ਲੁਧਿਆਣਾ : ਸੂਬੇ ‘ਚ ਨਸ਼ਾ ਤਸ਼ਕਰਾ ਨੂੰ ਨੱਥ ਪਾਉਣ ਲਈ ਪੰਜਾਬ ਪੁਲੀਸ ਵੱਲੋਂ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ‘ਚ ਹੀ ਪੰਜਾਬ ਪੁਲੀਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਤੀ ਰਾਤ ਐੱਸ.ਟੀ.ਐੱਫ. ਦੀ ਪੁਲੀਸ ਟੀਮ ਨੇ ਇੱਕ ਸਾਂਝੇ ਅਭਿਆਨ ਦੌਰਾਨ ਲੁਧਿਆਣਾ ਦੇ ਫ਼ਿਰੋਜਪੁਰ ਰੋਡ ਆਰਤੀ ਚੌਕ ਦੇ ਨੇੜੇ ਇੱਕ ਆਈ ਟਵੰਟੀ ਕਾਰ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਲਾਸ਼ੀ ਦੌਰਾਨ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐੱਸ.ਟੀ.ਐੱਫ ਦੇ ਏ.ਆਈ.ਜੀ. (ਜਲੰਧਰ ਰੇਂਜ) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਰਾਤ ਵੇਲੇ ਐੱਸ.ਟੀ.ਐੱਫ. ਦੀ ਪੁਲੀਸ ਟੀਮ ਫਿਰੋਜ਼ਪੁਰ ਰੋਡ ‘ਤੇ ਪੈਂਦੇ ਆਰਤੀ ਚੌਕ ‘ਤੇ ਮੌਜੂਦ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਆਈ ਟਵੰਟੀ ਕਾਰ ‘ਚ ਸਵਾਰ ਹੋ ਕੁਝ ਵਿਅਕਤੀ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ। ਜਿਸ ਦੌਰਾਨ ਐੱਸ.ਟੀ.ਐੱਫ. ਦੀ ਟੀਮ ਨੇ ਐੱਸ.ਆਈ. ਸੁਰਿੰਦਰ ਸਿੰਘ ਦੀ ਮੌਜੂਦਗੀ ‘ਚ 4 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਵਿਚੋਂ ਇੱਕ ਦੋਸ਼ੀ ਜਗਰਾਉਂ ਨੇੜੇ ਪਿੰਡ ਲੱਪੋਂ ਦੇ ਰਿਸ਼ੀ ਆਸ਼ਰਮ ਨਿਰਮਲ ਕੁਟੀਆ ਦਾ ਗੱਦੀ ਨਸ਼ੀਨ ਅਤੇ ਡੇਰਾ ਮੁਖੀ ਹੈ। ਜਿਸ ਦਾ ਨਾਮ ਬਾਬਾ ਭਗਵਾਨ ਸਿੰਘ ਹੈਪੀ (34) ਦੱਸਿਆ ਗਿਆ ਹੈ। ਇਸ ਡੇਰੇ ਨਾਲ ਲੋਕਾਂ ਦੀ ਕਾਫੀ ਆਸਥਾ ਜੁੜੀ ਹੋਈ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਬਾਬੇ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ 5 ਹੋਰ ਡੇਰੇ ਵੀ ਹਨ। ਇਹ ਦੋਸ਼ੀ ਨਿਰਮਲ ਪੰਚਾਇਤ ਅਖਾੜੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਬਾਕੀ ਤਿੰਨ ਦੋਸ਼ੀਆਂ ਦੀ ਪਛਾਣ ਸ਼ਨੀ (33) ਪੁੱਤਰ ਚਰਨਜੀਤ ਸਿੰਘ ਵਾਸੀ ਰਾਜੂ ਕਾਲੋਨੀ, ਟਿੱਬਾ ਰੋਡ, ਗੌਰਵ ਕੁਮਾਰ (27) ਪੁੱਤਰ ਨਰਿੰਦਰ ਕੁਮਾਰ ਵਾਸੀ ਪ੍ਰੇਮ ਵਿਹਾਰ, ਟਿੱਬਾ ਰੋਡ ਅਤੇ ਧਮਿੰਦਰ ਸਿੰਘ (35) ਪੁੱਤਰ ਗੁਰਮੇਲ ਸਿੰਘ ਵਾਸੀ ਕਾਉਂਕੇ ਖੋਸੇ ਵਜੋਂ ਹੋਈ ਹੈ। ਐੱਸ.ਟੀ.ਐੱਫ. (ਮੋਹਾਲੀ) ਪੁਲੀਸ ਨੇ ਚਾਰਾ ਦੋਸ਼ੀਆਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।