ਲੋਹੜੀ ਦੀ ਰਵਾਇਤੀ ਮਹੱਤਤਾ ਅਤੇ ਕੌਣ ਸੀ ਅਣਖ ਦਾ ਪ੍ਰਤੀਕ ਦੁੱਲਾ ਭੱਟੀ

TeamGlobalPunjab
6 Min Read

-ਅਵਤਾਰ ਸਿੰਘ

ਲੋਹੜੀ ਸ਼ਬਦ ‘ਲੋਹੀ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਮੀਂਹ ਪੈਣਾ ਜਾਂ ਫਸਲਾਂ ਦਾ ਖਿੜਨਾ। ਮੰਨਿਆ ਜਾਂਦਾ ਹੈ ਜੇ ਲੋਹੜੀ ਦੇ ਸਮੇਂ ਮੀਂਹ ਨਾ ਪਵੇ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ। ਇਕ ਹੋਰ ਵਿਚਾਰ ਅਨੁਸਾਰ ਲੋਹੜੀ ਸ਼ਬਦ ਤਿਲ+ਰੋੜੀ ਤੋਂ ਵਿਗੜ ਕੇ ਪਹਿਲਾਂ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਕ ਕਥਾ ਅਨੁਸਾਰ ਲੋਹੜੀ ਨਾਂ ਦੀ ਦੇਵੀ ਨੇ ਇਕ ਰਾਕਸ਼ ਨੂੰ ਮਾਰਿਆ ਸੀ।

ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣ ਲਗ ਪੈਂਦੇ ਹਨ। ਹੁਣ ਲੋਹੜੀ ਮੰਗਣ ਦਾ ਰਿਵਾਜ ਘੱਟ ਰਿਹਾ ਹੈ। ਜਿਸ ਘਰ ਵਿਚ ਲੜਕਾ ਪੈਦਾ ਹੋਇਆ ਹੋਵੇ ਜਾਂ ਨਵਾਂ ਵਿਆਹ ਹੋਵੇ ਉਹ ਮੂੰਗਫਲੀ, ਰਿਉੜੀਆਂ, ਚਿਰਵੜੇ, ਗਚਕ, ਮੱਕੀ ਦੇ ਦਾਣੇ ਤੇ ਗੁੜ ਵੰਡਦੇ ਹਨ। ਅੱਜ ਕੱਲ੍ਹ ਤਾਂ ਨਗਦ ਪੈਸੇ ਵੀ ਵੰਡੇ ਜਾਂਦੇ ਹਨ। ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ। ਰਾਤ ਨੂੰ ਅੱਗ ਦਾ ਭੁੱਗਾ ਬਾਲ ਕੇ ਆਂਢੀ-ਗੁਆਂਢੀ ਖੁਸ਼ੀ ਦੇ ਗੀਤ ਗਾਉਂਦੇ ਹਨ। ਲੜਕਿਆਂ ਦੇ ਮੁਕਾਬਲੇ ਹੁਣ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਵੇਖ ਕੇ ਕੁਝ ਵਿਭਾਗਾਂ ਤੇ ਲੋਕਾਂ ਵਲੋਂ ਲੜਕੀਆਂ ਦੀ ਲੋਹੜੀ ਵੀ ਮਨਾਉਣ ਦੀ ਪਿਰਤ ਪਾਈ ਜਾ ਰਹੀ ਹੈ।

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਉਣਾ ਮੌੜ, ਸੁੱਚਾ ਸੂਰਮਾ ਤੇ ਦੁੱਲਾ ਭੱਟੀ ਉਰਫ ਅਬਦੁਲਾ ਖਾਨ ਭੱਟੀ ਵਿਚੋਂ ਸਭ ਤੋਂ ਪਹਿਲਾਂ ਦੁੱਲਾ ਭੱਟੀ ਹੋਇਆ ਹੈ। ਇਸ ਦਾ ਜਨਮ 1569 ਨੂੰ ਮਾਈ ਲੱਧੀ ਦੀ ਕੁੱਖੋਂ ਰਾਏ ਫਰੀਦ ਖਾਨ ਭੱਟੀ ਦੇ ਘਰ ਹੋਇਆ ਜੋ ਭੱਟੀ ਦਾ ਸਰਦਾਰ ਸੀ। ਦੁੱਲੇ ਦਾ ਪਿੰਡ ਭੱਟੀਆਂ ਲਾਹੌਰ ਇਸਲਾਮਾਬਾਦ ਰੋਡ ‘ਤੇ ਹੈ। ਕਿਹਾ ਜਾਂਦਾ ਉਸੇ ਦਿਨ ਰਾਜਾ ਅਕਬਰ ਦੇ ਘਰ ਸ਼ਹਿਜ਼ਾਦਾ ਸ਼ੇਖੂ ਦਾ ਜਨਮ ਹੋਇਆ। ਨਜੂਮੀਆਂ ਨੇ ਰਾਜੇ ਨੂੰ ਖ਼ਬਰ ਦਿੱਤੀ ਕਿ ਤੁਹਾਡਾ ਪੁੱਤਰ ਵੱਡਾ ਹੋ ਕੇ ਇਨਸਾਫਪਸੰਦ ਤੇ ਬਹਾਦਰ ਬਣੇਗਾ ਜੇ ਇਸ ਨੂੰ ਉਸ ਮਾਂ ਦਾ ਦੁੱਧ ਪਿਲਾਇਆ ਜਾਵੇ ਜੋ ਉਸਦੇ ਰਾਜ ਵਿੱਚ ਉਸੇ ਦਿਨ ਜਿਸ ਦੇ ਬੱਚਾ ਪੈਦਾ ਹੋਇਆ ਹੋਵੇਗਾ। ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਜਿਸ ਫਰੀਦ ਭੱਟੀ ਨੂੰ ਮਾਰਿਆ ਸੀ ਉਸੇ ਦੀ ਪਤਨੀ ਦੇ ਘਰ ਉਸੇ ਦਿਨ ਐਤਵਾਰ ਪੁੱਤ ਜੰਮਿਆ ਹੈ। ਰਾਜੇ ਨੇ ਸ਼ੇਖੂ ਨੂੰ ਲੱਧੀ ਕੋਲ ਪਾਲਣ ਪੋਸ਼ਣ ਲਈ ਭੇਜ ਦਿੱਤਾ।

- Advertisement -

ਦੁੱਲਾ ਤੇ ਸ਼ੇਖੂ ਦੋਵੇਂ ਲੱਧੀ ਦਾ ਦੁੱਧ ਚੁੰਘਦੇ ਹੋਏ ਭਰਾਵਾਂ ਵਾਂਗ ਵੱਡੇ ਹੋਏ। ਇਕੱਠੇ ਕੁਸ਼ਤੀ ਕਰਦੇ, ਤੀਰ ਚਲਾਉਦੇ ਤੇ ਘੋੜੀਆਂ ‘ਤੇ ਚੜਦੇ। ਬਾਰਾਂ ਸਾਲ ਹੋਣ ‘ਤੇ ਦੁਲੇ ਤੇ ਸ਼ੇਖੂ ਨੂੰ ਰਾਜੇ ਦੇ ਦਰਬਾਰ ਵਿਚ ਬੁਲਾਇਆ ਗਿਆ। ਉਸਨੇ ਦੋਹਾਂ ਦੇ ਤੀਰ ਅੰਦਾਜੀ, ਘੋੜਸਵਾਰੀ ਤੇ ਤਲਵਾਰਬਾਜ਼ੀ ਦੇ ਮੁਕਾਬਲੇ ਕਰਾਏ ਤੇ ਜਿਸ ਵਿਚ ਦੁੱਲਾ ਜਿੱਤਦਾ ਰਿਹਾ। ਰਾਜੇ ਨੇ ਲੱਧੀ ਨੂੰ ਬੁਲਾ ਕੇ ਗੁਸੇ ਵਿੱਚ ਪੁਛਿਆ ਕਿ ਮੇਰਾ ਸ਼ੇਖੂ ਕਿਉ ਹਾਰਦਾ ਹੈ। ਉਸਨੇ ਜੁਆਬ ਦਿੱਤਾ ਕਿ ਸੱਜੇ ਪਾਸੇ ਤੋਂ ਦੁੱਲੇ ਨੂੰ ਤੇ ਖੱਬੇ ਪਾਸੇ ਤੋਂ ਸ਼ੇਖੂ ਨੂੰ ਦੁੱਧ ਪਿਲਾਉਦੀ ਰਹੀ ਹਾਂ। ਉਸਨੇ ਕੁਝ ਸੋਚ ਕੇ ਕਿਹਾ ਤੇਰਾ ਕਸੂਰ ਮਾਫ ਕਰਦਾ ਹਾਂ ਕਿਉਕਿ ਤੂੰ ਸ਼ੇਖੂ ਨੂੰ ਪਾਲਿਆ ਹੈ।

ਲੱਧੀ ਨੇ ਦੁੱਲੇ ਨੂੰ ਕਾਜੀ ਤੋਂ ਪੜਨ ਲਈ ਭੇਜਿਆ ਪਰ ਕਾਜੀ ਦੀ ਕੱਟੜ ਪੜ੍ਹਾਈ ਤੋਂ ਤੰਗ ਆ ਕੇ ਦੁੱਲੇ ਨੇ ਉਸਨੂੰ ਕੁੱਟ ਕੇ ਭਜਾ ਦਿੱਤਾ।

ਜਦੋਂ ਅਕਬਰ ਬਾਦਸ਼ਾਹ ਨੇ ਜਬਰੀ ਮਾਮਲਾ ਇਕੱਠਾ ਕਰਨਾ ਸ਼ੁਰੂ ਕੀਤਾ ਸੀ ਤਾਂ ਦੁੱਲੇ ਦੇ ਬਾਪ ਤੇ ਦਾਦਾ ਵਲੋਂ ਮਾਲੀਆ ਨਾ ਦੇਣ ਨਾਂਹ ਕਰਨ ‘ਤੇ ਅਕਬਰ ਨੇ ਉਨਾਂ ਦੇ ਸਿਰ ਵੱਢ ਕੇ ਉਹਨਾਂ ਵਿਚ ਘਾਹ ਫੂਸ ਭਰ ਕੇ ਦਿੱਲੀ ਦੇ ਕਿਲੇ ਦੇ ਬਾਹਰ ਟੰਗਵਾਂ ਦਿੱਤੇ ਸਨ।

ਇਕ ਦਿਨ ਦੁੱਲਾ ਗੁਲੇਲ ਨਾਲ ਨੰਦੀ ਮਰਾਸਣ ਦਾ ਘੜਾ ਤੋੜ ਦਿੰਦਾ ਹੈ ਉਹ ਉਸਨੂੰ ਮੇਹਣਾ ਮਾਰਦੀ ਹੈ, “ਜੇ ਏਨਾ ਸੂਰਮਾ ਹੈ ਤਾਂ ਬਾਪ ਦਾਦੇ ਦਾ ਬਦਲਾ ਕਿਉਂ ਨਹੀਂ ਲੈਂਦਾ।” ਇਹ ਸੁਣ ਕੇ ਦੁੱਲੇ ਦਾ ਕਾਲਜਾ ਮਚ ਉਠਦਾ ਹੈ। ਉਹ ਘਰ ਆ ਕੇ ਮਾਂ ਤੋਂ ਸਾਰੀ ਗੱਲ ਜਾਣ ਕੇ ਕਹਿੰਦਾ, “ਮੈਂ ਬੁਜ਼ਦਿਲ ਨਹੀਂ,ਆਪਣੇ ਬਾਪ ਦਾ ਬਦਲਾ ਲਵਾਂਗਾ, ਮੈਨੂੰ ਬਾਪ ਦੀ ਕੋਈ ਨਿਸ਼ਾਨੀ ਦਿਖਾ।” ਮਾਂ ਨੇ ਘਰ ਦੀ ਪਿਛਲੀ ਕੋਠੜੀ ਖੋਲ੍ਹੀ ਤਾਂ ਦੁੱਲੇ ਨੇ ਬਾਪ ਦਾ ਨੇਜਾ ਤੇ ਨਗਾਰਾ ਬਾਹਰ ਕੱਢ ਲਿਆ।

ਦੁੱਲੇ ਨੇ ਨਗਾਰੇ ਉਤੇ ਏਨੀ ਜ਼ੋਰ ਨਾਲ ਚੋਟ ਲਾਈ ਕਿ ਉਸਦੀ ਧਮਕ ਪਿੰਡ ਤੋਂ ਬਾਹਰ ਦੂਰ ਦੂਰ ਤਕ ਸੁਣਾਈ ਦਿੱਤੀ।
ਸੋਲਾਂ ਵਰ੍ਹਿਆਂ ਪਿਛੋਂ ਲੋਕਾਂ ਨੂੰ ਨਗਾਰੇ ਦੀ ਅਵਾਜ਼ ਸੁਣਾਈ ਦਿੱਤੀ ਜੋ ਇਕ ਸਰਕਾਰ ਨੂੰ ਚਣੌਤੀ ਸੀ। ਦੁੱਲੇ ਨੇ ਸਾਥੀਆਂ ਨਾਲ ਮਿਲ ਕੇ ਪਹਿਲੀ ਵੰਗਾਰ ਚੰਦੜਾਂ ਦੇ ਸ਼ਾਹ ਲੁੱਟ ਕੇ ਦੂਜੀ ਸੁਦਾਗਰ ਦੇ ਅਰਬੀ ਘੋੜੇ ਖੋਹ ਕੇ ਤੀਜੀ ਮੋਦੇ ਖੱਤਰੀ ਨੂੰ ਲੁੱਟ ਕੇ ਚੌਥੀ ਅਕਬਰ ਦੀ ਬੇਗਮ ਜੋ ਮੱਕੇ ਜਾ ਰਹੀ ਸੀ ਉਸ ਨੂੰ ਲੁੱਟ ਕੇ ਅਤੇ ਉਸਦੀ ਗੁੱਤ ਮੁੰਨ ਕੇ ਪਾਈ, ਈਰਾਨ ਦੇ ਸ਼ਾਹ ਵਲੋਂ ਰਾਜੇ ਨੂੰ ਭੇਜੇ ਤੋਹਫੇ ਵੀ ਰਾਹ ਵਿਚ ਲੁੱਟ ਲਏ। ਇਲਾਕੇ ਦਾ ਜਗੀਰਦਾਰ ਬ੍ਰਾਹਮਣ ਦੀ ਧੀ ਸੁੰਦਰੀ ਮੁੰਦਰੀ ਨੂੰ ਜਬਰੀ ਰਖੇਲ ਬਣਾ ਕੇ ਰਖਣਾ ਚਾਹੁੰਦਾ ਸੀ, ਦੁਲਾ ਉਸ ਨੂੰ ਧੀ ਬਣਾ ਕੇ ਵਿਆਹੁਉਂਦਾ ਹੈ ਸਾਰੇ ਬਰਾਤੀਆਂ ਨੂੰ ਸੇਰ ਸੇਰ ਸ਼ੱਕਰ ਪਾਉਂਦਾ ਹੈ।ਜਗੀਰਦਾਰ ਦੇ ਗੁੰਡੇ ਕੁੜੀ ਦੇ ਰੱਤੇ ਸਾਲੂ ਨੂੰ ਹੱਥ ਪਾਉਂਦੇ ਹਨ ਤਾਂ ਉਹ ਸਾਰਿਆਂ ਦੇ ਸੌ ਸੌ ਛਿਤਰ ਮਾਰਦਾ ਹੈ। ਅਕਬਰ ਦੇ ਭੇਜੇ ਜਰਨੈਲ ਨਿਜ਼ਾਮੂਦੀਨ ਨੇ 15,000 ਸੈਨਕਾਂ ਨਾਲ ਚਾਰ ਲੜਾਈਆਂ ਵਿਚ ਵੀ ਸਫਲਤਾ ਨਾ ਮਿਲਦੀ ਵੇਖ ਕੇ, ਦੁੱਲੇ ਨੂੰ ਧਰਮ ਦਾ ਭਰਾ ਬਣਾ ਕੇ ਧੋਖੇ ਨਾਲ ਰਾਜੇ ਨਾਲ ਗੱਲਬਾਤ ਕਰਨ ਦੇ ਬਹਾਨੇ ਖਾਣੇ ‘ਚ ਨਸ਼ਾ ਮਿਲਾ ਕੇ ਬੇਹੋਸ਼ ਕਰਕੇ ਲਿਜਾਇਆ ਜਾਂਦਾ ਹੈ ਤੇ ਹੋਸ਼ ਆਉਣ ‘ਤੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲੈਂਦਾ ਹੈ ਪਰ ਖੋਜਾਂ ਮੁਤਾਬਕ ਰਾਜੇ ਨੇ ਅਣਖ ਦੇ ਪ੍ਰਤੀਕ ਦੁਲੇ ਨੂੰ ਤੀਹ ਸਾਲ ਦੀ ਉਮਰ (1599) ਵਿਚ ਫਾਂਸੀ ਲਵਾ ਦਿਤਾ ਸੀ। ਉਸ ਦੀਆਂ ਆਖਰੀ ਰਸਮਾਂ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ। ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ‘ਚ ਬਣੀ ਹੋਈ ਹੈ।

- Advertisement -
Share this Article
Leave a comment