Home / ਧਰਮ ਤੇ ਦਰਸ਼ਨ / ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ (ਭਾਗ -2) – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ (ਭਾਗ -2) – ਡਾ. ਰੂਪ ਸਿੰਘ

ਸ੍ਰੀ ਹਰਿਮੰਦਰ ਸਾਹਿਬ ’ਚ ਸੇਵਾ ਦੇ ਨਜ਼ਾਰੇ

ਭਾਗ -2

                                           ਡਾ. ਰੂਪ ਸਿੰਘ

ਆਸਾ ਕੀ ਵਾਰ ਦਾ ਕੀਰਤਨ ਅਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਤਿੰਨ ਪਹਿਰੇ ਦੀ ਚੌਂਕੀ ਦਾ ਕੀਰਤਨ ਹੁੰਦਾ ਹੈ। ਜਿਸ ਨੂੰ ਪਹਿਲਾਂ ‘ਪ੍ਰੇਮ ਦੀ ਚੌਂਕੀ’ ਵੀ ਕਿਹਾ ਜਾਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ’ਚ ਗਰਮੀਆਂ ’ਚ ਸਵੇਰੇ 2 ਵਜੇ ਤੋਂ ਰਾਤ 11 ਵਜੇ ਤੀਕ ਅਤੇ ਸਰਦੀਆਂ ’ਚ ਸਵੇਰੇ 3 ਵਜੇ ਤੋਂ ਰਾਤ 10 ਵਜੇ ਤੀਕ ਨਿਰੰਤਰ ਕੀਰਤਨ ਦੀ ਸੇਵਾ ਹੁੰਦੀ ਹੈ। ਪ੍ਰਕਾਸ਼ ਅਸਥਾਨ ਦੀ ਵਿਛਾਈ, ਗ੍ਰੰਥੀ ਸਿੰਘਾਂ ਦੇ ਬੈਠਣ, ਚੌਰ ਬਰਦਾਰ, ਅਰਦਾਸੀਆ ਤੇ ਸੇਵਾਦਾਰ ਦੇ ਬੈਠਣ ਵਾਸਤੇ ਵਿਛਾਈ ਨਾਲੋਂ ਵਿਸ਼ੇਸ, ਸਵੱਛ, ਉਚੇਰੀ ਹੁੰਦੀ ਹੈ।

ਸੁੱਕੀ ਸੇਵਾ –

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਕੀਰਤਨ ਦੀ ਸੇਵਾ ਸੰਪੂਰਨ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁਖ ਆਸਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਨਹਿਰੀ ਪਾਲਕੀ ਅਦਬ ਸਤਿਕਾਰ ਸੇਵਾ ਭਾਵਨੀ ਨਾਲ ਰਵਾਨਾ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਾਲੇ ਪੀੜੇ ਨੂੰ ਰੋਜ਼ਾਨਾ ਰਾਤ ਨੂੰ ਸਿਜਾਇਆ ਜਾਂਦਾ ਹੈ। ਮੰਜੀ ਸਾਹਿਬ ਉਪਰ ਗੱਦਾ, ਗੱਦੇ ’ਤੇ ਦੋਹਰੀ ਚਾਦਰ ਵਿਛਾ ਕੇ, ਚੋਹਾਂ ਪਾਵਿਆਂ ’ਤੇ ਡੋਰੀਆਂ (ਮੇਜ-ਬੰਦਾ) ਨਾਲ ਕਸ ਕੇ ਬੰਨ੍ਹ ਦੇਂਦੇ ਹਨ। ਇਹ ਡੋਰੀਆਂ ਵੀ ਪ੍ਰੇਮੀ ਗੁੰਦਵੇਂ ਰੇਸ਼ਮੀ ਧਾਗਿਆਂ ਦੀਆਂ ਬਣਾ ਕੇ ਲਿਆਉਂਦੇ ਹਨ। ਡੋਰੀ ਦੇ ਸਿਰਿਆਂ ’ਤੇ ਪਾਵੇ ਨਾਲ ਦੋ-ਦੋ ਸੁਨਹਿਰੀ ਸੋਨੇ ਦੀਆਂ ਡੋਡੀਆਂ ਹੁੰਦੀਆਂ ਹਨ। ਪੀੜੇ ਦੀ ਤਿਆਰੀ ਉਪਰੰਤ ਦਰਸ਼ਨੀ ਕਿਰਪਾਨਾਂ ਨੂੰ ਪੀੜੇ ’ਤੇ ਸਿਜਾ ਦਿੱਤਾ ਜਾਂਦਾ ਹੈ। ਦੋ ਸੇਵਾਦਾਰ ਸੁਨਹਿਰੇ ਚੌਖਟੇ ਦੀਆਂ ਚਾਦਰਾਂ, ਗਲੀਚਿਆਂ ਨੂੰ ਤੈਹਾਂ ਮਾਰ ਕੇ ਸੰਭਾਲ ਲੈਂਦੇ ਹਨ।

ਦਰਸ਼ਨੀ ਚਾਨਣੀ ਨੂੰ ਉਤਾਰਨ ਤੋਂ ਪਹਿਲਾਂ ਸਾਹਮਣੇ ਪਾਸੇ ਲੱਗੀ ਗੁਰਬਾਣੀ ਦੀ ਪੰਗਤੀ ਵਾਲੀ ਪੱਟੀ ਉਤਾਰੀ ਜਾਂਦੀ ਹੈ। ਫਿਰ ਛੱਬੇ ਇਕ-ਇਕ ਕਰਕੇ ਉਤਾਰੇ ਜਾਂਦੇ ਹਨ। ਪਹਿਲੇ ਚੰਦੋਏ ਦੀ ਸੰਭਾਲ ਉਪਰੰਤ ਨਵਾਂ ਚੰਦੋਆ ਸਿਜਾ ਦਿੱਤਾ ਜਾਂਦਾ ਹੈ। ਚੰਦੋਆ ਸਿਜਾਉਂਦੇ ਸਮੇਂ ਸਾਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਚਾਨਣੀ ਆਪਣੇ ਨਿਸ਼ਚਿਤ ਸਥਾਨ ’ਤੇ ਲੱਗ ਸਕੇ ਅਤੇ ਚਾਨਣੀ ਦਾ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੋਵੇ। ਚੰਦੋਏ ’ਤੇ ਫਿਰ ਵਿਚਕਾਰਲਾ ਵੱਡਾ ਛੱਬਾ ਲਗਾ ਦਿੱਤਾ ਜਾਂਦਾ ਹੈ ਤੇ ਸਾਹਮਣੇ ਵਾਲੇ ਛੱਬੇ ਤੇ ਹਾਰ ਸਿਜਾਏ ਜਾਂਦੇ ਹਨ। ਛੱਬਿਆਂ ਦੇ ਲੱਗ ਜਾਣ ਤੋਂ ਉਪਰੰਤ ਗੁਰਬਾਣੀ ਦੀ ਪੰਕਤੀ ਵਾਲੀ ਵਿਸ਼ੇਸ਼ ਪੱਟੀ ਚਾਨਣੀ ਦੇ ਸਾਹਮਣੇ ਲਗਾ ਦਿੱਤੀ ਜਾਂਦੀ ਹੈ।

ਰੋਜ਼ਾਨਾ ਹੀ ਹਰਿ ਕੀ ਪੌੜੀ ਦੇ ਫੱਟਿਆਂ ਨੂੰ ਚੁੱਕ ਕੇ ਸਫਾਈ ਕੀਤੀ ਜਾਂਦੀ ਹੈ ਤੇ ਛੋਟੀ ਪ੍ਰਕਰਮਾ, ਪੁਲ ਦੀ ਧੁਲਾਈ ਉਪਰੰਤ ਮੈਟਾਂ ਅਤੇ ਟਾਟਾਂ ਨੂੰ ਝਾੜ ਕੇ ਵਿਛਾਇਆ ਜਾਂਦਾ ਹੈ। ਸੁਕੀ ਸੇਵਾ ਸਮੇਂ ਰੋਜ਼ਾਨਾ ਕਈ ਪ੍ਰੇਮੀ-ਗੁਰਸਿੱਖ ਕਈ ਦਹਾਕਿਆਂ ਤੋਂ ਇਹ ਸੇਵਾ ਗੁਰੂ ਰਹਿਮਤ ਸਦਕਾ ਨਿਭਾ ਰਹੇ ਹਨ। ਜੰਗਲੇ ਰੋਜ਼ਾਨਾ ਉਤਾਰੇ ਜਾਂਦੇ ਹਨ ਤੇ ਸਫਾਈ ਉਪਰੰਤ ਨਿਸ਼ਚਤ ਥਾਵਾਂ ’ਤੇ ਲਗਾ ਦਿੱਤੇ ਜਾਂਦੇ ਹਨ। ਸ੍ਰੀ

ਹਰਿਮੰਦਰ ਸਾਹਿਬ ’ਚ ਵਰਤੋਂ ’ਚ ਆਉਣ ਵਾਲੀਆਂ ਪਰਾਤਾਂ, ਬਾਟਿਆਂ, ਬਾਲਟੀਆਂ, ਡਰੰਮੀਆਂ ਆਦਿ ਨੂੰ ਵਿਸ਼ੇਸ਼ ਤਰੀਕੇ ਨਾਲ ਸਾਫ-ਸਵੱਛ ਕੀਤਾ ਜਾਂਦਾ ਹੈ। ਵੱਡੇ ਫਨੂਸ ਨੂੰ ਵੀ ਹਫਤੇ ਵਿਚ ਦੋ ਵਾਰ ਸਾਫ ਕੀਤਾ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਰਦੀਆਂ ਵਿਚ ਲਗਭਗ 1½ ਘੰਟਾ ਤੇ ਗਰਮੀਆਂ ਵਿਚ ਇਕ ਘੰਟਾ ਬੰਦ ਰਹਿੰਦੇ ਹਨ। ਇਹ ਦਰਵਾਜ਼ੇ ਸੁਕੀ ਸੇਵਾ ਉਪਰੰਤ ਫਰਾਸ਼, ਸ੍ਰੀ ਦਰਬਾਰ ਸਾਹਿਬ ਬੰਦ ਕਰ ਦਿੰਦਾ ਹੈ।

ਇਸ਼ਨਾਨ ਦੀ ਸੇਵਾ –

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਭਾਗ ਅੰਮ੍ਰਿਤ ਸਰੋਵਰ ਦੀ ਪ੍ਰਕਰਮਾਂ, ਤੇ ਛੋਟੀ ਪ੍ਰਕਰਮਾ ਦੀ ਸਫਾਈ ਨੂੰ ਇਸ਼ਨਾਨ ਦੀ ਸੇਵਾ ਕਿਹਾ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ’ਚ ਇਸ਼ਨਾਨ ਦੀ ਸੇਵਾ ਨੂੰ ਪਰੰਪਰਾ ਅਤੇ ਮਰਯਾਦਾ ਅਨੁਸਾਰ ਕਰਨ/ਕਰਵਾਉਣ ਵਾਸਤੇ ਮੈਨੇਜਰ, ਸ੍ਰੀ ਦਰਬਾਰ ਸਾਹਿਬ ਸੇਵਾਦਾਰਾਂ ਨੂੰ ਵਿਸ਼ੇਸ਼ ਸ਼ਨਾਖਤੀ ਕਾਰਡ ਜਾਰੀ ਕਰਦਾ ਹੈ। ਅੰਮ੍ਰਿਤ ਵੇਲੇ ਕਿਉਂਕਿ ਦਰਸ਼ਨੀ ਡਿਉਢੀ ਦੇ ਕਿਵਾੜ ਬੰਦ ਹੁੰਦੇ ਹਨ ਤੇ ਸੇਵਾਦਾਰ ਮੁੱਖ ਕਿਵਾੜ ਦੀ (ਬਾਰੀ ਤਾਕੀ) ਰਾਹੀਂ ਹੀ ਅੰਦਰ ਜਾ ਸਕਦੇ ਹਨ। ਦਰਸ਼ਨੀ ਡਿਉਢੀ ਦੇ ਬਾਹਰ ਸੇਵਾਦਾਰ ਆਪਣੇ ਸ਼ਨਾਖਤੀ ਕਾਰਡ ਦਿਖਾ ਕੇ ਅੰਦਰ ਪ੍ਰਵੇਸ਼ ਕਰਦੇ ਹਨ। ਫਰਾਸ਼ ਸੰਖੇਪ ਅਰਦਾਸ ਕਰਕੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਫਰਸ਼ ਨੂੰ ਦੁੱਧ ਨਾਲ ਧੋਂਦਾ ਹੈ ਫਿਰ ਹਰਿ ਕੀ ਪਉੜੀ ਤੋਂ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਭਾਵਨਾ ਨਾਲ ਸੇਵਾ ਉਪਰੰਤ ਵਿਛਾਈ ਦੀ ਸੇਵਾ ਪ੍ਰੇਮੀ ਸਿੰਘ ਸ਼ਰਧਾ-ਸਤਿਕਾਰ ਨਾਲ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਵਿਛਾਈ ਏਨੇ ਨਿਯਮਿਤ ਢੰਗ ਦੁਆਰਾ ਕੀਤੀ ਜਾਂਦੀ ਹੈ ਕਿ ਦੇਖਣ ਵਾਲਾ ਅਚੰਭਤ ਹੋ ਜਾਂਦਾ ਹੈ। ਇਨ੍ਹਾਂ ਵਿਸਮਾਦੀ ਪਲਾਂ ਨੂੰ ਕੇਵਲ ਮਾਣਿਆ ਜਾ ਸਕਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਸੁਕੀ ਸੇਵਾ ਸਮੇਂ ਹੀ ਸਿਜਾਇਆ ਪੀੜਾ, ਫਰਸ਼ ਦੀ ਵਿਛਾਈ ਉਪਰੰਤ ਨਿਸ਼ਚਤ ਸਥਾਨ ’ਤੇ ਟਿਕਾ ਦਿੱਤਾ ਜਾਂਦਾ ਹੈ। ਵਿਛਾਈ ਦੀ ਸੇਵਾ ਸੰਪੂਰਨ ਹੋਣ ’ਤੇ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਵਰਤਾਇਆ ਜਾਂਦਾ ਹੈ। ਸੇਵਾ ਸਮੇਂ ਪ੍ਰੀਤਵਾਨ ਪ੍ਰੇਮੀ ਸੇਵਕ ਇਨ੍ਹਾਂ ਸ਼ਬਦਾਂ ਦਾ ਮਿਲ ਕੇ ਉਚਾਰਨ ਕਰਦੇ ਹਨ:

  • ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਪ : 91)
  • ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ (ਪ : 969)
  • ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ (ਪ:681)

ਸ਼ੁੱਧ ਅਤਰ ਦੀ ਵਰਤੋਂ ਸੁਗੰਧੀ ਵਾਸਤੇ ਕੀਤੀ ਜਾਂਦੀ ਹੈ, ਜੋ ਪ੍ਰੇਮੀ ਸੇਵਾ ’ਚ ਹਾਜ਼ਰ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੀ ਸਾਫ ਸਫਾਈ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਪਰਕਰਮਾ ’ਚ ਦਾਖਲੇ ਤੋਂ ਪਹਿਲਾਂ ਹਰ ਦਰਵਾਜ਼ੇ ’ਤੇ ਪੈਰ ਧੋਣ ਵਾਸਤੇ ਚਰਨ ਗੰਗਾ ਬਣੀਆਂ ਹਨ।

ਤਿੰਨ ਪਹਿਰੇ ਦੀ ਚੌਂਕੀ ਕਿਵਾੜ ਖੁੱਲਣ ਉਪਰੰਤ ਗਰਮੀਆਂ ’ਚ ਲਗਭਗ ਦੋ ਵਜੇ ਅਤੇ ਸਰਦੀਆਂ ’ਚ ਤਿੰਨ ਵਜੇ ਅਰੰਭ ਹੋ ਜਾਂਦੀ ਹੈ। ਤਿੰਨ ਪਹਿਰੇ ਦੀ ਚੌਂਕੀ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਅਰੰਭ ਹੋ ਜਾਂਦਾ ਹੈ। ਲਗਭਗ ਇਕ ਘੰਟੇ ਬਾਅਦ

  • ਦਰਸਨੁ ਦੇਖਿ ਜੀਵਾ ਗੁਰ ਤੇਰਾ ॥ (ਪ: 742)

ਆਦਿ ਦਰਸ਼ਨ ਦੇ ਸ਼ਬਦ ਰਾਗੀ ਸਿੰਘ ਅਰੰਭ ਕਰ ਦਿੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਪਾਲਕੀ ’ਚ ਪਾਵਨ ਪਵਿੱਤਰ ਬੀੜ ਪਹੁੰਚਦਿਆਂ 15 ਕੁ ਮਿੰਟ ਹੀ ਲੱਗਦੇ ਹਨ। 15 ਕੁ ਮਿੰਟਾਂ ’ਚ ਪ੍ਰਕਾਸ਼ ਦੀ ਸੇਵਾ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਪ੍ਰੇਮੀ ਸਿੰਘ ਸਵੱਯੇ ਪੜ੍ਹਦੇ ਹਨ। ਸੁਨਹਿਰੀ ਪਾਲਕੀ ਨੂੰ ਸਜਾਉਣ ਦੀ ਸੇਵਾ ਵੀ ਬੜੀ ਭਾਵਨਾ ਨਾਲ ਕੀਤੀ ਜਾਂਦੀ ਹੈ। ਚੌਂਕੀ ਸੇਵਾ ਵੀ ਦੇਖਣਯੋਗ ਹੁੰਦੀ ਹੈ। ਸੇਵਾਦਾਰ ਪੀੜ੍ਹੀ ਦਰ ਪੀੜ੍ਹੀ ਇਹ ਸੇਵਾ ਨਿਭਾ ਰਹੇ ਹਨ। ਸਵੇਰੇ ਸ਼ਾਮ ਵਿਸ਼ੇਸ਼ ਚੌਂਕੀ ਕੱਢੀ ਜਾਂਦੀ ਹੈ, ਜੋ ਸਰੋਵਰ ਦੀ ਪਰਕਰਮਾਂ ਕਰਨ ਨਾਲ ਅਰਦਾਸ ਉਪਰੰਤ ਸੰਪੂਰਨ ਹੁੰਦੀ ਹੈ। ਸੋਹਣੇ-ਸੁਨੱਖੇ ਖੁਬਸੂਰਤ ਵਸਤਰਾਂ ’ਚ ਸਜ਼ੇ ਨੌਜੁਆਨਾਂ ਤੇ ਬਜ਼ੁਰਗਾਂ ਨੂੰ ਨਾਲੀਆਂ ’ਚੋਂ ਗੰਦਗੀ-ਗਾਰ ਕੱਢਦਿਆਂ ਤੇ ਰੁਮਾਲਾਂ ਨਾਲ ਜਾਨਵਰਾਂ ਦੀਆਂ ਬਿਠਾਂ ਸਾਫ਼ ਕੀਤੀਆਂ ਜਾਂਦੀਆਂ ਹਨ। ਸੇਵਾ ਦੇ ਇਸ ਅਹਿਸਾਸ ਨੂੰ ਸ਼ਬਦਾਂ ’ਚ ਦਰਸਾਉਣਾ ਅਸੰਭਵ ਹੈ, ਇਸ ਸਰੂਰ ਨੂੰ ਅਨੁਭਵ ਹੀ ਕੀਤਾ ਜਾ ਸਕਦਾ ਹੈ।

*98146 37979 _roopsz@yahoo.com

Check Also

ਸ਼ਬਦ ਵਿਚਾਰ -108 ਜਪੁਜੀ ਸਾਹਿਬ – ਪਉੜੀ 32- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 108 ਜਪੁਜੀ ਸਾਹਿਬ – ਪਉੜੀ 32 ਡਾ. ਗੁਰਦੇਵ ਸਿੰਘ* ਸ੍ਰਿਸ਼ਟੀ ਕਰਤਾ ਨੂੰ …

Leave a Reply

Your email address will not be published. Required fields are marked *