ਕੀ ਕੈਪਟਨ ਦੀ ਲੰਚ ਡਿਪਲੋਮੈਸੀ ਕਾਂਗਰਸੀਆਂ ਨੂੰ ਕਰੇਗੀ ਇੱਕਜੁੱਟ ? ਜਾਣੋ, ਅੱਜ ਮੀਟਿੰਗ ਵਿੱਚ ਹੀ ਕੁਝ ਹੋਇਆ

TeamGlobalPunjab
6 Min Read

ਚੰਡੀਗੜ੍ਹ (ਬਿੰਦੂ ਸਿੰਘ) : ਕਾਂਗਰਸ ਪਾਰਟੀ ‘ਚ ਚੱਲ ਰਹੇ ਕਾਟੋ ਕਲੇਸ਼ ਦਾ ਅੱਜੇ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ । ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਲੰਚ ਅਤੇ ਡਿਨਰ ਡਿਪਲੋਮੇਸੀ ਲਈ ਬਾਖ਼ੂਬੀ ਜਾਣੇ ਜਾਂਦੇ ਹਨ, ਆਪਣੇ ਸਰਕਾਰੀ ਨਿਵਾਸ ਤੇ ਦੋ ਦਰਜਨ ਤੋਂ ਜ਼ਿਆਦਾ ਵਿਧਾਇਕ, ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂਆਂ ਲੰਚ ਤੇ ਸੱਦਿਆ।  ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਵੀ ਆਏ। ਅਸ਼ਵਨੀ ਸੇਖੜੀ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਜੋ ਪਾਰਟੀ ਤੋਂ ਰੁੱਸੇ ਹੋਏ ਸੀ ਤੇ ਜਿਹਨਾਂ ਦੇ ਅਕਾਲੀ ਦਲ ‘ਚ ਜਾਣ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਸੀ ਉਹਨਾਂ ਨੇ ਵੀ ਲੰਚ ਤੇ ਆ ਕੇ ਇਕ ਵਾਰ ਫੇਰ ਤੋਂ ਪਾਰਟੀ ‘ਚ ਬਣੇ ਰਹਿਣ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ ਸੰਸਦ ਮੈਂਬਰ ਪਰਨੀਤ ਕੌਰ ਵੀ ਹਾਜ਼ਰ ਸਨ ਤੇ ਕਈ ਸੀਨੀਅਰ ਤੇ ਪੁਰਾਣੇ ਕਾਂਗਰਸੀ ਵੀ ਸਲਾਹ ਮਸ਼ਵਰੇ ਲਈ ਸੱਦੇ ਗਏ ਸਨ, ਜਿਸ ਵਿੱਚ ਮੋਗਾ ਤੋਂ ਮਾਲਤੀ ਥਾਪਰ ਜੋ ਮੰਤਰੀ ਵੀ ਰਹਿ ਚੁੱਕੇ ਹਨ, ਵੀ ਵਿਖਾਈ ਦਿੱਤੇ।

 

ਮੀਡੀਆ ਨਾਲ ਗੱਲਬਾਤ ਕਰਦਿਆਂ ਮਾਲਤੀ ਥਾਪਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਰਿਆਂ ਦੇ ਰੋਲ ਬਾਰੇ ਵਿਚਾਰ ਚਰਚਾ ਕੀਤੀ ਗਈ। ਥਾਪਰ ਨੇ ਕਿਹਾ ਕਿ ਇਸ ‘ਤੇ ਵੀ ਚਰਚਾ ਕੀਤੀ ਗਈ। ਕਮੀਆਂ ਕਿੱਥੇ ਰਹਿ ਗਈਆਂ ਹਨ ਤੇ ਅਗਲੇ 4 ਮਹੀਨਿਆਂ ਵਿੱਚ ਇਨ੍ਹਾਂ ਕਮੀਆਂ ਨੂੰ ਸਹੀ ਕਰਨ ਲਈ ਕੀ ਕੀਤਾ ਜਾ ਸਕਦਾ ਹੈ। ਇਹ ਵੀ ਵਿਚਾਰ ਕੀਤਾ ਗਿਆ ਕਿ ਸਾਰੇ ਵਰਗਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਹੈ ਅਸ਼ਵਨੀ ਸੇਖੜੀ, ਉਪਿੰਦਰ ਭੱਲਾ,ਰਮਨ ਸ਼ਰਮਾ ਤੇ ਮਹਿਲਾਵਾਂ ਵਿਚੋਂ ਉਹਨਾਂ ਆਪਣਾ ਨਾਂਅ ਲੈ ਕੇ ਕਿਹਾ ਕਿ ਅਸੀਂ ਟਕਸਾਲੀ ਕਾਂਗਰਸੀ ਹਾਂ ਤੇ ਕ੍ਰਾਂਤੀਕਾਰੀ ਪਰਿਵਾਰਾਂ ਚੋਂ ਆਉਂਦੇ ਹਾਂ ਤੇ ਮੁਖਮੰਤਰੀ ਨੇ ਪੂਰੇ ਤਰੀਕੇ ਨਾਲ ਸਾਡੇ ਵਿਚਾਰ ਸੁਣੇ । ਉਹਨਾਂ ਕਿਹਾ ਕਿ ਇਹਨਾਂ ਨੇ ਆਪਣੇ ਲਈ ਟਿਕਟ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਕਿ ਕਾਂਗਰਸ ਨੂੰ ਬਚਾਉਣ ਦੀ ਲੋੜ ਹੈ ਤੇ ਜਿਹੜੇ ਪੱਕੇ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਕਿਹਾ ਕਿ ਮੋਗਾ ਸੀਟ ਤੋਂ ਸ਼ਹਿਰੀ ਉਮੀਦਵਾਰ ਹੀ ਚੋਣ ਮੈਦਾਨ ‘ਚ ਲੈ ਕੇ ਆਉਣਾ ਚਾਹੀਦਾ ਹੈ।

- Advertisement -

ਉਧਰ ਐਮਪੀ ਗੁਰਮੀਤ ਔਜਲਾ ਨੇ ਕਿਹਾ 2022 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ। ਮੁਖਮੰਤਰੀ ਨੇ ਸਾਰਿਆਂ ਦੇ ਹਲਕਿਆਂ ‘ਚ ਰਹਿੰਦੇ ਕੰਮਾਂ ਕਾਜਾਂ ਬਾਰੇ ਜਾਣਕਾਰੀ ਮੰਗੀ।

 

ਔਜਲਾ ਨੇ ਕਿਹਾ ਪਾਰਟੀ ‘ਚ ਕੋਈ ਕਾਟੋ ਕਲੇਸ਼ ਨਹੀਂ ਹੈ । ਕਾਂਗਰਸ ਇੱਕੋ ਇੱਕ ਪਾਰਟੀ ਹੈ ਜਿਸ ‘ਚ ਜਮਹੂਰੀ ਤਰੀਕੇ ਨਾਲ ਸਭ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ।ਉਹਨਾਂ ਕਿਹਾ ਕਿ ਇਹ ਕੋਈ ਅਕਾਲੀ ਦਲ ਨਹੀਂ ਜਿੱਥੇ ਢੀਂਡਸਾ , ਵਡਾਲਾ , ਟੋਹੜਾ , ਸੇਖਵਾਂ, ਬ੍ਰਹਮਪੂਰਾ ਵਰਗੇ ਸਾਰੇ ਵੱਡੇ ਲੀਡਰ ਪਾਰਟੀ ਚੋਂ ਬਾਹਰ ਕੱਢ ਦਿੱਤੇ ਗਏ।ਅਕਾਲੀ ਦਲ ਦੀ ਤਾਂ ਕੋਰ ਕਮੇਟੀ ਦੀ ਮੀਟਿੰਗ ‘ਚ ਕੋਈ ਨਹੀਂ ਬੋਲ ਸਕਦਾ।
ਔਜਲਾ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਸ ਪਾਰਟੀ ਦੇ ਤਿੰਨ ਐਮ ਐਲ ਏ ਕਾਂਗਰਸ ‘ਚ ਪਿੱਛਲੇ ਦਿਨੀਂ ਹੀ ਸ਼ਾਮਲ ਹੋਏ ਹਨ ਫਿਰ ਕਿਵ਼ੇਂ ਕਿਹਾ ਜਾ ਸਕਦਾ ਕਿ ਕਾਂਗਰਸ ਪਾਰਟੀ ‘ਚ ਕਾਟੋ ਕਲੇਸ਼ ਵੱਧ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਇਸ ‘ਚ ਸਭ ਨੂੰ ਖੁਲ੍ਹ ਕੇ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਸਾਰੀ ਪਾਰਟੀ ਇਕੱਠੀ ਹੋ ਕੇ 2022 ਦੀਆਂ ਚੋਣਾਂ ਲੜੇਗੀ।

- Advertisement -

ਜਦੋਂ ਪੁੱਛਿਆ ਗਿਆ ਕਿ ਕੇਜਰੀਵਾਲ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗਰੰਟੀ ਦਾ ਐਲਾਨ ਕਰ ਕੇ ਗਏ ਹਨ । ਇਸ ਬਾਰੇ ਔਜਲਾ ਨੇ ਕਿਹਾ ਕੇਜਰੀਵਾਲ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਉਹ ਬਿਜਲੀ ਲੈ ਕੇ ਕਿੱਥੋਂ ਆਉਣਗੇ। ਜਦੋਂ ਕਿ ਕਾਂਗਰਸ ਸਰਕਾਰ ਪੌਣੇ ਦਸ ਹਜ਼ਾਰ ਕਰੋੜ ਦੀ ਬਿਜਲੀ ਪਹਿਲਾਂ ਤੋਂ ਹੀ ਮਾਫ਼ ਕਰ ਰਹੀ ਹੈ ਤੇ ਕੇਜਰੀਵਾਲ ਸਿਰਫ਼ 2700 ਕਰੋੜ ਦੀ ਬਿਜਲੀ ਦਿੱਲੀ ‘ਚ ਮੁਆਫ ਕਰ ਰਹੇ ਨੇ।
ਉਹਨਾਂ ਅਸ਼ਵਨੀ ਸੇਖੜੀ ਬਾਰੇ ਕਿਹਾ ਉਹ ਤਾਂ ਰੁੱਸੇ ਹੀ ਨਹੀਂ ਸੀ। ਸਾਰੇ ਹੀ ਆਪਣੇ ਘਰ ਚ ਹੀ ਬੈਠੇ ਹੋਏ ਹਨ ਤੇ ਕੋਈ ਮਾੜਾ ਮੋਟਾ ਵੱਖ ਵੱਖ ਵਿਚਾਰ ਹੋ ਜਾਂਦੇ ਪਰ ਸਾਰੇ ਇੱਕਜੁਟ ਹੀ ਹਾਂ।

ਨਵਜੋਤ ਸਿੰਘ ਸਿੱਧੂ ਦੇ ਦਿੱਲੀ ਦੌਰੇ ਤੋਂ ਬਾਅਦ ਇੱਕ ਵਾਰ ਫੇਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਾਲੇ ਨੂੰ ਮਜ਼ਬੂਤ ਕਰਨ ਵਾਸਤੇ ਐੱਮ ਐੱਲ ਏ ਤੇ ਮੰਤਰੀਆਂ ਨੂੰ ਖਾਣੇ ਤੇ ਬੁਲਾਇਆ।

ਖਬਰਾਂ ਇਹ ਵੀ ਆ ਰਹੀਆਂ ਨੇ ਕਿ ਦਿੱਲੀ ‘ਚ ਹਾਈ ਕਮਾਨ ਨੇ  ਆਉਣ ਵਾਲੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਪੰਜਾਬ ਇਕਾਈ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਰੱਖਣ ਦੀ ਮਨਸ਼ਾ ਨਾਲ 2 ਵਰਕਿੰਗ ਪ੍ਰੈਜ਼ੀਡੈਂਟ ਲਾਉਣ ਦਾ ਮਨ ਬਣਾਇਆ ਹੈ। ਨਵਜੋਤ ਸਿੰਘ ਸਿੱਧੂ ਦਾ ਨਾਮ ਵਰਕਿੰਗ ਪ੍ਰੈਜ਼ੀਡੈਂਟ ਵਜੋਂ ਸਾਹਮਣੇ ਆਇਆ ਹੈ ਤੇ ਕੈਪਟਨ ਨੇ ਆਪਣੇ ਖੇਮੇ ਚੋਂ ਕੋਈ ਹਿੰਦੂ ਚਿਹਰਾ ਦੂਸਰਾ ਵਰਕਿੰਗ ਪ੍ਰੈਜ਼ੀਡੈਂਟ ਲਾਉਣ ਵਾਸਤੇ ਵੀ ਅੱਜ ਚਰਚਾ ਵਿਚਾਰ ਏਜੰਡੇ ਦੀ ਸੂਚੀ ਵਿੱਚ ਰੱਖਿਆ ਸੀ । ਇਸ ਗੱਲ ਨੂੰ ਲੈ ਕੇ ਮੀਟਿੰਗ ‘ਚ ਅੱਜ ਦੋ ਲੀਡਰਾਂ ਦੇ ਨਾਮਾਂ ਤੇ ਚਰਚਾ ਹੋਈ । ਇਸ ਵਿੱਚ ਐਮਪੀ ਮਨੀਸ਼ ਤਿਵਾੜੀ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਨਾਮ ‘ਤੇ ਵਿਚਾਰ ਕੀਤਾ ਗਿਆ।

 

Share this Article
Leave a comment