ਅੰਮ੍ਰਿਤਪਾਲ ਦੇ ਮੁੱਦੇ ‘ਤੇ ਸਦਨ ‘ਚ ਟਕਰਾਅ

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਪੰਜਾਬ ਵਿਧਾਨਸਭਾ ਦਾ ਤਕਰੀਬਨ ਆਖਰੀ ਦਿਨ ਵੀ ਟਕਰਾ ਦੀ ਭੇਂਟ ਚੜ ਗਿਆ । 23 ਮਾਰਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਵਲੋਂ ਕੌਮੀ ਪੱਧਰ ਤੇ ਭਲਕੇ ਦਿੱਲੀ ਵਿਚ ਰੈਲੀ ਕਰਕੇ ਮਨਾਇਆ ਜਾ ਰਿਹਾ ਹੈ । ਉਸ ਤੋਂ ਅਗਲੇ ਦਿਨ 24 ਮਾਰਚ ਨੂੰ ਪੰਜਾਬ ਵਿਧਾਨਸਭਾ ਬੱਜਟ ਸੈਸ਼ਨ ਦਾ ਆਖਰੀ ਦਿਨ ਹੋਵੇਗਾ । ਅੱਜ ਜਿਸ ਮੁੱਦੇ ਉਪਰ ਹਾਕਮ ਧਿਰ ਅਤੇ ਵਿਰੋਧੀ ਧਿਰ ਕਾਂਗਰਸ ਵਿਚਕਾਰ ਟਕਰਾਅ ਹੋਇਆ, ਉਹ ਮੁਖ ਤੋਰ ਤੇ ਅਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈਕੇ ਸਦਨ ਵਿਚ ਬਹਿਸ ਦੀ ਮੰਗ ਕਰਨ ਨਾਲ ਜੁੜਿਆ ਹੋਇਆ ਸੀ । ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਮਾਮਲੇ ਉਪਰ ਬਹਿਸ ਦੀ ਆਗਿਆ ਨਾ ਦਿਤੀ ਤਾਂ ਕਾਂਗਰਸ ਪਾਰਟੀ ਸਦਨ ਵਿਚੋਂ ਵਿਰੋਧ ਕਰਦੀ ਹੋਈ ਵਾਕਆਉਟ ਕਰ ਗਈ । ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਨਾ ਦੇਕੇ ਜਮਹੂਰੀਅਤ ਦਾ ਨਿਰਾਦਰ ਕੀਤਾ ਹੈ । ਕਾਂਗਰਸ ਦਾ ਕਹਿਣਾ ਹੈ ਕੇ ਪੰਜਾਬ ਦੇ ਆਪ ਦੇ ਆਗੂਆਂ ਨੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ । ਦੂਜੇ ਪਾਸੇ ਹਾਕਮ ਧਿਰ ਦਾ ਕਹਿਣਾ ਹੈ ਕੇ ਪਹਿਲਾ ਤਾ ਕਾਂਗਰਸ ਵਲੋਂ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ ਤਾਂ ਕਾਂਗਰਸ ਨੂੰ ਇਸ ਕਾਰਵਾਈ ਦੀ ਹਮਾਇਤ ਕਰਨੀ ਚਾਹੀਦੀ ਹੈ।  ਜਦੋਂ ਸਾਰੇ ਤੱਥ ਸਾਹਮਣੇ ਆ ਜਾਣਗੇ ਤਾਂ ਸਰਕਾਰ ਸਦਨ ਨੂੰ ਵੀ ਪੂਰੀ ਜਾਣਕਾਰੀ ਦੇਵੇਗੀ । ਇਹ ਵੀ ਅਹਿਮ ਹੈ ਕੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁਧ ਕੀਤੀ ਕਾਰਵਾਈ ਦੀ ਪੂਰੀ ਹਮਾਇਤ ਕਰ ਰਹੀ ਹੈ । ਭਾਜਪਾ ਦਾ ਕਹਿਣਾ ਹੈ ਕੇ ਮਾਨ ਸਰਕਾਰ ਦੀਆਂ ਹੋਰ ਨੀਤੀਆਂ ਦਾ ਵਿਰੋਧ ਕਰਦੇ ਹਨ ਪਰ ਇਸ ਮਾਮਲੇ ਵਿਚ ਉਹ ਸਰਕਾਰ ਦੇ ਨਾਲ ਹਨ ।

ਅਕਾਲੀ ਦਲ ਵਲੋਂ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਵੱਖਰਾ ਸਟੈਂਡ ਲਿਆ ਗਿਆ ਹੈ। ਅਕਾਲੀ ਦਲ ਅੰਮ੍ਰਿਤਪਾਲ ਸਿੰਘ ਦੀਆਂ ਨੀਤੀਆਂ ਨਾਲ ਮਤਭੇਦ ਰੱਖਦਾ ਹੈ ਪਰ ਪੰਜਾਬ ਵਿਚ ਪੁਲਿਸ ਵਲੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਵਿਰੋਧ ਕਰ ਹੈ । ਅਕਾਲੀ ਦਲ ਦਾ ਕਹਿਣਾ ਹੈ ਕੇ ਨੌਜਵਾਨਾਂ ਉਪਰ ਖ਼ਤਰਨਾਕ ਐਕਟ NSA ਲਗਾਇਆ ਜਾ ਰਿਹਾ ਹੈ । ਅਜਿਹੀ ਕਾਰਵਾਈ ਪੰਜਾਬ ਅਤੇ ਦੇਸ਼ ਦੇ ਭਵਿੱਖ ਲਈ ਖਤਰਨਾਕ ਹੈ ।

ਪੰਜਾਬ ਵਿਧਾਨਸਭਾ ਵਿਚ ਅੱਜ ਹਾਕਮ ਧਿਰ ਆਮ ਆਦਮੀ ਪਾਰਟੀ ਵਲੋਂ ਹਿਮਾਚਲ ਸਰਕਾਰ ਵਲੋਂ ਦੂਜੇ ਰਾਜਾਂ ਨੂੰ ਜਾ ਰਹੇ ਪਾਣੀਆਂ ਉਪਰ ਸੈੱਸ ਲਗਾਉਣ ਵਿਰੁੱਧ ਮਤਾ ਪਾਸ ਕੀਤਾ ਗਿਆ । ਇਹ ਮਾਮਲਾ ਪੰਜਾਬ ਸਮੇਤ ਗਵਾਂਢੀ ਰਾਜਾਂ ਨਾਲ ਝਗੜੇ ਦਾ ਮੁੱਦਾ ਬਣਨ ਦੀ ਸੰਭਾਵਨਾ ਹੈ ।

- Advertisement -

Share this Article
Leave a comment