ਕਸਤੂਰਬਾ ਗਾਂਧੀ ਦੀ 150ਵੀਂ ਜੈਅੰਤੀ ਸ਼ਰਧਾ ਨਾਲ ਮਨਾਈ

TeamGlobalPunjab
2 Min Read

ਚੰਡੀਗੜ੍ਹ: (ਅਵਤਾਰ ਸਿੰਘ), ਗਾਂਧੀ ਸਮਾਰਕ ਭਵਨ ਸੈਕਟਰ 16-ਏ ਚੰਡੀਗੜ੍ਹ ਵਿਚ ਗਾਂਧੀ ਸਮਾਰਕ ਨਿਧਿ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਅਚਰਯਾਕੁਲ ਚੰਡੀਗੜ੍ਹ ਦੇ ਸਹਿਯੋਗ ਨਾਲ ਕਸਤੂਰਬਾ ਗਾਂਧੀ ਜੀ ਦੀ 150ਵੀਂ ਜੈਅੰਤੀ ਸ਼ਰਧਾਪੂਰਵਕ ਮਨਾਈ ਗਈ। ਜੈਅੰਤੀ ਸਮਾਰੋਹ ਦਾ ਆਰੰਭ ਸਫਾਈ ਅਭਿਆਨ ਨਾਲ ਹੋਇਆ ਜਿਸ ਵਿਚ ਗਾਂਧੀ ਸਮਾਰਕ ਨਿਧਿ ਦੇ ਸਕੱਤਰ ਡਾ ਦੇਵ ਰਾਜ ਤਿਆਗੀ ਅਤੇ ਹੋਰ ਕਾਰਕੁਨਾਂ ਕੰਚਨ ਤਿਆਗੀ, ਅਨੰਦ ਰਾਓ, ਦੀਪਕ, ਰਾਜੂ ਅਤੇ ਕਾਲੁ ਰਾਮ ਨੇ ਹਿੱਸਾ ਲਿਆ।

ਇਸ ਮੌਕੇ ਡਾ ਦੇਵ ਰਾਜ ਤਿਆਗੀ ਨੇ ਕਸਤੂਰਬਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿਚ ਮਹਾਤਮਾ ਗਾਂਧੀ ਜੀ ਨਾਲ ਹੋ ਗਿਆ ਸੀ। ਉਹ ਦ੍ਰਿੜ੍ਹ ਇੱਛਾ ਵਾਲੀ ਇਸਤਰੀ ਸਨ। ਅਫ਼ਰੀਕਾ ਜਾਣ ਤੋਂ ਬਾਅਦ ਗਾਂਧੀ ਜੀ ਵਾਂਗ ਉਨ੍ਹਾਂ ਨੇ ਸਾਦਾ ਜੀਵਨ ਬਤੀਤ ਕੀਤਾ। ਗਾਂਧੀ ਜੀ ਨੇ ਕਿਹਾ ਸੀ ਕਿ ਜੇ ਮੈਨੂੰ ਕਦੇ ਆਪਣੇ ਜੀਵਨਸਾਥੀ ਦੀ ਚੋਣ ਕਰਨੀ ਪਵੇ ਤਾਂ ਕਸਤੂਰਬਾ ਨੂੰ ਚੁਣਨਗੇ। ਬਾਪੂ ਦਾ ਇਹ ਕਥਨ ਬਾ ਦੀ ਮਹਿਮਾ ਵਿਚ ਦਰਜ ਹੈ। ਬਾਪੂ ਦੇ ਇਤਿਹਾਸਿਕ ਕੰਮਾਂ ਵਿਚ ਬਾ ਦਾ ਜੋ ਹਿੱਸਾ ਰਿਹਾ ਹੈ ਉਸਦਾ ਪਾਲਣ ਭਾਰਤ ਵਰਸ਼ ਕਰਦਾ ਰਹੇਗਾ। ਗਾਂਧੀ ਜੀ ਵਾਂਗ ਹੀ ਕਸਤੂਰਬਾ ਜੀ ਨੇ ਵੀ ਅਫ਼ਰੀਕਾ ਅਤੇ ਭਾਰਤ ਵਿਚ ਆਜ਼ਾਦੀ ਦੀ ਲੜਾਈ ਲਈ ਕਈ ਵਾਰ ਜੇਲ ਕੱਟੀ ਅਤੇ ਜੇਲ ਵਿਚ ਹੀ ਅੰਤਿਮ ਸਾਹ ਲਿਆ।

ਸੰਸਥਾ ਦੇ ਮੁਖੀ ਕੇ ਕੇ ਸ਼ਾਰਦਾ ਨੇ ਕਸਤੂਰਬਾ ਗਾਂਧੀ ਜੀ ਦੇ ਜਨਮ ਦਿਨ ‘ਤੇ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਪ੍ਰਸ਼ਾਸ਼ਨ ਦੇ ਕੰਮਾਂ ਦੀ ਸਰਾਹਨਾ ਕੀਤੀ। ਆਚਾਰੀਆਕੁਲ ਦੇ ਸੀਨੀਅਰ ਪ੍ਰਧਾਨ ਪ੍ਰੇਮ ਵਿਜ ਨੇ ਫੋਨ ‘ਤੇ ਕਸਤੂਰਬਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਾਹਰੋਂ ਕਿਸੇ ਨੂੰ ਨਹੀਂ ਬੁਲਾਇਆ ਗਿਆ ਸੀ ਤੇ ਦੂਰ ਦੂਰ ਰਹਿ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

Share this Article
Leave a comment