ਲਖੀਮਪੁਰ ਖੀਰੀ ਹਿੰਸਾ : ਅਦਾਲਤ ‘ਚ ਬੰਦੇ ਬਿਰਖ ਹੋ ਗਏ…

TeamGlobalPunjab
6 Min Read

-ਅਵਤਾਰ ਸਿੰਘ;

ਦੇਸ਼ ਦੇ ਰਾਜਾਂ ਵਿੱਚੋਂ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਦਿੱਲੀ ਵਿੱਚ ਪੂਰੇ ਭਾਰਤ ਵਿੱਚ ਹੋ ਕਾਰਗੁਜਾਰੀ ਉਪਰ ਨਜ਼ਰ ਰੱਖ ਰਹੀ ਹੈ। ਇਸ ਨੂੰ ਕੇਂਦਰ ਦੀ ਸਰਕਾਰ ਵੀ ਕਿਹਾ ਜਾਂਦਾ ਹੈ। ਇਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਬਹੁਮਤ ਵਾਲੇ ਸੰਸਦ ਮੈਂਬਰ ਕਰ ਰਹੇ। ਜਦੋਂ ਸਰਕਾਰ ਹੋਂਦ ਵਿੱਚ ਆ ਜਾਂਦੀ ਤਾਂ ਉਨ੍ਹਾਂ ਲਈ ਪਾਰਟੀ ਨਹੀਂ ਦੇਸ਼ ਦਾ ਹਰ ਨਾਗਰਿਕ ਬਰਾਬਰ ਹੁੰਦਾ ਹੈ। ਉਨ੍ਹਾਂ ਨੂੰ ਕੋਈ ਪੱਖਪਾਤ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਨਰੇਂਦਰ ਮੋਦੀ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਸਰਕਾਰ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੀ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਦੇਸ਼ ਦੀ ਕਾਨੂੰਨ ਤੇ ਅਮਨ ਸੁਰੱਖਿਆ ਦੀ ਜਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਦੀ ਹੁੰਦੀ ਹੈ। ਉਨ੍ਹਾਂ ਨੂੰ ਪਾਰਟੀ ਹਿੱਤਾਂ ਤੋਂ ਉਪਰ ਉੱਠ ਕੇ ਕੰਮ ਕਰਨਾ ਪੈਂਦਾ ਹੈ। ਪਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਭਾਰਤ ਵਰਗੇ ਲੋਕਤੰਤਰਕ ਦੇਸ਼ ਵਿੱਚ ਇਹ ਕੀ ਕੁਝ ਵਾਪਰ ਰਿਹਾ ਹੈ। ਅਹਿੰਸਾ ਦਾ ਪਾਠ ਪੜ੍ਹਾਉਣ ਵਾਲੇ ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਕੀ ਹੋ ਰਿਹਾ ਹੈ। ਦੇਸ਼ ਦੀ ਆਜ਼ਾਦੀ ਦਾ ਮੁੱਢ ਜਲਿਆਂਵਾਲੇ ਬਾਗ਼ ਦੀ ਦਰਦਨਾਕ ਘਟਨਾ ਤੋਂ ਬੱਝਿਆ ਸੀ। ਘੋਲਾਂ ਤੇ ਸੰਘਰਸ਼ਾਂ ਤੋਂ ਬਾਅਦ ਆਜ਼ਾਦੀ ਤਾਂ ਮਿਲ ਗਈ ਪਰ ਤਾਕਤਵਰ ਮੁੜ ਕਮਜ਼ੋਰ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਦੀ ਹੱਤਿਆ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੀ ਕਥਿਤ ਸ਼ਮੂਲੀਅਤ ਕਈ ਸਵਾਲ ਖੜੇ ਕਰਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਸ਼ਨਿਚਰਵਾਰ ਨੂੰ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਕੀਤੇ ਸਵਾਲਾਂ ਦੇ ਇਕ ਦਿਨ ਬਾਅਦ ਯੂ ਪੀ ਪੁਲੀਸ ਦੀ 9 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਲਖੀਮਪੁਰ ਖੀਰੀ ਕੇਸ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੋਂ ਕਈ ਘੰਟੇ ਪੁੱਛ-ਗਿੱਛ ਕਰਨ ਮਗਰੋਂ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ। ਸਿਟ ਦੇ ਮੁਖੀ ਉਪੇਂਦਰ ਅਗਰਵਾਲ ਅਨੁਸਾਰ ਆਸ਼ੀਸ਼ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਇਸ ਲਈ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੇਰ ਰਾਤ ਉਸ ਦੀ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਹੀ ਮੈਡੀਕਲ ਜਾਂਚ ਕਰਵਾਈ ਗਈ।

ਮੰਤਰੀ ਦੇ ਪੁੱਤਰ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਨਾ ਦੇਣ ਤੇ ਅਸਿੱਧੇ ਜਵਾਬ ਦੇਣ ਨੂੰ ਹੀ ਆਧਾਰ ਬਣਾਇਆ ਗਿਆ ਹੈ। ਸਿਟ ਦੇ ਮੁਖੀ ਉਪੇਂਦਰ ਅਗਰਵਾਲ ਅਨੁਸਾਰ ਮਿਸ਼ਰਾ ਨੂੰ ਰਿਮਾਂਡ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਲਖੀਮਪੁਰ ਪ੍ਰਸ਼ਾਸਨ ਦੀ ਕਿਸਾਨ ਆਗੂਆਂ ਨਾਲ ਮੁਆਵਜ਼ੇ ਤੇ ਹੋਰਨਾਂ ਸ਼ਰਤਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਧਾਰਾ 302 ਤਹਿਤ ਦਰਜ ਕੇਸ ਵਿੱਚ ਆਸ਼ੀਸ਼ ਮਿਸ਼ਰਾ ਨੂੰ ਹੋਰਨਾਂ ਦੇ ਨਾਲ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।

- Advertisement -

ਮੀਡੀਆ ਰਿਪੋਰਟਾਂ ਅਨੁਸਾਰ ਜਗਜੀਤ ਸਿੰਘ ਨੇ ਸ਼ਿਕਾਇਤ ਦਾਇਰ ਕਰਵਾਈ ਸੀ ਜਿਸ ਵਿੱਚ ਆਸ਼ੀਸ਼ ਮਿਸ਼ਰਾ ਉਪਰ ਦੋਸ਼ ਹੈ ਕਿ ਉਹ 3 ਅਕਤੂਬਰ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਸਮੇਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵਾਹਨਾਂ ਹੇਠ ਦਰੜਨ ਵਾਲੀ ਇਕ ਗੱਡੀ (ਐੱਸਯੂਵੀ) ਵਿੱਚ ਸਵਾਰ ਸੀ। ਸ਼ਿਕਾਇਤ ਕਰਨ ਵਾਲੇ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਕਥਿਤ ਗੋਲੀਆਂ ਚਲਾਉਂਦਾ ਨਾਲ ਲਗਦੇ ਕਮਾਦ ਦੇ ਖੇਤਾਂ ਰਾਹੀਂ ਉਥੋਂ ਉਥੋਂ ਭੱਜ ਗਿਆ। ਪਰ ਸਿਤਮਜ਼ਰੀਫੀ ਕਿ ਆਸ਼ੀਸ਼ ਮਿਸ਼ਰਾ ਤੇ ਉਨ੍ਹਾਂ ਦੇ ਮੰਤਰੀ ਪਿਤਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਬੂਤ ਹੈ ਕਿ ਆਸ਼ੀਸ਼ ਮਿਸ਼ਰਾ ਇਸ ਘਟਨਾ ਦੌਰਾਨ ਮੌਕੇ ’ਤੇ ਮੌਜੂਦ ਨਹੀਂ ਸੀ। ਗੌਰਤਲਬ ਹੈ ਕਿ ਚਾਰ ਕਿਸਾਨਾਂ ਦੀ ਮੌਤ ਮਗਰੋਂ ਭੜਕੀ ਹਿੰਸਾ ਨੇ ਰੋਹ ‘ਚ ਆਈ ਭੀੜ ਨੇ ਕਾਰਾਂ ਦੇ ਕਾਫ਼ਲੇ ’ਚ ਸ਼ਾਮਲ ਦੋ ਭਾਜਪਾ ਵਰਕਰਾਂ ਤੇ ਉਨ੍ਹਾਂ ਦੇ ਡਰਾਈਵਰ ਦੀ ਕਥਿਤ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸੇ ਘਟਨਾ ਵਿੱਚ ਇਕ ਪੱਤਰਕਾਰ ਰਮਨ ਕਸ਼ਯਪ ਦੀ ਵੀ ਮੌਤ ਹੋ ਗਈ ਸੀ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਕੇਸ ਦੀ ਜਾਂਚ ਡੀਆਈਜੀ ਅਗਰਵਾਲ ਦੀ ਅਗਵਾਈ ਹੇਠ 9 ਮੈਂਬਰੀ ਟੀਮ ਨੂੰ ਸੌਂਪੀ ਗਈ।

ਹੁਣ ਇਸ ਸਾਰੇ ਘਟਨਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਿਛੇ ਰਹਿ ਗਏ ਮਾਸੂਮ ਚੇਹਰਿਆਂ ਤੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਇਸ ਨਿਰਪੱਖ ਜਾਂਚ ਉਪਰ ਹੀ ਇਨਸਾਫ ਦੀ ਟੇਕ ਹੈ। ਇਥੇ ਉਘੇ ਸ਼ਾਇਰ ਸੁਰਜੀਤ ਪਾਤਰ ਦੀ ਇਹ ਕਵਿਤਾ ਪੜ੍ਹਨੀ ਜ਼ਰੂਰੀ ਬਣਦੀ ਹੈ :

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।

ਯਾਰ ਮੇਰੇ ਜੁ ਇਸ ਆਸ ‘ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।

- Advertisement -

ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।

ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।

ਇਹ ਜੁ ਰੰਗਾਂ ‘ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ‘ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ ।

***

Share this Article
Leave a comment