Home / Health & Fitness / ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਉਸ ਤੋਂ ਬਚਾਅ

ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਉਸ ਤੋਂ ਬਚਾਅ

-ਸੰਜੀਵ ਕੁਮਾਰ ਸ਼ਰਮਾ

ਸਾਲ 2019 ਦੇ ਅੰਤ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਅੱਜ ਦੁਨੀਆਂ ਦੇ ਤਕਰੀਬਨ 125 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਦੋਂ ਤੱਕ ਇਹ ਲੇਖ ਤੁਹਾਡੇ ਰੂ-ਬ-ਰੂ ਹੋਵੇਗਾ, ਇਹ ਵਾਇਰਸ ਆਪਣੀ ਜਕੜ ਵਿੱਚ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਲੈ ਚੁੱਕਾ ਹੋਵੇਗਾ, ਜਿਨ੍ਹਾਂ ਚੋਂ 6,000 ਤੋਂ ਵੱਧ ਦੀ ਮੌਤ ਵੀ ਹੋ ਚੁੱਕੀ ਹੋਵੇਗੀ। ਇਸ ਬਿਮਾਰੀ ਦਾ ਡਰ ਲੋਕਾਂ, ਵਿਸ਼ੇਸ਼ ਕਰ ਕੇ ਯੂਰਪ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਕੈਨੇਡਾ, ਆਦਿ ਵਿੱਚ ਇਸ ਕਦਰ ਘਰ ਕਰ ਚੁਕਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ ਕਈ-ਕਈ ਮਹੀਨਿਆਂ ਲਈ ਰਾਸ਼ਨ, ਟਾਇਲਟ ਪੇਪਰ, ਸਾਬਣ, ਸ਼ੈਂਪੂ, ਸ਼ਿੰਗਾਰ ਦਾ ਸਮਾਨ, ਡੱਬਾ-ਬੰਦ ਭੋਜਨ, ਬੋਤਲ-ਬੰਦ ਪਾਣੀ, ਹੱਥ ਸਾਫ ਕਰਣ ਲਈ ਸੈਨੇਟਾਇਜ਼ਰ, ਫੇਸ ਮਾਸਕ, ਆਦਿ ਇਕੱਠਾ ਕਰ ਰਹੇ ਹਨ। ਇਕੱਠੇ ਕੀਤੇ ਸਮਾਨ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਸ਼ਾਇਦ ਜਿਸ ਵੇਲੇ ਉਸ ਸਮਾਨ ਨੂੰ ਵਰਤਣ ਦੀ ਲੋੜ ਪਵੇ, ਉਹ ਸਮਾਨ ਵਰਤਣ ਯੋਗ ਹੀ ਨਾ ਰਹੇ। ਪਰੰਤੂ ਘਭਰਾਹਟ ਦੇ ਮਾਰੇ ਲੋਕ ਇਹ ਸਭ ਕੁਝ ਸੋਚ ਹੀ ਨਹੀਂ ਪਾ ਰਹੇ। ਸ਼ਾਪਿੰਗ ਮਾਲ, ਕਰਿਆਨੇ ਦੀਆਂ ਦੁਕਾਨਾਂ, ਵੱਡੇ ਸਟੋਰ ਆਦਿ ਦੀਆਂ ਸ਼ੈਲਫ਼ਾਂ ਖਾਲੀ ਪਈਆਂ ਹਨ। ਦਹਿਸ਼ਤ ਦਾ ਆਲਮ ਇਹ ਹੈ ਕਿ ਵੱਧ ਤੋਂ ਵੱਧ ਸਮਾਨ ਇਕੱਠਾ ਕਰਨ ਦੀ ਹੋੜ ਵਿੱਚ ਲੋਕ ਆਪਸ ਵਿੱਚ ਲੜ ਰਹੇ ਹਨ।

ਕੋਰੋਨਾ ਵਾਇਰਸ ਕੋਈ ਨਵਾਂ ਵਾਇਰਸ ਨਹੀਂ ਹੈ, ਬਲਕਿ ਕੋਰੋਨਾ ਪਰਿਵਾਰ ਦਾ ਹੀ ਇੱਕ ਮੈਂਬਰ ਹੈ, ਜਿਸ ਦਾ ਪਤਾ ਪਹਿਲੀ ਵਾਰ 1960 ਦੇ ਦਸ਼ਕ ਵਿੱਚ ਲੱਗਾ ਸੀ। 2003 ਵਿੱਚ ਆਇਆ ਸਾਰਸ ਵਾਇਰਸ (SARS) ਅਤੇ 2012 ਵਿੱਚ ਆਇਆ ਮਰਸ (MERS) ਇਸੇ ਹੀ ਪਰਿਵਾਰ ਦੇ ਮੈਂਬਰ ਹਨ। ਇਸ ਵਾਇਰਸ ਦਾ ਨਾਮ ਇਸ ਦੇ Crown (ਮੁਕਟ) ਵਰਗੇ ਤਿੱਖੇ ਆਕਾਰ ਦੇ ਕਾਰਣ ਹੈ। ਮੌਜੂਦਾ ਵਾਇਰਸ ਦਾ ਨਾਮ Corona Virus Disease 2019 ਤੋਂ CoViD-19 ਪਿਆ ਹੈ। ਇਹ ਵਾਇਰਸ ਜੰਗਲੀ ਜਾਨਵਰਾਂ ਅਤੇ ਪੰਛੀਆਂ ਤੋਂ ਮਨੁੱਖ ਵਿੱਚ ਫੈਲਦਾ ਹੈ ਜਿਸ ਦੇ ਅਸਰ ਨਾਲ ਬੁਖਾਰ, ਜ਼ੁਕਾਮ, ਸੁੱਕੀ ਖਾਂਸੀ, ਸਾਹ ਲੈਣ ਵਿੱਚ ਤਕਲੀਫ਼, ਨੱਕ ਵਗਣਾ, ਗਲੇ ਵਿੱਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਨਿਮੋਨਿਆ ਵਰਗੀ ਬਿਮਾਰੀ ਦਾ ਕਾਰਣ ਬਣ ਸਕਦਾ ਹੈ।

ਇਸ ਵਾਇਰਸ ਦਾ ਪਸਾਰ ਏਨਾ ਵੱਧ ਗਿਆ ਹੈ ਕਿ WHO ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਇਸ ਵਾਇਰਸ ਦਾ ਪ੍ਰਕੋਪ ਇਸ ਸਮੇਂ ਚੀਨ, ਇਟਲੀ, ਇਰਾਨ, ਦੱਖਣੀ ਕੋਰੀਆ, ਸਪੇਨ, ਜਰਮਨੀ, ਫਰਾਂਸ, ਅਮਰੀਕਾ, ਇੰਗਲੈਂਡ ਅਤੇ ਭਾਰਤ ਸਮੇਤ ਅਨੇਕਾਂ ਹੀ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਆਮ ਲੋਕਾਂ ਤੋਂ ਇਲਾਵਾ ਸੰਸਾਰ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਇਸਦਾ ਸ਼ਿਕਾਰ ਹੋ ਗਈਆਂ ਹਨ ਜਿਵੇਂ ਕਿ ਆਸਕਰ ਵਿਜੇਤਾ ਐਕਟਰ ਟਾਮ ਹੈਂਕਸ ਅਤੇ ਉਸ ਦੀ ਪਤਨੀ ਰੀਟਾ ਵਿਲਸਨ, ਆਸਟ੍ਰੇਲਿਅਨ ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡੁੱਟੋਨ, ਕੈਨੇਡਿਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੋਆਰ ਟਰੂਡੋ, ਇਟਲੀ ਦਾ ਨੈਸ਼ਨਲ ਫੁਟਬਾਲ ਖਿਡਾਰੀ, ਇਰਾਨ ਦਾ ਉਦਯੋਗ ਮਾਮਲਿਆਂ ਦਾ ਮੰਤਰੀ, ਬ੍ਰਿਟੇਨ ਦਾ ਸਿਹਤ ਮਾਮਲਿਆਂ ਦਾ ਮੰਤਰੀ, ਫ਼੍ਰਾਂਸ ਦਾ ਸੰਸਕ੍ਰਿਤੀ ਮਾਮਲਿਆਂ ਦਾ ਮੰਤਰੀ, ਆਦਿ। ਇਸ ਵਾਇਰਸ ਦੇ ਫੈਲਣ ਦੇ ਮੁੱਖ ਕਾਰਣ ਹੇਠ ਲਿਖੇ ਹਨ:

• ਬਿਮਾਰ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਕਾਰਣ

• ਬਿਮਾਰ ਵਿਅਕਤੀ ਨੂੰ ਛੂਹਣ ਜਾਂ ਉਸ ਨਾਲ ਹੱਥ ਮਿਲਾਉਣ ਦੇ ਕਾਰਣ

• ਕਿਸੇ ਵੀ ਵਸਤੂ ਜਾਂ ਸਤਹ ਨੂੰ ਛੂਹਣ ਨਾਲ ਜਿਸ ’ਤੇ ਪਹਿਲਾਂ ਤੋਂ ਹੀ ਵਾਇਰਸ ਹੋਵੇ, ਅਤੇ ਫੇਰ ਆਪਣੇ, ਮੂੰਹ, ਨੱਕ ਜਾਂ ਅੱਖਾਂ ਨੂੰ ਹੱਥ ਧੋਤੇ ਬਿਨਾਂ ਛੂਹਣਾ।

ਇਸੇ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਦੇਸ਼ ਅੰਦਰ ਦਾਖਿਲ ਹੋਣ ਵਾਲੇ ਯਾਤਰੀਆਂ ’ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਹਨ, ਵਿਸ਼ੇਸ਼ ਕਰ ਕੇ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ’ਤੇ ਜਿਥੇ ਇਸ ਬਿਮਾਰੀ ਦਾ ਪ੍ਰਕੋਪ ਸਭ ਤੋਂ ਵੱਧ ਫੈਲਿਆ ਹੋਇਆ ਹੈ। ਇਸ ਦੇ ਪਸਾਰ ’ਤੇ ਨਿਯੰਤਰਣ ਦੇ ਲਈ ਕਈ ਦੇਸ਼ਾਂ/ਸ਼ਹਿਰਾਂ ਵਿੱਚ ਸਕੂਲ, ਕਾਲਜ, ਸਿਨੇਮਾ, ਪੱਬ ਆਦਿ ਬੰਦ ਕਰ ਦਿੱਤੇ ਗਏ ਹਨ। ਜਨਤਕ ਥਾਵਾਂ, ਜਨਤਕ ਟ੍ਰਾਂਸਪੋਰਟ, ਆਦਿ ਨੂੰ ਇਨਫ਼ੈਕਸ਼ਨ ਤੋਂ ਬਚਾਓ ਲਈ ਦਵਾਈਆਂ ਦੇ ਛਿੜਕਾਓ ਨਾਲ ਰੋਗਾਣੂ-ਮੁਕਤ ਕੀਤਾ ਜਾ ਰਿਹਾ ਹੈ।

ਹਾਲਾਂਕਿ ਇਸ ਬਿਮਾਰੀ ਤੋਂ ਬਚਾਅ ਲਈ ਅਜੇ ਤੱਕ ਕੋਈ ਦਵਾਈ ਮੌਜੂਦ ਨਹੀਂ ਹੈ, ਪਰੰਤੂ ਹੇਠ ਲਿਖੇ ਉਪਾਅ ਅਪਣਾ ਕੇ ਨਾ ਸਿਰਫ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ, ਬਲਕਿ ਇਸ ਦੇ ਪਸਾਰ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ:

• ਮਿਲਣ ਵੇਲੇ ਹੱਥ ਮਿਲਾਉਣ ਜਾਂ ਜੱਫੀ ਪਾਉਣ ਤੋਂ ਬਚੋ। ਭਾਰਤੀ ਤਰੀਕੇ ਅਨੁਸਾਰ ਹੱਥ ਜੋੜ ਕੇ ਨਮਸਤੇ ਕਰੋ।

• ਹਮੇਸ਼ਾ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ। ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾਂ ਵੀ ਚੰਗੀ ਤਰ੍ਹਾਂ ਹੱਥ ਧੋਵੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਬਿਨਾਂ ਹੱਥ ਧੋਤੇ ਨਾ ਛੂਹੋ।

• ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਅਤੇ ਨੱਕ ਦੇ ਅੱਗੇ ਰੁਮਾਲ ਜਾਂ ਟਿਸ਼ੂ ਪੇਪਰ ਰੱਖੋ। ਟਿਸ਼ੂ ਪੇਪਰ ਨੂੰ ਕੂੜੇਦਾਨ ਵਿੱਚ ਸੁੱਟ ਦਿਓ। ਜੇਕਰ ਰੁਮਾਲ ਵਰਤਦੇ ਹੋ ਤਾਂ ਉਸ ਨੂੰ ਧੋਣ ਲਈ ਰੱਖ ਦਿਓ। ਜੇਕਰ ਰੁਮਾਲ ਜਾਂ ਟਿਸ਼ੂ ਪੇਪਰ ਨਹੀਂ ਹੈ ਤਾਂ ਕੂਹਣੀ ਸਾਹਮਣੇ ਕਰ ਕੇ ਖੰਘੋ ਜਾਂ ਛਿੱਕੋ, ਹੱਥਾਂ ਤੇ ਨਹੀਂ। ਖੰਘਣ ਜਾਂ ਛਿੱਕਣ ਤੋਂ ਬਾਅਦ ਆਪਣੇ ਹੱਥ ਧੋ ਲਵੋ। ਜੇਕਰ ਕੋਈ ਵਿਅਕਤੀ ਖੰਘ ਜਾਂ ਛਿੱਕ ਰਿਹਾ ਹੋਵੇ ਤਾਂ ਉਸ ਤੋਂ ਘੱਟੋ-ਘੱਟ 3-6 ਫੁੱਟ ਦੀ ਦੂਰੀ ਰੱਖੋ।

• ਬਿਮਾਰ ਵਿਅਕਤੀ ਨਾਲ ਆਪਣਾ ਪਾਣੀ, ਭੋਜਨ, ਬਰਤਨ, ਆਦਿ ਨਾ ਵੰਡੋ।

• ਬਿਮਾਰ ਵਿਅਕਤੀ ਤੋਂ ਜਿੰਨਾ ਪਰ੍ਹੇ ਰਹਿ ਸਕੋ, ਰਹੋ। ਜੇਕਰ ਤੁਹਾਨੂੰ ਸਰਦੀ, ਜ਼ੁਕਾਮ ਜਾਂ ਫਲੂ ਹੈ, ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਰਿਹਾ ਜਾਵੇ। ਇਸ ਨਾਲ ਨਾ ਸਿਰਫ ਦੂਜੇ ਲੋਕ ਬਚੇ ਰਹਿਣਗੇ, ਸਗੋਂ ਤੁਸੀਂ ਵੀ ਛੇਤੀ ਠੀਕ ਹੋ ਜਾਵੋਗੇ। ਭੀੜ ਵਿੱਚ ਜਾਣ ਤੋਂ ਬਚੋ। ਜੇਕਰ ਮਾਸਕ ਪਾਉਣਾ ਪਵੇ, ਤਾਂ ਅਜਿਹਾ ਮਾਸਕ ਪਾਓ, ਜਿਹੜਾ ਤੁਹਾਡੇ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਸਕੇ।

• ਖੂਬ ਪਾਣੀ ਪੀਓ। ਦਿਨ ਵਿੱਚ ਕਈ ਵਾਰ ਹਲਕਾ ਨਿੰਬੂ ਅਤੇ ਸ਼ਹਿਦ ਦਾ ਸ਼ਰਬਤ ਬਣਾ ਕੇ ਪੀਓ। ਇਹ ਨਾ ਕੇਵਲ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰੇਗਾ, ਬਲਕਿ ਕਫ਼ ਦਾ ਨਾਸ਼ ਵੀ ਕਰੇਗਾ।

• ਸਾਫ-ਸੁਥਰਾ, ਘਰ ਦਾ ਬਣਿਆ, ਸੰਤੁਲਿਤ ਭੋਜਨ ਕਰੋ। ਸਬਜ਼ੀਆਂ, ਫਲਾਂ, ਸਾਬਤ ਦਾਲਾਂ, ਅਨਾਜ ਅਤੇ ਚਰਬੀ ਰਹਿਤ ਪ੍ਰੋਟੀਨ ਦੀ ਵਰਤੋਂ ਕਰੋ। ਬਲਗਮ ਬਣਾਉਣ ਵਾਲੇ ਭੋਜਨ ਜਿਵੇਂ ਕਿ ਦੁੱਧ, ਕੇਲਾ, ਦਹੀਂ, ਪਨੀਰ, ਬ੍ਰੈਡ, ਆਦਿ ਦੀ ਵਰਤੋਂ ਘੱਟ ਤੋਂ ਘੱਟ ਕਰੋ। ਡੱਬਾ-ਬੰਦ ਭੋਜਨ, ਵਿਸ਼ੇਸ਼ ਤੌਰ ’ਤੇ ਜਿਸ ਵਿੱਚ ਨਮਕ ਅਤੇ ਮਿੱਠਾ ਭਰਪੂਰ ਮਾਤਰਾ ਵਿੱਚ ਹੋਣ, ਖਾਣ ਤੋਂ ਬਚੋ।

• ਲਸਣ, ਅਦਰਕ, ਪਿਆਜ਼, ਅਜਵਾਇਣ, ਨਿਆਜ਼ ਬੋ, ਤੁਲਸੀ, ਆਦਿ ਐਂਟੀ-ਮਾਈਕ੍ਰੋਬਿਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਭੋਜਨ ਅਤੇ ਚਾਹ ਆਦਿ ਵਿੱਚ ਕਰੋ। ਹਲਦੀ, ਗਲੋਅ, ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀਂਦੇ ਰਹੋ।

• ਉਚਿਤ ਮਾਤਰਾ ਵਿੱਚ ਨੀਂਦ ਲਵੋ, ਵਿਸ਼ੇਸ਼ ਤੌਰ ’ਤੇ ਜਦੋਂ ਸਰਦੀ ਜਾਂ ਫਲੂ ਦੇ ਲੱਛਣ ਦਿਸ ਰਹੇ ਹੋਣ।

• ਤਣਾਅ-ਮੁਕਤ ਰਹੋ। ਹਲਕੀ ਕਸਰਤ, ਯੋਗਾ ਅਤੇ ਪ੍ਰਾਣਾਯਾਮ ਕਰੋ। ਇਹ ਨਾ ਸਿਰਫ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਗੇ, ਬਲਕਿ ਸੰਪੂਰਨ ਸਿਹਤ ਨੂੰ ਵੀ ਚੰਗਾ ਕਰਣਗੇ।

• ਸਿਗਰਟ ਪੀਣ ਤੋਂ ਪ੍ਰਹੇਜ਼ ਕਰੋ। ਸਿਗਰਟ ਜਾਂ ਹੋਰ ਕਿਸੇ ਵੀ ਕਿਸਮ ਦਾ ਧੂੰਆਂ ਸਾਹ ਦੀ ਤਕਲੀਫ਼ ਨੂੰ ਵਧਾ ਸਕਦਾ ਹੈ।

ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲੀ ਹੈ, ਪਰੰਤੂ ਇਸ ’ਤੇ ਕਾਬੂ ਪਾਉਣ ਵਿੱਚ ਇੱਕ ਵੱਡੀ ਰੁਕਾਵਟ ਇਸ ਬਾਰੇ ਜਾਗਰੂਕਤਾ ਦੀ ਕਮੀ, ਘਬਰਾਹਟ ਅਤੇ ਡਰ ਦੇ ਮਾਹੌਲ ਦਾ ਪੈਦਾ ਹੋਣਾ ਵੀ ਹੈ। ਸੰਸਾਰ ਵਿੱਚ ਕਿੰਨੀਆਂ ਹੀ ਬਿਮਾਰੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਮੌਤ ਦੀ ਦਰ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਦੀ ਦਰ ਤੋਂ ਕਿਤੇ ਵੱਧ ਹੈ। ਹੇਠ ਦਿੱਤੇ ਗ੍ਰਾਫ਼ ਰਾਹੀਂ ਇਸ ਸੱਚ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ:

ਇਹ ਇੱਕ ਆਮ ਫਲੂ ਦੀ ਤਰ੍ਹਾਂ ਹੀ ਹੈ ਜਿਹੜਾ ਬਜ਼ੁਰਗਾਂ ਅਤੇ ਕਮਜ਼ੋਰ ਵਿਅਕਤੀਆਂ ਉੱਤੇ, ਉਨ੍ਹਾਂ ਦੇ ਇਮਯੂਨ ਸਿਸਟਮ (ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ) ਦੇ ਕਮਜ਼ੋਰ ਹੋਣ ਕਰਕੇ ਛੇਤੀ ਅਸਰ ਕਰਦਾ ਹੈ ਅਤੇ ਮਾਰੂ ਪ੍ਰਭਾਵ ਪਾਉਂਦਾ ਹੈ। ਤੰਦਰੁਸਤ ਅਤੇ ਨੌਜਵਾਨ ਵਿਅਕਤੀ ਮਜ਼ਬੂਤ ਰੋਗ-ਪ੍ਰਤੀਰੋਧਕ ਸ਼ਕਤੀ ਹੋਣ ਕਰਕੇ ਇਸ ਬਿਮਾਰੀ ਤੋਂ ਲਗਾਤਾਰ ਠੀਕ ਹੋ ਰਹੇ ਹਨ।

ਸੋ, ਕੋਰੋਨਾ ਵਾਇਰਸ ਤੋਂ ਡਰਣ ਜਾਂ ਘਬਰਾਉਣ ਦੀ ਥਾਂ, ਉਪਰੋਕਤ ਦਰਸਾਏ ਢੰਗ-ਤਰੀਕੇ ਅਪਣਾ ਕੇ, Do it yourself (DIY) ਦੇ ਸਿਧਾਂਤ ਅਨੁਸਾਰ ਆਪਣੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹਾਂ।

Check Also

ਕਾਂਗਰਸ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੀ ਕਾਂਗਰਸੀਆਂ ਵੱਲੋਂ ਕੀਤੀ ਲੁੱਟ ਦੀ ਕੀਮਤ ਅਦਾ ਕਰਨ ਲਈ ਕਿਸਾਨਾਂ ਨੂੰ ਮਜਬੂਰ ਕੀਤਾ : ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਕੀਮਤ ਪੰਜਾਬ …

Leave a Reply

Your email address will not be published. Required fields are marked *