ਪੰਚਤਵ ‘ਚ ਵਿਲੀਨ ਹੋਈ ਸੋਨਾਲੀ ਫੋਗਾਟ,ਸੀਐਮ ਖੱਟਰ ਨੇ ਮੌਤ ਦੀ CBI ਜਾਂਚ ਦੀ ਮੰਗ ‘ਤੇ ਕਹੀ ਇਹ ਗੱਲ

Rajneet Kaur
3 Min Read

ਨਿਊਜ਼ ਡੈਸਕ:  ਬੀਜੇਪੀ ਨੇਤਾ ਅਤੇ ਸੋਸ਼ਲ ਮੀਡੀਆ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।ਸੋਨਾਲੀ ਫੋਗਾਟ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਹਿਸਾਰ ‘ਚ ਕੀਤਾ ਗਿਆ ਅਤੇ ਇਸ ਦੌਰਾਨ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਫੋਗਾਟ ਦੀ ਧੀ ਯਸ਼ੋਧਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰਿਸ਼ੀ ਨਗਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਈ ਦਿੱਤੀ। ਹਰਿਆਣਾ ਦੇ ਮੰਤਰੀ ਅਤੇ ਹਿਸਾਰ ਤੋਂ ਭਾਜਪਾ ਵਿਧਾਇਕ ਕਮਲ ਗੁਪਤਾ ਅਤੇ ਪਾਰਟੀ ਆਗੂ ਕੁਲਦੀਪ ਬਿਸ਼ਨੋਈ ਵੀ ਫੋਗਾਟ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਪਰਿਵਾਰ ਉਨ੍ਹਾਂ ਦੀ ਮੌਤ ਦੀ ਸੀਬੀਆਈ ਜਾਂਚ ਚਾਹੁੰਦਾ ਹੈ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਬਾਰੇ ਖੱਟਰ ਨੇ ਕਿਹਾ ਕਿ ਪਰਿਵਾਰ ਜੋ ਚਾਹੇਗਾ, ਅਸੀਂ ਉਹੀ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਰਿਵਾਰ ਲਿਖਤੀ ਬੇਨਤੀ ਕਰਦਾ ਹੈ ਤਾਂ ਅਸੀਂ ਇਸ ਮੁੱਦੇ ‘ਤੇ ਅੱਗੇ ਵਿਚਾਰ ਕਰਾਂਗੇ। ਖੱਟਰ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਗੱਲ ਕੀਤੀ ਸੀ।

ਸੋਨਾਲੀ ਫੋਗਾਟ ਦੀ 23 ਅਗਸਤ ਦੀ ਸਵੇਰ ਨੂੰ ਉੱਤਰੀ ਗੋਆ ਜ਼ਿਲ੍ਹੇ ਦੇ ਅੰਜੁਨਾ ਵਿੱਚ ਮੌਤ ਹੋ ਗਈ ਸੀ। ਸ਼ੁਰੂਆਤ ‘ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਸੀ ਪਰ ਫਿਰ ਪੋਸਟਮਾਰਟਮ ਰਿਪੋਰਟ ‘ਚ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਹਨ।ਗੋਆ ਪੁਲਿਸ ਨੇ ਹੁਣ ਕਤਲ ਦਾ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ  ਮੁਤਾਬਕ ਸੋਨਾਲੀ ਨੂੰ ਇਕ ਰੈਸਟੋਰੈਂਟ ‘ਚ ਡ੍ਰਿੰਕ ‘ਚ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ।

- Advertisement -

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੋਨਾਲੀ ਦੇ ਕਤਲ ਤੋਂ ਬਾਅਦ ਉਹ ਗੋਆ ਦੇ ਮੁੱਖ ਮੰਤਰੀ ਦਫ਼ਤਰ ਦੇ ਲਗਾਤਾਰ ਸੰਪਰਕ ਵਿੱਚ ਹਨ। ਗੋਆ ਪੁਲਿਸ ਨੇ ਹਰਿਆਣਾ ਪੁਲਿਸ ਤੋਂ ਸੋਨਾਲੀ ਫੋਗਾਟ ਅਤੇ ਉਸਦੇ ਪੀਏ ਸੁਧੀਰ ਸਾਂਗਵਾਨ ਦੀਆਂ ਜਾਇਦਾਦਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਲੋੜ ਪੈਣ ‘ਤੇ ਹਰਿਆਣਾ ਤੋਂ ਵਿਸ਼ੇਸ਼ ਅਧਿਕਾਰੀਆਂ ਦੀ ਟੀਮ ਗੋਆ ਭੇਜਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

ਗੋਆ ਪੁਲਿਸ ਨੂੰ ਸ਼ੱਕ ਹੈ ਕਿ ਸੁਧੀਰ ਨੇ ਜਾਇਦਾਦ ਦੇ ਲਾਲਚ ‘ਚ ਸੋਨਾਲੀ ਫੋਗਾਟ ਦਾ ਕਤਲ ਕੀਤਾ ਹੈ, ਜਿਸ ਦੀ ਕੀਮਤ ਕਰੀਬ 2.74 ਕਰੋੜ ਦੱਸੀ ਜਾਂਦੀ ਹੈ। ਫੋਗਾਟ ਦੇ ਭਰਾ ਰਿੰਕੂ ਢਾਕਾ ਨੇ ਵੀ ਸੁਧੀਰ ‘ਤੇ ਅਜਿਹੇ ਹੀ ਦੋਸ਼ ਲਾਏ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment