ਅੱਜ ਹਰ ਭਾਰਤੀ ਦੀ ਆਵਾਜ਼ – ‘ਮੋਦੀ ਹਟਾਓ, ਦੇਸ਼ ਬਚਾਓ’: ‘ਆਪ’

Prabhjot Kaur
4 Min Read

ਚੰਡੀਗੜ੍ਹ/ਜਲੰਧਰ: ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ ਦੀ ਆਵਾਜ਼ ਹੈ ‘ਮੋਦੀ ਹਟਾਓ, ਦੇਸ਼ ਬਚਾਓ’। ਭਾਜਪਾ ਸਰਕਾਰ ਨੇ ਸਾਡੇ ਦੇਸ਼, ਸੰਵਿਧਾਨ ਅਤੇ ਲੋਕਾਂ ਨੂੰ ਹਰ ਪੱਖੋਂ ‘ਤੇ ਫੇਲ ਕੀਤਾ ਹੈ ਤਾਂ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਹਟਾਉਣਾ ਹੀ ਪਵੇਗਾ।

ਵੀਰਵਾਰ ਨੂੰ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਦੇਸ਼ ਨੂੰ ਸਿਰਫ਼ ਅੰਗਰੇਜ਼ਾਂ ਤੋਂ ਹੀ ਨਹੀਂ ਬਲਕਿ ਅਨਪੜ੍ਹਤਾ, ਸਮਾਜਿਕ ਵੰਡ ਅਤੇ ਬੇਇਨਸਾਫ਼ੀ ਤੋਂ ਵੀ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਬੀ ਕੇ ਦੱਤ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜੋ ਸਾਡੇ ਦੇਸ਼ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ, ਬਰਾਬਰੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਮਿਲ ਸਕੇ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਤਾਨਾਸ਼ਾਹ ਸਰਕਾਰ ਨੇ ਅੰਗਰੇਜ਼ਾਂ ਦੇ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਸਿਰਫ਼ ਕੁਝ ਪੋਸਟਰ ਲਗਾਉਣ ਕਰਕੇ 138 ਐਫਆਈਆਰਜ਼ ਦਰਜ ਕਰ ਦਿੱਤੀਆਂ। ਇਹ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ। ਵਿਦਿਆਰਥੀ, ਨੌਜਵਾਨ, ਕਿਸਾਨ, ਵਪਾਰੀ, ਔਰਤਾਂ, ਕੋਈ ਵੀ ਵਰਗ ਮੋਦੀ ਸਰਕਾਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਨੂੰ ਭਾਜਪਾ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਬੇਰੋਜ਼ਗਾਰੀ ਦਰ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਅਜਿਹੀ ਸਰਕਾਰ ਨੂੰ ਦੇਸ਼ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

‘ਆਪ’ ਮੰਤਰੀ ਨੇ ਕਿਹਾ ਕਿ ਮੋਦੀ ਦੇ ਰਾਜ ‘ਚ ਸਿਰਫ ਪੂੰਜੀਪਤੀ ਹੀ ਵਧ-ਫੁੱਲ ਰਹੇ ਹਨ। ਉਨ੍ਹਾਂ ਨੇ ਪੀਐਮ ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਉਹ ਆਪਣੇ ਦੋਸਤ ਅਡਾਨੀ ਦੇ ਘੁਟਾਲਿਆਂ ਦੀ ਜਾਂਚ ਕਰਨਗੇ? ਵਿਰੋਧੀ ਧਿਰ ਦੇ ਨੇਤਾਵਾਂ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਸੀਬੀਆਈ ਅਤੇ ਈਡੀ ਦੀਆਂ ਧਮਕੀਆਂ ਦੇਣ ਲਈ ਭਾਜਪਾ ਸਰਕਾਰ ‘ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵੀ ਚੁਣੇ ਹੋਏ ਨੁਮਾਇੰਦੇ ਹਨ ਜਿਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਮਨੀਸ਼ ਸਿਸੋਦੀਆ ਵਰਗਾ ਆਗੂ ਅੱਜ ਜੇਲ੍ਹ ਵਿੱਚ ਹੈ ਪਰ ਭਾਜਪਾ ਦੇ ਕਈ ਭ੍ਰਿਸ਼ਟ ਆਗੂ ਸ਼ਰੇਆਮ ਘੁੰਮ ਰਹੇ ਹਨ।

- Advertisement -

ਉਨ੍ਹਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਬੱਚੇ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਚੰਗੀ ਸਿੱਖਿਆ ਲਈ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਰਹੇ ਹਨ, ਕਿਉਂਕਿ ਪਿਛਲੇ 75 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਤੋੜਨ ਤੋਂ ਇਲਾਵਾ ਕੁਝ ਨਹੀਂ ਕੀਤਾ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡਾ ਸੰਵਿਧਾਨ “ਅਸੀਂ ਭਾਰਤ ਦੇ ਲੋਕ…” ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਇਹ ਦੇਸ਼ ਇੱਥੋਂ ਦੇ ਲੋਕਾਂ ਦਾ ਹੈ। ਧਾਰਾ 32 ਦੇ ਸਬੰਧ ਵਿੱਚ ਡਾ: ਬੀ.ਆਰ. ਅੰਬੇਡਕਰ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ ਦੀ ਆਤਮਾ ਹੈ ਅਤੇ ਹਰ ਨਾਗਰਿਕ ਨੂੰ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਅਸੀਂ ਕਿਸੇ ਵੀ ਕੀਮਤ ‘ਤੇ ਭਾਜਪਾ ਨੂੰ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਉਣ ਦੇਵਾਂਗੇ। ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ ‘ਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਪੋਸਟਰ ਲਗਾਵਾਂਗੇ। ਉਹ ਜਿੰਨੀਆਂ ਮਰਜ਼ੀ ਐਫਆਈਆਰ ਦਰਜ ਕਰਵਾ ਲੈਣ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਉਨ੍ਹਾਂ ਦੀਆਂ ਏਜੰਸੀਆਂ ਜਾਂ ਐਫਆਈਆਰਜ਼ ਤੋਂ ਡਰਦੇ‌ ਨਹੀਂ।

Share this Article
Leave a comment