ਤਰਨ ਤਾਰਨ: ਸੂਬੇ ‘ਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ਿਲ੍ਹੇ ਦੇ ਪੰਡੋਰੀ ਗੋਲਾ ‘ਚ 24 ਘੰਟਿਆਂ ਦੌਰਾਨ ਦੋ ਹੋਰ ਵਿਆਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਾਨ ਚਲੇ ਗਈ ਹੈ। ਇਸ ਤੋਂ ਇਲਾਵਾ ਪਿੰਡ ਦੇ ਦੋ ਹੋਰ ਵਿਅਕਤੀਆਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਬੀਤੇ ਦਿਨੀਂ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਿਲਬਾਗ ਸਿੰਘ ਦੀ ਮੌਤ ਹੋਈ ਸੀ ਉੱਥੇ ਹੀ ਦੇਰ ਰਾਤ ਹੀਰਾ ਸਿੰਘ ਦੀ ਮੌਤ ਹੋ ਗਈ ਹੈ ਅਤੇ ਇਸਦੇ ਨਾਲ ਹੀ ਇੱਕ ਰਾਮਪਾਲ ਸਿੰਘ ਨਾਂ ਦੇ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸਬੰਧੀ ਡੀਐੱਸਪੀ ਇਕ਼ਬਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਮੌਤਾਂ ਨੂੰ ਜ਼ਹਿਰੀਲੀ ਸ਼ਰਾਬ ਨਾਲ ਜੋੜਨ ਤੋਂ ਪਹਿਲਾਂ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰਨੀ ਹੋਵੇਗੀ।
ਇਸ ਮੌਕੇ ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਸੰਧੂ ਵਲੋਂ ਜਿਥੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਸ਼ੁਰੂ ਤੋਂ ਹੀ ਲੜਾਈ ਲੜੀ ਅਤੇ ਅੱਗੇ ਵੀ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੁਲੀਸ ਅਤੇ ਐਕਸਾਈਜ਼ ਵਿਭਾਗ ਖਿਲਾਫ ਕਾਰਵਾਈ ਕਰ ਅਸਲ ਦੋਸ਼ੀਆ ਨੂੰ ਇਸ ਮਾਮਲੇ ‘ਚ ਬਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਰਨਤਾਰਨ ਦੇ ਐੱਸਐੱਸਪੀ ਧਰੁਮਨ ਨਿੰਬਾਲੇ ਵੀ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਹਾਲਚਾਲ ਜਾਨਣ ਲਈ ਪੁੱਜੇ।
ਦਸ ਦਈਏ ਜ਼ਹਿਰੀਲੀ ਸ਼ਰਾਬ ਕਾਰਨ ਇਸ ਪਿੰਡ ਦੇ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬੱਬੂ, ਕਈ ਹੋਰਨਾਂ ਖਿਲਾਫ਼ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ਾਂ ਅਧੀਨ ਕੇਸ ਕੀਤੇ ਹਨ।