ। ਇਥੇ ਉਨ੍ਹਾਂ ਜਨਰਲ ਮੋਹਣ ਸਿੰਘ ਰਾਂਹੀ ਬਣਾਈ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਆਪਣੇ ਹੱਥ ਲੈ ਲਈ ਜੋ ਉਸ ਸਮੇਂ ਬੰਗਾਲੀ ਕ੍ਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਕੋਲ ਸੀ।

ਉਨ੍ਹਾਂ ਕ੍ਰਾਂਤੀ ਨਾਲ ਆਜ਼ਾਦੀ ਲੈਣ ਵਾਸਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ ਬਰਮਾ, ਸਿੰਗਾਪੁਰ, ਮਲੇਸ਼ੀਆ ਆਦਿ ਦੇਸ਼ਾਂ ਵਿੱਚ ਵਸਦੇ ਸੈਂਕੜੇ ਭਾਰਤੀ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਏ ਜੋ ਮੂਹਰਲੀਆਂ ਕਤਾਰਾਂ ਵਿੱਚ ਲੜੇ ਵੀ ਤੇ ਸ਼ਹੀਦ ਵੀ ਹੋਏ।

4 ਜੁਲਾਈ 1944 ਨੂੰ ਨੇਤਾ ਜੀ ਸਾਥੀਆਂ ਨਾਲ ਬਰਮਾ ਪਹੁੰਚੇ। 18 ਅਗਸਤ 1945 ਨੂੰ ਟੋਕੀਉ ਜਾਂਦੇ ਹੋਏ ਹਵਾਈ ਜਹਾਜ਼ ਦੇ ਹਾਦਸੇ ਵਿੱਚ ਤਾਇਵਾਨ ਲਾਗੇ ਉਨ੍ਹਾਂ ਦੀ ‘ਸ਼ੱਕੀ’ ਹਾਲਤਾਂ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ‘ਮੌਤ’ ਇਕ ਬੁਝਾਰਤ ਬਣੀ ਹੋਈ ਹੈ। ਇਸ ਬਾਰੇ ਅੱਜ ਤੱਕ ਪੂਰੀ ਸਹੀ ਜਾਣਕਾਰੀ ਨਹੀਂ ਮਿਲ ਸਕੀ।#

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.