ਕੀ ਕਹਿੰਦਾ ਹੈ ਮੱਤੇਵਾੜਾ ਦੇ ਜੰਗਲ ਦਾ ਇਹ ਮੋਰ – ਸਰਕਾਰ ਦੀ ਧੱਕੇਸ਼ਾਹੀ

TeamGlobalPunjab
6 Min Read

-ਅਵਤਾਰ ਸਿੰਘ

ਲੁਧਿਆਣਾ ਨੇੜਲੇ ਪਿੰਡ ਮੱਤੇਵਾੜਾ ਕੋਲ ਤਜ਼ਵੀਜ਼ਤ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੇਖੋਵਾਲ ਦੀ ਪੰਚਾਇਤ ਨੇ ਮਤਾ ਪਾ ਕੇ 400 ਏਕੜ ਜ਼ਮੀਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪਰ ਪ੍ਰਸ਼ਾਸ਼ਨ ਹੁਣ ਧੱਕੇਸ਼ਾਹੀ ‘ਤੇ ਆ ਗਿਆ ਲੱਗਦਾ ਹੈ। ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਬਿਆਨ ਵੀ ਦੇ ਚੁੱਕੇ ਹਨ ਕਿ ਇਸ ਜੰਗਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।
ਪਰ ਹੁਣ ਉਹ ਵੀ ਉਦਯੋਗਪਤੀਆਂ ਦੇ ਦਬਾਅ ਹੇਠ ਆ ਗਏ ਲਗਦੇ ਹਨ ਕਿਉਂਕਿ 30 ਜੁਲਾਈ ਦੇਰ ਰਾਤ ਨੂੰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਦੀ ਸਰਪੰਚ ਅਮਰੀਕ ਕੌਰ ਨੂੰ ਜਬਰੀ ਨਾਲ ਲਿਜਾ ਕੇ ਕੂੰਮ ਕਲਾਂ ਤਹਿਸੀਲ ’ਚ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਪਿਛਲੇ ਦਿਨੀਂ ਲੁਧਿਆਣਾ ਦੇ ਇਕ ਵਾਤਾਵਰਨ ਪ੍ਰੇਮੀ ਰਣਜੋਧ ਸਿੰਘ ਨੇ ਮੱਤੇਵਾੜਾ ਦੇ ਜੰਗਲ ਦੀ ਸ਼ਾਨ ਬਣੇ ਪੰਛੀਆਂ ਅਤੇ ਜਾਨਵਰਾਂ ਬਾਰੇ ਇਕ ਇਬਾਰਤ ਭੇਜੀ ਜਿਸ ਨੂੰ ਪੜ੍ਹ ਕੇ ਹਰ ਇਕ ਦਾ ਦਿਲ ਪਸੀਜ ਜਾਂਦਾ ਹੈ ਕਿ ਜੰਗਲ ਤੋਂ ਕੰਕਰੀਟ ਵਿੱਚ ਬਦਲਣ ਤੋਂ ਬਾਅਦ ਇਨ੍ਹਾਂ ਪੰਖੇਰੂਆਂ ਤੇ ਬੇਜ਼ੁਬਾਨਾਂ ਦਾ ਕੀ ਬਣੇਗਾ।

ਪੜ੍ਹੋ ਕੌਮੀ ਪੰਛੀ ਮੋਰ ਦੀ ਅਪੀਲ:

- Advertisement -

-ਮੈਂ ਮੱਤੇਵਾੜਾ ਜੰਗਲ ਵਿੱਚ ਰਹਿੰਦਾ ਹਾਂ। ਮੇਰਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਸੇ ਜੰਗਲ ਵਿੱਚ ਪੈਦਾ ਹੋਇਆ ਹੈ ਅਤੇ ਅਸੀਂ ਇੱਥੇ ਬਹੁਤ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ। ਮੇਰੇ ਨਾਲ ਹੋਰ ਵੀ ਜਾਨਵਰ ਜਿਵੇਂ ਹਿਰਨ, ਬਾਰ੍ਹਾਂਸਿੰਗੇ , ਨੀਲ ਗਾਏ, ਕਈ ਤਰ੍ਹਾਂ ਦੇ ਪੰਛੀ, ਅਤੇ ਪਿੰਡਾਂ ਦੀਆਂ ਮੱਝਾਂ, ਗਾਂਈਆਂ ਵੀ ਸਾਡੇ ਨਾਲ ਬਹੁਤ ਪਿਆਰ ਨਾਲ ਰਹਿੰਦੀਆਂ ਹਨ। ਮੈਨੂੰ ਰਾਸ਼ਟਰ ਪੰਛੀ ਵੀ ਕਿਹਾ ਜਾਂਦਾ ਹੈ! ਸ਼ਾਇਦ ਤੁਸੀਂ ਸਾਨੂੰ ਜਾਨਵਰ ਸਮਝਦੇ ਹੋ ਪਰ ਅਸੀਂ ਇਨਸਾਨਾਂ ਨਾਲੋਂ ਚੰਗੇ ਹਾਂ। ਅਸੀਂ ਇੱਥੇ ਰਲ ਮਿਲ ਕੇ ਸੋਹਣੇ ਅਤੇ ਸੰਘਣੇ ਦਰਖਤਾਂ ਦੇ ਆਲੇ ਦੁਆਲੇ ਰਹਿੰਦੇ ਹਾਂ। ਅਸੀਂ ਇਸ ਜੰਗਲ ਵਿੱਚ, ਜੋ ਮਹਾਂ ਨਗਰ, ਲੁਧਿਆਣੇ ਤੋਂ ਥੋੜ੍ਹੀ ਹੀ ਦੂਰ ਹੈ, ਬਹੁਤ ਅਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਾਂ।

ਜੰਗਲਾਤ ਮਹਿਕਮੇ ਵਾਲੇ ਸਾਡਾ ਪੂਰਾ ਖਿਆਲ ਰੱਖਦੇ ਹਨ! ਪਰ ਹੁਣ ਉਡਦੀ ਉਡਦੀ ਖਬਰ ਮਿਲੀ ਹੈ ਕਿ ਸਾਡੇ ਨਾਲ ਹੀ ਧੂੰਆਂ ਛੱਡਣ ਵਾਲੀਆਂ ਫੈਕਟਰੀਆਂ ਲੱਗਣ ਲੱਗੀਆ ਹਨ। ਗੰਦਾ ਪਾਣੀ ਕਰਨ ਵਾਲੇ ਕਾਰਖਾਨੇ ਲੱਗਣ ਵਾਲੇ ਹਨ, ਸਾਨੂੰ ਬਹੁਤ ਚਿੰਤਾ ਹੋਣ ਲੱਗ ਪਈ ਹੈ ! ਸਾਡੇ ਲਈ ਤਾਂ ਇਹੀ ਛੋਟੀ ਜਿਹੀ ਜਗ੍ਹਾ ਬਚੀ ਸੀ। ਇਹ ਖਬਰ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਮੈਂ ਜੰਗਲ ਦੇ ਸਾਰੇ ਜੀਵਾਂ ਵਲੋਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਘਰ ਉੱਜੜਣ ਦੇ ਖਿਲਾਫ ਅਵਾਜ਼ ਉਠਾਓ! ਅਸੀਂ ਬੇਜਾਨ ਪਸ਼ੂ ਹਾਂ ਪਰ ਸਾਡੇ ਦਿਲ ਦੀ ਅਵਾਜ਼ ਜਰੂਰ ਸੁਣੋ। ਸਾਨੂੰ ਕਿਤੇ ਤਾਂ ਰਹਿਣ ਦਿਓ, ਪਹਿਲਾਂ ਹੀ ਸਾਡੀਆਂ ਥਾਵਾਂ ਤੇ ਕਬਜੇ ਹੋ ਚੁੱਕੇ ਹਨ! ਕਿਤੇ ਤਾਂ ਸਾਨੂੰ ਬਖਸ਼ ਦਿਓ। ਮੇਰੀ ਇਹ ਅਪੀਲ ਘਰ-ਘਰ ਪਹੁੰਚਾ ਦੇਣਾ। ਮੈਂ ਇੱਥੋਂ ਦਾ ਇੱਕ ਅਦਨਾ ਜਿਹਾ ਮੋਰ ਹਾਂ…

ਮੀਡੀਆ ਰਿਪੋਰਟਾਂ ਅਨੁਸਾਰ 30 ਜੁਲਾਈ ਦੀ ਸ਼ਾਮ ਨੂੰ ਕੂੰਮ ਕਲਾਂ ਪੁਲੀਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਗੱਡੀਆਂ ਵਿਚ ਪਿੰਡ ਸੇਖੋਵਾਲ ਪੁੱਜੇ। ਉਨ੍ਹਾਂ ਨੇ ਪਿੰਡ ਦੀ ਸਰਪੰਚ ਅਮਰੀਕ ਕੌਰ, ਸਾਬਕਾ ਸਰਪੰਚ ਧੀਰ ਸਿੰਘ ਅਤੇ ਪੰਚ ਖ਼ਜਾਨ ਨੂੰ 400 ਏਕੜ ਪੰਚਾਇਤੀ ਜ਼ਮੀਨ ਸਰਕਾਰ ਦੇ ਨਾਮ ਤਬਦੀਲ ਕਰਨ ਲਈ ਕੂੰਮ ਕਲਾਂ ਤਹਿਸੀਲ ਲੈ ਗਏ। ਧੱਕੇ ਨਾਲ ਦੇਰ ਰਾਤ ਰਜਿਸਟਰੀ ਕਰਵਾਉਣ ਲਈ ਤਹਿਸੀਲ ਦਫਤਰ ਖੋਲ੍ਹ ਦਿੱਤਾ ਗਿਆ। ਪਰ ਸਰਪੰਚ ਤੇ ਪੰਚਾਇਤ ਮੈਂਬਰ ਨੇ ਜ਼ਮੀਨ ਸਰਕਾਰ ਨੂੰ ਦੇਣ ਤੋਂ ਰਜਿਸਟਰੀ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੀ ਸੂਹ ਮਿਲਦੇ ਹੀ ਲੋਕ ਸੰਘਰਸ਼ ਕਮੇਟੀ, ਲੋਕ ਇਨਸਾਫ਼ ਪਾਰਟੀ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਹਿਸੀਲ ਦਫ਼ਤਰ ਅਤੇ ਥਾਣੇ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਰੋਹ ਨੂੰ ਦੇਖਦਿਆਂ ਮਹਿਲਾ ਸਰਪੰਚ ਨੂੰ ਛੱਡ ਦਿੱਤਾ ਗਿਆ ਤੇ ਦੇਰ ਰਾਤ ਰਜਿਸਟਰੀ ਕਰਵਾਉਣ ਲਈ ਖੋਲ੍ਹੀ ਤਹਿਸੀਲ ਬੰਦ ਕਰ ਦਿੱਤੀ ਗਈ। ਤਹਿਸੀਲ ਦਾ ਸਾਰਾ ਸਟਾਫ਼ ਵੀ ਖਿਸਕ ਗਿਆ। ਸਰਪੰਚ ਅਮਰੀਕ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਤਹਿਸੀਲ ਦਫ਼ਤਰ ਦੇ ਮੁਲਾਜ਼ਮ ਤੇ ਪੁਲੀਸ ਉਨ੍ਹਾਂ ਦੇ ਘਰ ਆਈ ਅਤੇ ਆਪਣੇ ਨਾਲ ਗੱਡੀ ’ਚ ਬਿਠਾ ਕੇ ਸਿੱਧਾ ਸਬ ਰਜਿਸਟਰਾਰ ਦਫ਼ਤਰ ਲੈ ਗਏ। ਜਦੋਂ ਉਥੇ ਲੋਕਾਂ ਨੇ ਹੰਗਾਮਾ ਕੀਤਾ ਤਾਂ ਉਹ ਉਨ੍ਹਾਂ ਨੂੰ ਲੈ ਕੇ ਉਥੋਂ ਚਲੇ ਗਏ। ਕੁਝ ਦੇਰ ਬਾਅਦ ਉਸ ਨੂੰ ਕੂੰਮ ਕਲਾਂ ਥਾਣੇ ਲਿਆਂਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਨ੍ਹੇਰੇ ’ਚ ਰੱਖ ਕੇ ਮਤਾ ਪਾਸ ਕਰਵਾਇਆ ਸੀ, ਜਿਸਨੂੰ ਪੰਚਾਇਤ ਨੇ ਬਾਅਦ ’ਚ ਰੱਦ ਕਰ ਦਿੱਤਾ ਸੀ।

ਉਧਰ ਥਾਣਾ ਕੂੰਮ ਕਲਾਂ ਦੇ ਮੁਖੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਨੂੰ ਉਸ ਦੇ ਘਰੋਂ ਜਬਰੀ ਨਹੀਂ ਲਿਆਂਦਾ ਗਿਆ ਸਗੋਂ ਉਸ ਦੀ ਰਜ਼ਾਮੰਦੀ ਤੇ ਸਤਿਕਾਰ ਨਾਲ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੂੰਮ ਕਲਾਂ ਤਹਿਸੀਲ ਦਫਤਰ ਲਿਆਂਦਾ ਗਿਆ ਸੀ।

- Advertisement -

ਸੰਘਰਸ਼ ਕਮੇਟੀ ਬਣਾਈ

ਤਿੰਨ ਪਿੰਡਾਂ ਸੇਲਕਿਆਣਾ, ਸਲੇਮਪੁਰ ਤੇ ਸੇਖੋਵਾਲ ਦੀਆਂ ਪੰਚਾਇਤੀ ਜ਼ਮੀਨਾਂ ਐਕੁਆਇਰ ਕਰਨ ਦੀ ਤਜਵੀਜ਼ ਹੈ। ਇਸ ਦਾ ਵਿਰੋਧ ਕਰਨ ਲਈ ਲੋਕਾਂ ਨੇ 9 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਵਿੱਚ ਸਾਬਕਾ ਸਰਪੰਚ ਸੇਖੋਵਾਲ ਧੀਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਕਸ਼ਮੀਰ ਸਿੰਘ, ਮੱਖਣ ਸਿੰਘ ਤੇ ਅਮਰ ਨਾਥ ਨੂੰ ਮੈਂਬਰ ਲਏ ਗਏ ਹਨ।

Share this Article
Leave a comment