ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧੋਖੇ ਤੇ ਝੁਠ ਤੋਂ ਸੁਚੇਤ ਰਹਿਣ ਜੋ ਵੱਡੇ ਵੱਡੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਵਰਗਲਾਉਣਾ ਚਾਹੁੰਦੇ ਹਨ ਜਦੋਂ ਕਿ ਦਿੱਲੀ ਦੇ ਲੋਕਾਂ ਪਹਿਲਾਂ ਹੀ ਕੌਮੀ ਰਾਜਧਾਨੀ ‘ਚ ਇਹਨਾਂ ਦੀ ਨਾਕਸ ਕਾਰਗੁਜ਼ਾਰੀ ਦਾ ਖਮਿਆਜ਼ਾ ਭੁਗਤ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ‘ਚ ਸਿਰਸਾ ਨੇ ਕਿਹਾ ਕਿ ਅਸੀਂ ਦਿੱਲੀ ਦੇ ਲੋਕ ਮਾੜੀ ਆਬੋਹਵਾ ਤੇ ਪ੍ਰਦੁਸ਼ਣ ਵਿਚ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ ਕਿਉਂਕਿ ਸਾਡਾ ਮੁੱਖ ਮੰਤਰੀ ਗੱਲਾਂ ਜ਼ਿਆਦਾ ਮਾਰਦਾ ਹੈ, ਟਵੀਟ ਬਹੁਤ ਕਰਦਾ ਹੈ ਪਰ ਕਾਰਗੁਜ਼ਾਰੀ ਜ਼ੀਰੋ ਹੈ। ਉਹਨਾਂ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕੇਜਰੀਵਾਲ ਦਿੱਲੀ ਵਿਚ ਪ੍ਰਦੁਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਜਦੋਂ ਕਿ ਦਿੱਲੀ ਵਿਚ ਉਸਦਾ ਨਿਕੰਮਾਪਨ ਹੀ ਕੌਮੀ ਰਾਜਧਾਨੀ ਦੇ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਨੇ ਪੰਜਾਬੀਆਂ ਨੁੰ ਇਸ ਕਰ ਕੇ ਇਹ ਅਪੀਲ ਕੀਤੀ ਹੈ ਕਿ ਕਿਉਂਕਿ ਦਿੱਲੀ ਦੇ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਕੇਜਰੀਵਾਲ ਦੀ ਪੰਜਾਬ ਵਿਚ ਵਧੀ ਹੋਈ ਸਰਗਰਮੀ ਵੇਖੀ ਹੈ ਜਿਸ ਦੌਰਾਨ ਉਹ ਆਪਣੇ ਝੂੇ ਤੇ ਵੱਡੇ ਵੱਡੇ ਵਾਅਦਿਆਂ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਹਰ ਕੋਈ ਜਾਣਦਾ ਹੈ ਕਿ ਕੇਜਰੀਵਾਲ ਬਹੁਤ ਵੱਡਾ ਝੂਠਾ ਹੈ ਅਤੇ ਜੇਕਰ ਦੇਸ਼ ਵਿਚ ਝੁਠ ਬੋਲਣ ਦਾ ਐਵਾਰਡ ਪ੍ਰਦਾਨ ਕਰਨਾ ਹੋਵੇ ਤਾਂ ਸਭ ਤੋਂ ਅੱਗੇ ਨਾਂ ਕੇਜਰੀਵਾਲ ਦਾ ਹੀ ਆਵੇਗਾ।
ਸਿਰਸਾ ਨੇ ਕੇਜਰੀਵਾਲ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਉਸ ਦਾਅਵੇ ਨੁੰ ਵੀ ਲੀਰੋ ਲੀਰ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਬਾਦਲ ਸਿਰਫ ਮੇਰੇ ‘ਤੇ ਹਮਲੇ ਕਰਦੇ ਹਨ ਤੇ ਚੰਨੀ ਬਾਰੇ ਕੁਝ ਨਹੀਂ ਕਹਿੰਦੇ।
ਸਿਰਸਾ ਨੇ ਬਾਦਲ ਵੱਲੋਂ ਚੰਨੀ ਖਿਲਾਫ ਕੀਤੇ ਟਵੀਟ ਕੇਜਰੀਵਾਲ ਲਈ ਜਨਤਕ ਕੀਤੇ ਤੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਜੁਗਤ ਲੜਾਉਣ ਵਿਚ ਕੇਜਰੀਵਾਲ ਆਪਣੇ ਆਪ ਨੁੰ ਮਾਹਰ ਸਮਝਦਾ ਹੈ ਤੇ ਉਹ ਲੋਕਾਂ ਸਾਹਮਣੇ ਅਜਿਹਾ ਮਾਸੂਮ ਬਣ ਜਾਂਦਾ ਹੈ ਜਿਵੇਂ ਉਸਦੇ ਸਿਆਸੀ ਵਿਰੋਧੀ ਸਿਰਫ ਉਸ ‘ਤੇ ਹੀ ਹਮਲੇ ਕਰਦੇ ਹੋਣ। ਉਹਨਾਂ ਕਿਹਾ ਕਿ ਇਸ ਵਾਰ ਕੇਜਰੀਵਾਲ ਦੇ ਧੋਖੇ ਤੇ ਝੁਠ ਪਹਿਲਾਂ ਹੀ ਬੇਨਕਾਬ ਹਸੋ ਗਏ ਹਨ ਤੇ ਹੁਣ ਉਹ ਉਸ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਜਿਸਦੇ ਲੋਕ ਪਿੱਠ ਵਿਚ ਛੁਰੇ ਮਾਰਨ ਵਾਲਿਆਂ ਨੂੰ ਕਰਾਰ ਜਵਾਬ ਦੇਣ ਲਈ ਜਾਣੇ ਜਾਂਦੇ ਹਨ।
ਸਿਰਸਾ ਨੇ ਆਪ ਦੇ ਕਨਵੀਨਰ ਨੁੰ ਵੀ ਅਪੀਲ ਕੀਤੀ ਕਿ ਉਹ ਆਪਣੇ ਧੋਖੇ ਤੇ ਝੁਠ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦੇ ਯਤਨ ਛੱਡ ਕੇ ਦਿੱਲੀ ‘ਤੇ ਆਪਣਾ ਧਿਆਨ ਕੇਂਦਰਤ ਕਰਨ ਕਿਉਂਕਿ ਦਿੱਲੀ ਦੇ ਲੋਕਾਂ ਨੇ ਕੌਮੀ ਰਾਜਧਾਨੀ ਵਿਚ ਰਹਿਣ ਵਾਲੇ ਹਾਲਾਤ ਸੁਧਾਰਨ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੋਈ ਹੈ।