ਵਾਸ਼ਿੰਗਟਨ- ਅਮਰੀਕਾ ਦਾ ਐੱਫ-35 ਲੜਾਕੂ ਜਹਾਜ਼ ਸੋਮਵਾਰ ਨੂੰ ਯੂਐੱਸਐੱਸ ਕਾਰਲ ਵਿਨਸਨ ਏਅਰਕ੍ਰਾਫਟ ਕੈਰੀਅਰ ਦੇ ਡੈੱਕ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਏਅਰਕ੍ਰਾਫਟ ਕੈਰੀਅਰ ਵਿੱਚ ਸਵਾਰ 7 ਮਲਾਹ ਜ਼ਖ਼ਮੀ ਹੋ ਗਏ। ਅਮਰੀਕੀ ਜਲ ਸੈਨਾ ਨੇ ਇਕ ਬਿਆਨ ‘ਚ ਕਿਹਾ ਕਿ ਇਹ ਘਟਨਾ ਦੱਖਣੀ ਚੀਨ ਸਾਗਰ ‘ਚ ਰੁਟੀਨ ਫਲਾਈਟ ਆਪਰੇਸ਼ਨ ਦੌਰਾਨ ਵਾਪਰੀ।
ਲੜਾਕੂ ਜਹਾਜ਼ ਦੇ ਡੈੱਕ ਨਾਲ ਟਕਰਾਉਣ ਤੋਂ ਪਹਿਲਾਂ ਪਾਇਲਟ ਨੇ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਸ ਨੂੰ ਬਾਅਦ ਵਿੱਚ ਇੱਕ ਹੈਲੀਕਾਪਟਰ ਦੁਆਰਾ ਸਮੁੰਦਰ ਤੋਂ ਇੱਕ ਕੈਰੀਅਰ ‘ਤੇ ਲਿਆਂਦਾ ਗਿਆ, ਉਸ ਦੀ ਹਾਲਤ ਨਾਰਮਲ ਹੈ। ਯੂਐਸ ਨੇ ਇੱਕ ਬਿਆਨ ਵਿੱਚ ਕਿਹਾ ” ਕੈਰੀਅਰ ਏਅਰ ਵਿੰਗ (CVW) 2 ਨੂੰ ਸੌਂਪਿਆ ਗਿਆ ਇੱਕ F-35C ਲਾਈਟਨਿੰਗ II ਲੜਾਕੂ ਜਹਾਜ਼ USS ਕਾਰਲ ਵਿਨਸਨ (CVN 70) ਦੇ ਡੈੱਕ ‘ਤੇ ਦੱਖਣੀ ਚੀਨ ਸਾਗਰ ‘ਤੇ ਰੁਟੀਨ ਉਡਾਣ ਦੌਰਾਨ 24 ਜਨਵਰੀ 2022 ਨੂੰ ਕਰੈਸ਼ ਹੋ ਗਿਆ।
ਪਾਇਲਟ ਨੂੰ ਹਵਾਈ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਇੱਕ ਅਮਰੀਕੀ ਫੌਜੀ ਹੈਲੀਕਾਪਟਰ ਦੁਆਰਾ ਕੈਰੀਅਰ ਵਿੱਚ ਵਾਪਸ ਲਿਆਂਦਾ ਗਿਆ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਤਿੰਨਾਂ ਮਲਾਹਾਂ ਨੂੰ ਇਲਾਜ ਲਈ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਇਸ ਦੇ ਨਾਲ ਹੀ ਬਾਕੀ ਚਾਰ ਲੋਕਾਂ ਦਾ ਇਲਾਜ ਜਲ ਸੈਨਾ ਨੇ ਜਹਾਜ਼ ‘ਚ ਹੀ ਕੀਤਾ। ਇਸ ਦੇ ਨਾਲ ਹੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨ ਅਤੇ ਜਹਾਜ਼ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੈਸੀਫਿਕ ਫਲੀਟ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।