ਲਖਨਊ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਲਈ ‘ਉਨਤੀ ਵਿਧਾਨ ਜਨ ਘੋਸ਼ਨਾ ਪੱਤਰ-2022’ ਦੇ ਨਾਂ ‘ਤੇ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ 1 ਲੱਖ ਲੋਕਾਂ ਨਾਲ ਗੱਲਬਾਤ ਕਰਕੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ। ਇਸ ਵਿੱਚ ਆਮ ਲੋਕ, ਮਜ਼ਦੂਰ, ਕਿਸਾਨ, ਮਾਹਿਰ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਹੀ ਅਰਥਾਂ ਵਿੱਚ ਜਨਤਕ ਮੈਨੀਫੈਸਟੋ ਹੈ।
ਪ੍ਰਿਅੰਕਾ ਨੇ ਕਿਹਾ ਕਿ ਇਸ ਰਾਹੀਂ ਉਹ ਦੱਸਣਾ ਚਾਹੁੰਦੀ ਹੈ ਕਿ ਲੋਕਾਂ ਦੀਆਂ ਆਸਾਂ ਕੀ ਹਨ ਅਤੇ ਕਾਂਗਰਸ ਲੋਕਾਂ ਲਈ ਕੀ ਕਰੇਗੀ। ਉਨ੍ਹਾਂ ਨੇ ਕਿਹਾ, ‘ਅਸੀਂ ਜੋ ਵੀ ਮੈਨੀਫੈਸਟੋ ਜਾਰੀ ਕੀਤੇ ਹਨ, ਉਨ੍ਹਾਂ ਵਿੱਚ ਦਰਜ ਗੱਲਾਂ ਆਮ ਲੋਕਾਂ ਦੇ ਸੁਝਾਅ ਹਨ। ਇਹ ਸਾਰੇ ਸੁਝਾਅ ਸੂਬੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਆਏ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਰਜ ਕੀਤਾ ਹੈ ਕਿ ਅਸੀਂ ਸੂਬੇ ਦਾ ਵਿਕਾਸ ਕਿਵੇਂ ਕਰਾਂਗੇ।
ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ 10 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਛੱਤੀਸਗੜ੍ਹ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਹੁੰ ਚੁੱਕਦਿਆਂ ਹੀ ਉੱਥੇ 3 ਘੰਟਿਆਂ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਇਸ ਤੋਂ ਇਲਾਵਾ ਝੋਨਾ ਅਤੇ ਕਣਕ 2500 ਰੁਪਏ ਪ੍ਰਤੀ ਕੁਇੰਟਲ ਅਤੇ ਗੰਨਾ 400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਬਿਜਲੀ ਬਿੱਲ ਅੱਧਾ ਕਰਨ ਅਤੇ ਕਰੋਨਾ ਸਮੇਂ ਦੇ ਬਕਾਏ ਬਿੱਲ ਮੁਆਫ ਕਰਨ ਦੀ ਗੱਲ ਵੀ ਕਹੀ ਹੈ। ਇਸ ਤੋਂ ਇਲਾਵਾ ਕਰੋਨਾ ਤੋਂ ਆਰਥਿਕ ਤੌਰ ‘ਤੇ ਪ੍ਰਭਾਵਿਤ ਪਰਿਵਾਰਾਂ ਨੂੰ 25,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ, ਤਾਂ ਜੋ ਉਹ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਰੁਜ਼ਗਾਰ ਸਬੰਧੀ ਵੱਡਾ ਵਾਅਦਾ ਕੀਤਾ ਹੈ। ਪਾਰਟੀ ਦੇ ਉਨਤੀ ਵਿਧਾਨ ਜਨ ਮੈਨੀਫੈਸਟੋ ਮੁਤਾਬਕ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ 20 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪੁਲਿਸ, ਸਿਹਤ ਸੇਵਾਵਾਂ ਅਤੇ ਸਿੱਖਿਆ ਵਿਭਾਗਾਂ ਸਮੇਤ ਜਨਤਕ ਖੇਤਰ ਦੇ ਹੋਰ ਵਿਭਾਗਾਂ ਵਿੱਚ ਵੀ 12 ਲੱਖ ਦਾ ਵੱਡਾ ਬੈਕਲਾਗ ਭਰਿਆ ਜਾਵੇਗਾ। ਇਸ ਤੋਂ ਇਲਾਵਾ 8 ਲੱਖ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਕਾਂਗਰਸ ਦੇ ਜਨਰਲ ਸਕੱਤਰ ਨੇ ਠੇਕਾ ਮੁਲਾਜ਼ਮਾਂ ਨੂੰ ਪੜਾਅਵਾਰ ਪੱਕੇ ਕਰਨ ਦਾ ਵੀ ਵਾਅਦਾ ਕੀਤਾ ਹੈ।