ਫ਼ਤਹਿਗੜ੍ਹ ਸਾਹਿਬ ‘ਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 3 ਵਿਅਕਤੀਆਂ ਦੀ ਮੌਤ

Global Team
2 Min Read

ਚੰਡੀਗੜ੍ਹ: ਫ਼ਤਹਿਗੜ੍ਹ ਸਾਹਿਬ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਹਿੰਦੂਪੁਰ ਦੇ ਨੇੜੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਕੰਮ ਤੋਂ ਘਰ ਪਰਤ ਰਹੇ ਸਨ ਮ੍ਰਿਤਕ

ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਬੀਬੀਪੁਰ ਦੇ ਰਹਿਣ ਵਾਲੇ ਤਿੰਨ ਵਿਅਕਤੀ ਆਪਣਾ ਕੰਮ ਖ਼ਤਮ ਕਰਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਹਿੰਦੂਪੁਰ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਬੇਕਾਬੂ ਸਕਾਰਪੀਓ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਸੜਕ ‘ਤੇ ਜਾ ਡਿੱਗੇ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ।

ਮ੍ਰਿਤਕਾਂ ਦੀ ਪਛਾਣ

ਥਾਣਾ ਬਡਾਲੀ ਆਲਾ ਸਿੰਘ ਦੇ ਏ.ਐੱਸ.ਆਈ ਰਾਮ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ, ਸਤਵਿੰਦਰ ਸਿੰਘ ਅਤੇ ਮੋਹਨ ਸਿੰਘ ਵੱਜ ਹੋਈ ਹੈ। ਇਹਨਾਂ ਤਿੰਨਾਂ ਦੀ ਉਮਰ 45 ਤੋਂ 55 ਸਾਲ ਦੇ ਦਰਮਿਆਨ ਸੀ। ਪੁਲਿਸ ਮੁਤਾਬਕ ਤਿੰਨੋਂ ਵਿਅਕਤੀ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਬੱਚੇ ਹਨ।

ਮੁਲਜ਼ਮ ਚਾਲਕ ਮੌਕੇ ਤੋਂ ਫ਼ਰਾਰ

ਹਾਦਸੇ ਤੋਂ ਤੁਰੰਤ ਬਾਅਦ ਸਕਾਰਪੀਓ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਫ਼ਰਾਰ ਸਕਾਰਪੀਓ ਚਾਲਕ ਦੀ ਭਾਲ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

 

Share This Article
Leave a Comment