ਉਹ ਕਰਾਂਤੀਕਾਰੀ ਜਿਨ੍ਹਾਂ ਨੇ 15 ਸਾਲ ਦੀ ਉਮਰ ‘ਚ ਜੱਜ ਸਾਹਮਣੇ ਕਿਹਾ ਸੀ ਮੇਰਾ ਨਾਂ ਆਜ਼ਾਦ, ਪਿਤਾ ਨਾਂ ਸੁਤੰਤਰ ਤੇ ਘਰ ਜੇਲ਼੍ਹ ਹੈ

TeamGlobalPunjab
4 Min Read

-ਅਵਤਾਰ ਸਿੰਘ

ਕਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23-2-1906 ਨੂੰ ਪੰਡਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲਾ ਝਬੂਆ (ਮੱਧ ਪ੍ਰਦੇਸ਼) ਵਿੱਚ ਹੋਇਆ। ਘਰੇਲੂ ਹਾਲਤ ਕਮਜ਼ੋਰ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ਵਿੱਚ ਇਨ੍ਹਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀਰਾਜ ਰਿਆਸਤ ਵਿੱਚ ਜਾ ਵਸੇ।

ਆਜ਼ਾਦ ਪੰਜ ਭਰਾਵਾਂ ‘ਚੋਂ ਛੋਟੇ ਸਨ। ਸੰਸਕ੍ਰਿਤ ਦੀ ਪੜ੍ਹਾਈ ਲਈ ਬਨਾਰਸ ਚਲੇ ਗਏ। 1921 ਨੂੰ ਨਾ-ਮਿਲਵਰਤਣ ਲਹਿਰ ਵਿਚ ਸਾਥੀਆਂ ਨਾਲ ਤਾਲਮੇਲ ਹੋਣ ‘ਤੇ ਸ਼ਾਮਲ ਹੋ ਗਏ।

15 ਸਾਲ ਦੀ ਉਮਰ ਵਿੱਚ ਉਨ੍ਹਾਂ ਅੰਗਰੇਜ਼ ਸਰਕਾਰ ਵਿਰੁੱਧ ਨਾ-ਮਿਲਵਰਤਣ ਲਹਿਰ ਦੀ ਬਨਾਰਸ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਸਨੂੰ ਨਾਂ ਤੇ ਪਤਾ ਪੁੱਛਿਆ ਤੇ ਉਨ੍ਹਾਂ ਆਪਣਾ ਨਾਂ ਆਜ਼ਾਦ ਤੇ ਪਿਤਾ ਦਾ ਨਾਂ ਸੁੰਤਤਰ ਤੇ ਘਰ ਜੇਲ੍ਹ ਦੱਸਿਆ।

- Advertisement -

ਮੈਜਿਸਟ੍ਰੇਟ ਨੇ 15 ਬੈਂਤ ਦੀ ਸ਼ਜਾ ਸੁਣਾਈ ਤਾਂ ਜਦ ਗੰਡਾ ਸਿੰਘ ਜੇਲਰ ਬੰਨ੍ਹ ਕੇ ਸਜ਼ਾ ਦੇਣ ਲਗਾ ਤੇ ਉਸਨੇ ਕਿਹਾ ਮੈਨੂੰ ਬੰਨ੍ਹਣ ਦੀ ਲੋੜ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਉਹ ‘ਭਾਰਤ ਮਾਤਾ ਜੈ’ ਦੇ ਨਾਅਰੇ ਲਾਉਂਦਾ ਰਿਹਾ ਤੇ ਬੈਂਤ ਵਜਦੇ ਰਹੇ। ਜਲਿਆਂ ਵਾਲੇ ਬਾਗ ਵਿਚ ਅੰਗਰੇਜ਼ਾਂ ਵਲੋਂ ਕੀਤੀ ਕਤਲੋਗਾਰਤ ਪਿਛੋਂ ਆਜ਼ਾਦੀ ਦੀ ਜੰਗ ਵਿਚ ਕੁੱਦ ਪਿਆ।

ਕਾਨਪੁਰ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਨਾਲ ਰਲ ਕੇ ਕੰਮ ਕਰਨ ਲਗੇ। ਉਨ੍ਹਾਂ ਪਾਰਟੀ ਫੰਡ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9-8-1925 ਨੂੰ ਲਖਨਉ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਚਲਦੀ ਰੇਲ ਗੱਡੀ ਵਿੱਚ ਡਾਕਾ ਮਾਰਿਆ, ਜਿਸ ਵਿੱਚ ਬਹੁਤ ਸਾਰਾ ਸਰਕਾਰੀ ਖ਼ਜ਼ਾਨਾ ਹੱਥ ਲਗਾ।
ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ। 6-4-1927 ਨੂੰ ਕੇਸ ਦੇ ਹੋਏ ਫੈਸਲੇ ਮੁਤਾਬਿਕ ਪੰਡਤ ਰਾਮ ਪ੍ਰਸ਼ਾਦਿ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉਲਾ ਨੂੰ ਫਾਂਸੀ ਦਿੱਤੀ ਗਈ। ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਨੇ ਸਾਥੀਆਂ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਬਣਾਈ ਗਈ। ਜਿਸਦਾ ਕਮਾਂਡਰ-ਇਨ-ਚੀਫ ਆਜ਼ਾਦ ਨੂੰ ਬਣਾਇਆ ਗਿਆ।

ਇਨ੍ਹਾਂ ਦਾ ਉਦੇਸ਼ ਸੀ, ਹਥਿਆਰਬੰਦ ਇਨਕਲਾਬ ਰਾਂਹੀ ਆਜ਼ਾਦੀ ਹਾਸਲ ਕਰਨਾ ਤੇ ਇਸ ਲਈ ਬੰਬ ਬਣਾਉਣੇ ਤੇ ਸਰਕਾਰੀ ਖ਼ਜ਼ਾਨੇ ਲੁੱਟਣੇ। 1928 ਵਿਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਸਮੇਂ ਜਦ ਭੁਲੇਖੇ ਵਿੱਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ ਤਾਂ ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਫਿਰ ਦੂਜੇ ਸਾਥੀਆਂ ਵਾਂਗ ਭੇਸ ਬਦਲ ਕੇ ਮਥਰਾ ਪਹੁੰਚ ਗਿਆ।

ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਵਿੱਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਦੇ ਸ਼ਹੀਦ ਹੋਣ ਕਾਰਣ ਸਿਰੇ ਨਾ ਚੜ੍ਹੀ।

ਆਜ਼ਾਦ ਦੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖਿਆ ਗਿਆ ਸੀ। 1930 ਵਿੱਚ ਵਾਇਸਰਾਏ ਦੀ ਗੱਡੀ ਉਲਟਾਉਣ ਵਿੱਚ ਵੀ ਉਹ ਸ਼ਾਮਲ ਸਨ, ਉਨ੍ਹਾਂ 26-1-1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ।

- Advertisement -

27 ਫਰਵਰੀ,1931 ਨੂੰ ਇਲਾਹਬਾਦ ਦੇ ਐਲਫਰੈਡ ਪਾਰਕ ਵਿਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਪੁਲੀਸ ਨੂੰ ਸੂਚਨਾ ਦੇ ਦਿੱਤੀ ਤੇ 40 ਹਥਿਆਰਬੰਦ ਪੁਲੀਸ ਵਾਲਿਆਂ ਵਲੋਂ ਘੇਰਾ ਪੈਣ ‘ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ।

ਐਸ ਪੀ ਨਾਟਬਾਵਰ ਦੇ ਜਖ਼ਮੀ ਹੋਣ ‘ਤੇ ਐਸ ਪੀ ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। 32 ਮਿੰਟ ਗੋਲੀ ਚਲਦੀ ਰਹੀ। ਚੰਦਰ ਸ਼ੇਖਰ ਆਜ਼ਾਦ ਰੁੱਖ ਓਹਲੇ ਪਿਸਤੌਲ ਨਾਲ ਆਖਰੀ ਗੋਲੀ ਤਕ ਮੁਕਾਬਲਾ ਕਰਦਾ ਰਿਹਾ। ਉਸ ਨੇ ਪਿਸਤੌਲ ਨੂੰ ਆਪਣੀ ਪੁੜਪੜੀ ‘ਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲੀਸ ਲਾਸ਼ ਚੁੱਕਣ ਤੋਂ ਵੀ ਡਰਦੀ ਸੀ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ‘ਤੇ ਗੁਣਗਣਾਉਂਦਾ ਹੁੰਦਾ ਸੀ, ਦੁਸ਼ਮਣੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਬਾਦ ਦੇ ਮਿਊਜ਼ੀਅਮ ਵਿਚ ਰੱਖਿਆ ਹੋਇਆ ਹੈ। ਇਸ ਕ੍ਰਾਂਤੀਕਾਰੀ ਨੂੰ ਸਦਾ ਸਲਾਮ।

Share this Article
Leave a comment