Breaking News

ਬੰਦਿਆਂ ਤੋਂ ਤਾਂ ਨਹੀਂ ਹੋਏ, ਡੰਗਰਾਂ ਨੇ ਇਕੱਠੇ ਕਰਤੇ, ਭਗਵੰਤ ਮਾਨ ਤੇ ਸੁਖਪਾਲ ਖਹਿਰਾ।

ਮਾਨਸਾ: ਪੰਜਾਬ ‘ਚ ਆਵਾਰਾ ਪਸ਼ੂਆਂ ਦਾ ਕਹਿਰ ਆਮ ਦੇਖਣ ਨੂੰ ਮਿਲਦਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਕਾਲੇ ਤੇ ਚਿੱਟੇ ਅਵਾਰਾ ਪਸ਼ੂ ਗਲੀਆਂ ਬਜ਼ਾਰਾਂ ਤੇੇ ਸੜਕਾਂ ‘ਤੇ ਘੁੰਮਦੇ ਤੁਹਾਨੂੰ ਆਮ ਦਿਖਾਈ ਦੇ ਜਾਣਗੇ। ਪਰ ਇਸ ਦੇ ਬਾਵਜੂਦ ਹਾਲਾਤ ਇਹ ਹਨ ਕਿ ਨਿੱਤ ਦਿਹਾੜੇ ਇੰਨ੍ਹਾਂ ਪਸ਼ੂਆਂ ਨਾਲ ਹੋ ਰਹੀਆਂ ਮੌਤਾਂ ਲੋਕਾਂ ਦੇ ਘਰਾਂ ‘ਚ ਕੁਰਲਾਹਟ ਮਚਾ ਰਹੀਆਂ ਹਨ, ਪਰ ਸਰਕਾਰਾਂ ਚੁੱਪ ਜ਼ਰੂਰ ਨੇ।ਹੁਣ ਤੱਕ ਸਰਕਾਰ ਵਲੋਂ ਲੋਕਾਂ ਕੋਲੋਂ ਗਊ ਸੈੱਸ ਦੇ ਨਾਂਅ ‘ਤੇ ਕਰੋੜਾਂ ਅਰਬਾਂ ਰੁਪਏ ਤਾਂ ਇਕੱਠੇ ਕੀਤੇ ਜਾ ਰਹੇ ਹਨ, ਪਰ ਇਹਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਦੇ ਨਾਂਅ ‘ਤੇ ਕੀਤੇ ਜਾਂਦੇ ਹਰ ਤਰ੍ਹਾਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ।ਹੁਣ ਇਸ ਸਭ ਦੇ ਚਲਦਿਆਂ ਜਦੋਂ ਪਿਛਲੇ ਇੱਕ ਮਹੀਨੇ ਦੌਰਾਨ ਪਟਿਆਲਾ ‘ਚ 8 ਸੰਗਰੂਰ ‘ਚ 5 ਤੇ ਮਾਨਸਾ ‘ਚ ਵੀ 5 ਲੋਕਾਂ ਨੂੰ ਇਹਨਾਂ ਜਾਨਵਾਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇੱਕ ਆਸ ਦੀ ਕਿਰਨ ਓਦੋਂ ਨਜ਼ਰ ਆਈ ਜਦੋਂ ਸੂਬੇ ਦੀਆਂ 3 ਮੁੱਖ ਵਿਰੋਧੀ ਪਾਰਟੀਆਂ ਇੱਕ ਪਲੇਟਫਾਰਮ ‘ਤੇ ਇਕੱਠੀਆਂ ਹੋ ਗਈਆਂ। ਤੇ ਇਹਨਾ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨ ਦਾ ਇਹ ਕੰਮ ਕੀਤਾ ਹੈ ਮਾਨਸਾ ‘ਚ ਭੁੱਖ ਹੜਤਾਲ ‘ਤੇ ਬੈਠੇ ਉਨ੍ਹਾਂ ਲੋਕਾਂ ਨੇ, ਜਿਹੜੇ ਆਵਾਰਾ ਜਾਨਵਰਾਂ ਖਿਲਾਫ ਵਿੱਢੇ ਸੰਘਰਸ਼ ਦੌਰਾਨ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ।ਇੱਕ ਪਲੇਟਫਾਰਮ ‘ਤੇ ਇਕੱਠੇ ਹੋਏ ਇਹਨਾ ਸਿਆਸਤਦਾਨਾਂ ਨੇ ਸ਼ੁਰੂਆਤ ਕੀਤੀ ਹੈ ਕੈਂਡਲ ਮਾਰਚ ਤੋਂ, ਜਿੰਨ੍ਹਾਂ ਦੇ ਹੱਥ ‘ਚ ਮੋਮਬੱਤੀਆਂ ਤਾਂ ਭਾਵੇਂ ਛੋਟੀਆਂ-ਛੋਟੀਆਂ ਸਨ, ਪਰ ਉਨ੍ਹਾਂ ਦੀ ਜਗਦੀ ਲੋਅ, ਉਨ੍ਹਾਂ ਪੀੜਤਾਂ ਨੂੰ ਇਹ ਸੁਨੇਹਾ ਦੇ ਰਹੀ ਸੀ, ਕਿ,’ਘਬਰਾਓ ਨਾ! ਹੁਣ ਇਨਸਾਫ ਮਿਲਣ ਦੀ ਸਵੇਰ ਹੋਣ ਵਾਲੀ ਹੈ।

ਇਕੱਠੀਆਂ ਹੋਈਆਂ ਇੰਨ੍ਹਾਂ ਪਾਰਟੀਆਂ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਏਕਤਾ ਪਾਰਟੀ ਤੋਂ ਇਲਾਵਾ ਕਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਸਨ। ਜਿੰਨ੍ਹਾਂ ‘ਚ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਸੁਨਾਮ ਹਲਕਾ ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ, ਸੁਖਪਾਲ ਸਿੰਘ ਖਹਿਰਾ ਸਣੇ ਨਵੇਂ ਨਵੇਂ ਕਾਂਗਰਸੀ ਤੋਂ ਅਕਾਲੀ ਬਣੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਦੇ ਨਾਂਅ ਪ੍ਰਮੁੱਖ ਹਨ। ਇਹਨ੍ਹਾਂ ਆਗੂਆਂ ਨੇ ਕਈ ਦਿਨਾਂ ਤੋਂ ਬੈਠੇ ਭੁੱਖ ਹੜਤਾਲ ‘ਤੇ ਲੋਕਾਂ ਨਾਲ ਗੱਲਬਾਤ ਕਰ ਸਰਕਾਰ ਅੱਗੇ ਇਹਨ੍ਹਾਂ ਦੀਆਂ ਮੰਗਾਂ ਨੂੰ ਰੱਖਣ ਦੀ ਗੱਲ ਆਖੀ।ਇਸ ਮੌਕੇ ਇੰਨ੍ਹਾਂ ਆਗੂਆਂ ਨੇ ਅਵਾਰਾ ਪਸ਼ੂਆਂ ਵਲੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਸਲਾ ਬੇਹੱਦ ਗੰਭੀਰ ਹੈ, ਤੇ ਹੱਲ ਕਿਤੇ ਨਿੱਕਲਦਾ ਹੀ ਨਜ਼ਰ ਨਹੀਂ ਆ ਰਿਹਾ । ਲਿਹਾਜ਼ਾ ਆਉਣ ਵਾਲੇ ਦਿਨਾਂ ‘ਚ ਉਹ ਇਸ ਮਸਲੇ ਨੂੰ ਭਾਰਤੀ ਸੰਸਦ ‘ਚ ਵੀ ਚੁੱਕਣਗੇ। ਇਸੇ ਤਰ੍ਹਾਂ ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਵੱਖ ਵੱਖ ਨਸਲਾਂ ਦੇ ਅਵਾਰਾਂ ਪਸ਼ੂ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਤੇ ਇੰਨ੍ਹਾਂ ਵਿੱਚੋਂ ਹਿੰਦੂ ਧਰਮ ਦੀ ਆਸਥਾ ਨਾਲ ਜੁੜੇ ਜਾਨਵਰਾਂ ਦੀ ਪਹਿਚਾਣ ਕਰਕੇ ਬਾਕੀਆਂ ਨੂੰ ਬੁੱਚੜਖਾਨਿਆਂ ‘ਚ ਭੇਜਣਾ ਹੀ ਮੁਨਾਸਿਫ ਹੋਵੇਗਾ।

ਇਸ ਮੌਕੇ ਜਿੱਥੇ ਅਕਾਲੀ ਦਲ ਦੇ ਆਗੂ ਜਗਮੀਤ ਬਰਾੜ ਨੇ ਕਿਹਾ ਕਿ ਸਰਕਾਰ ਨੂੰ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਉੱਥੇ, ਸੁਖਪਾਲ ਖਹਿਰਾ ਨੇ ਵੀ ਅਵਾਰਾ ਪਸ਼ੂਆਂ ਦੇ ਮਾਮਲੇ ‘ਚ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ, ਤੇ ਕਿਹਾ ਇਸ ਮਾਮਲੇ ਚ ਸਰਕਾਰਾਂ ਨੂੰ ਗੰਭੀਰ ਹੋਣ ਦੀ ਲੋੜ ਹੈ।

ਪੰਜਾਬ ਦੇ 22 ਜ਼ਿਲ੍ਹੇ, ਤੇ ਇੰਨ੍ਹਾਂ 22 ਜ਼ਿਲ੍ਹਿਆਂ ‘ਚ ਪੈਂਦੀਆਂ ਸੈਂਕੜੇ ਗਊਸ਼ਾਲਾਵਾਂ, ਜਿੰਨ੍ਹਾਂ ਲਈ ਪੈਟਰੋਲ ਬਿਜਲੀ ਦੇ ਬਿਲ, ਸ਼ਰਾਬ, ਮੈਰਿਜ ਪੈਲਿਸ, ਨਵੀਂਆਂ ਗੱਡੀਆਂ ਦੀ ਖ੍ਰੀਦ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਮੌਕੇ ਹੁੰਦੇ ਨੇ ਜਦੋਂ ਸਰਕਾਰ ਤੁਹਾਡੇ ਕੋਲੋ ਗਊ ਸੈੱਸ ਦੇ ਨਾਂਅ ‘ਤੇ ਹਜਾਰਾਂ ਰੁਪਏ ਫੁੰਡ ਲੈਂਦੀ ਹੈ। ਪਰ ਇਸ ਦੇ ਬਾਵਜੂਦ ਆਮ ਜਨਤਾ ਨੂੰ ਮਿਲਦੀ ਹੈ ਮੌਤ। ਜੋ ਇਹ ਸਵਾਲ ਪੈਦਾ ਕਰਦੀ ਹੈ ਕਿ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਪੈਸੇ ਦੇ ਕੇ ਲੋਕ ਆਪਣੀਆਂ ਜਾਨਾਂ ਗਵਾਉਣ। ਇਹ ਕਿੱਥੋਂ ਦਾ ਅਸੂਲ ਹੈ ਕਿ ਸੱਤਾ ਦਾ ਸੁੱਖ ਤਾਂ ਸਿਆਸਤਦਾਨ ਭੋਗਣ, ਤੇ ਸਰਕਾਰ ਵਲੋਂ ਲੋਕਾਂ ਤੋਂ ਵਿਕਾਸ ਦੇ ਨਾਂਅ ‘ਤੇ ਇਕੱਠੀ ਕੀਤੀ ਗਈ ਆਮ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਮੁਫਤ ਸਹੂਲਤਾਂ ਦੇ ਨਾਂਅ ‘ਤੇ ਉਡਾ ਦਿੱਤਾ ਜਾਵੇ। ਪਰ ਕੌਣ ਪੁੱਛਦਾ ਹੈ ਜਨਾਬ? ਇੱਥੇ ਤਾਂ ਲੋਕ ਟੈਕਸ ਵੀ ਦਈ ਜਾਂਦੇ ਨੇ, ਤੇ ਜੁੱਤੀਆਂ ਵੀ ਖਾਈ ਜਾਂਦੇ ਨੇ, ਇਹ ਪ੍ਰਜਾ ਬੇਨਤੀ ਕਰਦੀ ਹੈ ਤਾਂ ਬੱਸ ਸਿਰਫ ਇੰਨੀ, ਕਿ ਰਾਜਾ ਜੀ, ਕੁਝ ਬੰਦੇ ਹੋਰ ਰੱਖ ਲਓ ਸਾਨੂੰ ਜੁੱਤੀਆਂ ਮਾਰਨ ਲ਼ਈ, ਕਿਉਕਿ ਜੁੱਤੀਆਂ ਖਾਣ ਲੱਗਿਆਂ ਸਾਡਾ ਸਮਾਂ ਬਹੁਤ ਬਰਬਾਦ ਹੁੰਦੈ,ਜਿਹੜਾ ਬੇਹੱਦ ਦੁੱਖ ਦਿੰਦੈ। 

Check Also

ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੇ 11 ਸਮਰਥਕਾਂ ਨੂੰ ਬਾਬਾ ਬਕਾਲਾ ਕੋਰਟ ‘ਚ ਕੀਤਾ ਪੇਸ਼

ਜਲੰਧਰ :  ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ 11 ਸਮਰਥਕਾਂ ਨੂੰ  ਅੱਜ …

Leave a Reply

Your email address will not be published. Required fields are marked *