Home / ਪੰਜਾਬ / ਬਾਦਲ ਤੇ ਪਟਿਆਲੇ ‘ਚ ਪੱਕੇ ਕਿਸਾਨ ਮੋਰਚਿਆਂ ‘ਚ ਦੂਜੇ ਦਿਨ ਇਕੱਠ ਹੋਰ ਵਧੇ

ਬਾਦਲ ਤੇ ਪਟਿਆਲੇ ‘ਚ ਪੱਕੇ ਕਿਸਾਨ ਮੋਰਚਿਆਂ ‘ਚ ਦੂਜੇ ਦਿਨ ਇਕੱਠ ਹੋਰ ਵਧੇ

ਚੰਡੀਗੜ੍ਹ: ਕਰੋਨਾ ਦੀ ਆੜ ਹੇਠ ਪਾਰਲੀਮੈਂਟ ‘ਚ ਬਹੁਗਿਣਤੀ ਦੇ ਜੋਰ ਕਿਸਾਨ ਮਾਰੂ ਖੇਤੀ ਕਾਨੂੰਨ ਮੜ੍ਹ ਰਹੀ ਕੇਂਦਰੀ ਭਾਜਪਾ ਅਕਾਲੀ ਹਕੂਮਤ ਵਿਰੁੱਧ ਅਤੇ ਚੋਣ ਵਾਅਦਿਆਂ ਤੋਂ ਭੱਜੀ ਖੜ੍ਹੀ ਪੰਜਾਬ ਦੀ ਕਾਂਗਰਸ ਹਕੂਮਤ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਕੱਲ੍ਹ ਤੋਂ ਬਾਦਲ ਪਿੰਡ ਅਤੇ ਪਟਿਆਲਾ ਪੁੱਡਾ ਗ੍ਰਾਊਂਡ ਵਿਖੇ ਸ਼ੁਰੂ ਕੀਤੇ ਛੇ ਰੋਜ਼ਾ ਪੱਕੇ ਮੋਰਚਿਆਂ ਵਿੱਚ ਖੁੱਲ੍ਹੇ ਅਸਮਾਨ ਥੱਲੇ ਰਾਤ ਗੁਜ਼ਾਰਨ ਮਗਰੋਂ ਅੱਜ ਦੂਜੇ ਦਿਨ ਹੋਰ ਵਧੇਰੇ ਔਰਤਾਂ ਅਤੇ ਨੌਜਵਾਨਾਂ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਪੁੱਜੇ। ਉਹਨਾਂ ਵੱਲੋਂ ਦੋਨਾਂ ਸਰਕਾਰਾਂ ਦੀ ਮੁਰਦਾਬਾਦ ਅਤੇ ਆਪਣੀਆਂ ਮੰਗਾਂ ਦੇ ਹੱਕ ‘ਚ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਤਿੱਖਾ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ।

ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸਨੋਟ ਵਿੱਚ ਇਹ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਅੱਜ ਬਾਦਲ ਅਤੇ ਪਟਿਆਲਾ ਮੋਰਚੇ ਵਿੱਚ ਉੱਘੇ ਲੋਕ ਪੱਖੀ ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾ ਜੀ ਦਾ 91ਵਾਂ ਜਨਮ ਦਿਨ ਧੂੰਮਧਾਮ ਨਾਲ ਮਨਾਇਆ ਗਿਆ। ਉਹਨਾਂ ਵੱਲੋਂ ਸਥਾਪਿਤ ਪਲਸ ਮੰਚ ਦੇ ਮੌਜੂਦਾ ਪ੍ਰਧਾਨ ਅਮੋਲਕ ਸਿੰਘ ਵੱਲੋਂ ਉਹਨਾਂ ਦੀ ਲੋਕ-ਪੱਖੀ ਲਹਿਰਾਂ ਦੀ ਉਸਾਰੀ ਲਈ ਤਾ-ਉਮਰ ਘਾਲਣਾ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਵੀ ਅਜਿਹੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੇ ਬਹੁਚਰਚਿਤ ਨਾਟਕ”ਇਹ ਲਹੂ ਕਿਸਦਾ ਹੈ” ਦਾ ਮੰਚ ਸੰਚਾਲਨ ਉੱਘੇ ਰੰਗਕਰਮੀ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਕੀਤਾ ਗਿਆ। ਜਗਸੀਰ ਜੀਦਾ ਦੀ ਸੰਗੀਤ ਮੰਡਲੀ ਵੱਲੋਂ ਗੀਤਾਂ ਰਾਹੀਂ ਭਾ ਜੀ ਦੀ ਅਨਮੋਲ ਸੱਭਿਆਚਾਰਕ ਦੇਣ ਦੀ ਜੈ ਜੈ ਕਾਰ ਕੀਤੀ ਗਈ। ਪ੍ਰੈਸਨੋਟ ‘ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰਾਂ ਦੇ ਅੜੀਅਲ ਤੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਮਜ਼ਦੂਰਾਂ ਦਾ ਠਾਠਾਂ ਮਾਰਦਾ ਰੋਹ ਕਿਸਾਨ ਮਾਰੂ ਕਾਨੂੰਨਾਂ ਨੂੰ ਜਨਤਕ ਤਾਕਤ ਰਾਹੀਂ ਮਸਲ ਸੁੱਟਣ ਵਾਲੇ “ਕਰੋ ਜਾਂ ਮਰੋ” ਸੰਘਰਸ਼ ਦੇ ਜ਼ੋਰਦਾਰ ਸੰਕੇਤ ਬਣ ਰਿਹਾ ਹੈ।

ਮੋਰਚਿਆਂ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਿੰਦਰ ਕੌਰ ਬਿੰਦੂ,ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਸਮੇਤ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਤੇ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਪਾਸ ਕਰਨ ਵਾਲੇ ਸੰਸਦ ਮੈਂਬਰਾਂ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਿਸਾਨ ਮਾਰੂ ਖੇਤੀ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ 2020 ਸਮੇਤ ਭੂਮੀ- ਅਧਿਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਰੱਦ ਕਰੋ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ‘ਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਦਰਮਿਆਨੀ ਕਿਸਾਨੀ ਦੇ ਮੌਤ ਦੇ ਵਰੰਟ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਇਹਨਾਂ ਨੂੰ ਹਰਗਿਜ਼ ਲਾਗੂ ਨਹੀਂ ਹੋਣ ਦੇਣਗੇ, ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈ ਜਾਣ।

ਉਹਨਾਂ ਵੱਲੋਂ ਹੋਰ ਭਖਦੇ ਮੁੱਦਿਆਂ ਉੱਤੇ ਜ਼ੋਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਸ਼ਾਂਤਮਈ ਹੱਕੀ ਸੰਘਰਸ਼ਾਂ ਸਮੇਤ ਲਿਖਣ ਬੋਲਣ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, ਗੰਭੀਰ ਰੋਗੀ ਤੇ ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ ਤੋਂ ਇਲਾਵਾ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜ੍ਹੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਓ। ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ ਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿਓ। ਆਦਮਖੋਰ ਨਸ਼ਾ- ਮਾਫੀਆ ਦੀ ਸਿਆਸੀ ਪ੍ਰਸ਼ਾਸਕੀ ਸਰਪ੍ਰਸਤੀ ਬੰਦ ਕਰੋ ਤੇ ਨਸ਼ਾ ਸਮਗਲਰਾਂ ਨੂੰ ਜੇਲ੍ਹੀਂ ਡੱਕੋ। ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕਰੋ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮ੍ਹਾਂ 50% ਫਾਰਮੂਲੇ ਮੁਤਾਬਕ ਮਿਥੋ ਤੇ ਪੂਰੀ ਖਰੀਦ ਦੀ ਗਰੰਟੀ ਕਰੋ। ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ।

ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ । ਬਠਿੰਡਾ ਸਰਕਾਰੀ ਥਰਮਲ ਬੰਦ ਕਰਨ ਤੇ ਢਾਹੁਣ ਦਾ ਫੈਸਲਾ ਰੱਦ ਕਰੋ। ਸਮੁੱਚੀਆਂ ਸਿਹਤ ਸੇਵਾਵਾਂ ਦਾ ਸਰਕਾਰੀਕਰਨ ਕਰਕੇ ਕਰੋਨਾ ਸਮੇਤ ਸਭ ਜਾਨਲੇਵਾ ਬੀਮਾਰੀਆਂ ਦੀ ਤਸੱਲੀਬਖਸ਼ ਰੋਕਥਾਮ ਦੇ ਪੁਖਤਾ ਪ੍ਰਬੰਧ ਕਰੋ ਜਿਹੜੇ ਕਿ ਸਮੂਹ ਗਰੀਬਾਂ ਲਈ ਮੁਫ਼ਤ ਹੋਣ। ਜਲ ਸਪਲਾਈ, ਬਿਜਲੀ ਤੇ ਹੋਰ ਸਾਰੇ ਜਨਤਕ ਅਦਾਰਿਆਂ ਦੇ ਨਿਜੀਕਰਨ ਪੰਚਾਇਤੀਕਰਨ ਦੀਆਂ ਸਾਮਰਾਜ ਪੱਖੀ ਨੀਤੀਆਂ ਰੱਦ ਕਰੋ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਦੇ ਪੱਖ ‘ਚ ਖੜ੍ਹੇ ਰਾਜਸੀ ਆਗੂਆਂ ਦਾ ਪਿੰਡਾਂ ਵਿੱਚ ਦਾਖਲਾ ਮੁਕੰਮਲ ਤੌਰ ‘ਤੇ ਬੰਦ ਕੀਤਾ ਜਾਵੇਗਾ। ਇਹਨਾਂ ਕਾਨੂੰਨਾਂ ਵਿਰੁੱਧ ਆਪੋ ਆਪਣੀ ਸੋਚ ਤੇ ਸਮਰੱਥਾ ਮੁਤਾਬਕ ਸੰਘਰਸ਼ਸ਼ੀਲ ਸਮੂਹ ਕਿਸਾਨ ਜਥੇਬੰਦੀਆਂ ਨਾਲ ਸੰਭਵ ਹੱਦ ਤੱਕ ਤਾਲਮੇਲ ਬਿਠਾਉਂਦਿਆਂ ਅਤੇ ਮੌਜੂਦਾ ਸੰਘਰਸ਼ ਨੂੰ ਹੋਰ ਪ੍ਰਚੰਡ ਕਰਦਿਆਂ ਅੰਤਿਮ ਜਿੱਤ ਤੱਕ ਲੜਿਆ ਜਾਵੇਗਾ।

Check Also

ਵੱਡੇ ਕਾਫਲੇ ਨਾਲ ਚੰਡੀਗੜ੍ਹ ਪਹੁੰਚੇ ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੱਡੇ ਕਾਫ਼ਲੇ ਨਾਲ ਚੰਡੀਗੜ੍ਹ ਬਾਰਡਰ ‘ਤੇ …

Leave a Reply

Your email address will not be published. Required fields are marked *