Home / ਓਪੀਨੀਅਨ / ਕਿਹੜੀ ਕਿਤਾਬ ਪੜ੍ਹਨ ਤੋਂ ਬਾਅਦ ਆਜ਼ਾਦੀ ਸੰਘਰਸ਼ ਵਿੱਚ ਕੁੱਦੇ ਸਨ ਕਾਮਰੇਡ ਸੋਹਣ ਸਿੰਘ ਜੋਸ਼

ਕਿਹੜੀ ਕਿਤਾਬ ਪੜ੍ਹਨ ਤੋਂ ਬਾਅਦ ਆਜ਼ਾਦੀ ਸੰਘਰਸ਼ ਵਿੱਚ ਕੁੱਦੇ ਸਨ ਕਾਮਰੇਡ ਸੋਹਣ ਸਿੰਘ ਜੋਸ਼

-ਅਵਤਾਰ ਸਿੰਘ

ਕਾਮਰੇਡ ਸੋਹਣ ਸਿੰਘ ਜੋਸ਼ ਦਾ ਜਨਮ ਚੇਤਨਪੁਰਾ (ਅੰਮ੍ਰਿਤਸਰ) ਵਿਖੇ 12 ਨਵੰਬਰ 1898 ਨੂੰ ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ। ਲਾਲ ਸਿੰਘ ਦੇ ਤਿੰਨ ਲੜਕੇ ਸਨ ਜਿਨ੍ਹਾਂ ਵਿਚੋਂ ਸੋਹਣ ਸਿੰਘ ਵੱਡੇ ਸਨ।

1912 ਵਿੱਚ ਪ੍ਰਾਇਮਰੀ ਕਰਨ ਉਪਰੰਤ ਅੱਠਵੀਂ ਜਮਾਤ ਮਜੀਠਾ ਦੇ ਸਕੂਲ ਤੋਂ ਕੀਤੀ ਤੇ ਡੀ ਏ ਵੀ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ। ਖਾਲਸਾ ਕਾਲਜ ਅੰਮਿ੍ਤਸਰ ਵਿੱਚ ਦਾਖਲ ਹੋਏ ਉਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋਂ ਤੇ ਮੋਹਨ ਸਿੰਘ ਨਾਗੋਕੇ ਦਾ ਵੀ ਸਾਥ ਮਿਲਿਆ। ਉਥੋਂ ਬੀ ਏ ਪਾਸ ਕੀਤੀ। ਹੁਬਲੀ, ਬੰਬਈ ਵਿੱਚ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਤੇ 1918 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਵਾਪਸ ਆ ਗਏ ਤੇ ਮਜੀਠੇ ਵਿੱਚ ਅਧਿਆਪਕ ਲੱਗੇ।

1921 ਨੂੰ ਅਕਾਲੀ ਲਹਿਰ ਵਿੱਚ ਭਾਗ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੇ ਮੈਂਬਰ ਬਣਨ ‘ਤੇ ਉਨ੍ਹਾਂ ਨੂੰ ਸਾਜਿਸ਼ ਅਧੀਨ ਗ੍ਰਿਫਤਾਰ ਕੀਤਾ ਗਿਆ।

ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕਿਰਤੀ ਵਲੋਂ ਜਾਰੀ ਅਖ਼ਬਾਰ ‘ਕਿਰਤੀ’ ਦੇ ਐਡੀਟਰ ਬਣੇ। ਕਿਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢੀਆਂ ਵਿੱਚੋਂ ਸਨ। 1927 ਤੋਂ 1929 ਤੱਕ ਇਸਦੇ ਜਨਰਲ ਸਕੱਤਰ ਰਹੇ।

1928 ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨਾਲ ਨੌਜਵਾਨ ਭਾਰਤ ਸਭਾ ਰਾਂਹੀ ਜੁੜੇ ਰਹੇ।

ਮੇਰਠ ਸਾਜਿਸ਼ ਕੇਸ ‘ਚ ਵੀ ਗ੍ਰਿਫਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਕਮਿਉਨਿਸਟ ਮੈਂਬਰ ਬਣੇ। 1939, 48 ਤੇ 1962 ਵਿੱਚ ਵੀ ਗ੍ਰਿਫਤਾਰ ਕੀਤਾ ਗਿਆ। ਉਹ ‘ਕਿਰਤੀ’, ‘ਜੰਗ ਆਜਾਦੀ’ ‘ਨਵਾਂ ਜ਼ਮਾਨਾ’ ਦੇ ਸੰਪਾਦਕ ਰਹੇ। ਉਨ੍ਹਾਂ ਇਤਿਹਾਸ ਦੀਆਂ ਕਈ ਕਿਤਾਬਾਂ ‘ਅਕਾਲੀ ਮੋਰਚਿਆਂ ਦਾ ਇਤਿਹਾਸ’, ‘ਗਦਰ ਪਾਰਟੀ’, ‘ਕਾਮਾਗਾਟਾ ਮਾਰੂ’ ‘ਸੋਹਣ ਸਿੰਘ ਭਕਨਾ’ ‘ਸੰਤੋਖ ਸਿੰਘ’ ਆਦਿ ਲਿਖੀਆਂ।

ਉਹ ਸਾਰੀ ਉਮਰ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਮੈਂਬਰ ਰਹੇ। ਉਹ ਸੁੰਤਤਰਤਾ ਦੇ ਮਹਾਨ ਸੁੰਤਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਤ ਹੋਏ। ਇਸ ਕਿਤਾਬ ਵਿਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19-12 -1928 ਵਿੱਚ ਇਨ੍ਹਾਂ ਕੋਲ ਰਾਤ ਰਹਿਣ ਉਪਰੰਤ ਜਾਣ ਲੱਗੇ ਪੜਨ ਲਈ ਲੈ ਗਏ ਪਰ ਬਾਅਦ ‘ਚ ਇਨ੍ਹਾਂ ਦਾ ਕਦੇ ਮੇਲ ਨਹੀ ਹੋਇਆ।

ਜੋਸ਼ ਨੇ ਲਿਖਿਆ ਸੀ ਕਿ ਅਸੀਂ ਭੂਤ ਦੇ ਅੰਧਵਿਸ਼ਵਾਸਾਂ, ਮਰ ਚੁਕੀਆਂ ਕਦਰਾਂ ਕੀਮਤਾਂ, ਰਹੁ-ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਅਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਅਤੇ ਖਿਆਲਾਂ ਨੂੰ ਅਪਣਾ ਕੇ ਅੱਗੇ ਲੈ ਜਾ ਸਕਦੇ ਹਾਂ। ਉਨ੍ਹਾਂ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਨਾਲ ਪਿੰਡ ਵਿੱਚ ਲਾਇਬਰੇਰੀ ਬਣਾਈ। ਚੰਗੀਆਂ ਪੁਸਤਕਾਂ ਗੰਦ-ਮੰਦ ਨੂੰ ਦੂਰ ਕਰਨ ਅਤੇ ਭਵਿੱਖ ਦੇ ਸੁਚੱਜ ਲਈ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਹਨ। ਮਨੁੱਖ ਨੂੰ ਸੱਭਿਆਚਾਰ ਤੋਂ ਸਭਿਆਤਰ ਬਣਾਉਣ ਲਈ ਰਸਤਾ ਸਾਫ ਕਰਦੀਆਂ ਹਨ। ਅਜਿਹੇ ਮਹਾਨ ਕਾਰਜ ਕਰਦਿਆਂ 29 ਜੁਲਾਈ, 1982 ਨੂੰ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੋ ਗਿਆ।

Check Also

ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਦੇਸ਼ ਭਗਤ – ਖੁਦੀ ਰਾਮ ਬੋਸ

-ਅਵਤਾਰ ਸਿੰਘ ਦੇਸ਼ ਭਗਤ ਖੁਦੀ ਰਾਮ ਬੋਸ ਆਜ਼ਾਦੀ ਦੀ ਲੜਾਈ ਵਿਚ ਛੋਟੀ ਉਮਰ ਦੇ ਸ਼ਹੀਦਾਂ …

Leave a Reply

Your email address will not be published. Required fields are marked *