ਮਿਹਨਤ ਤੇ ਸੰਘਰਸ਼ ਨਾਲ ਸਿਖਰ ‘ਤੇ ਪੁੱਜਾ ਗਾਇਕ ਸੀ : ਮਾਈਕਲ ਜੈਕਸਨ

TeamGlobalPunjab
6 Min Read

-ਪਰਮਜੀਤ ਸਿੰਘ ਨਿੱਕੇ ਘੁੰਮਣ

ਮਾਈਕਲ ਜੈਕਸਨ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਚਹੇਤਾ ਸੀ। ਉਮਰ ਭਰ ਦੁੱਖਾਂ, ਹਾਦਸਿਆਂ ਤੇ ਤੋਹਮਤਾਂ ਦੀ ਮਾਰ ਹੰਢਾਉਣ ਵਾਲਾ ਜੈਕਸਨ ਬੇਸ਼ੁਮਾਰ ਦੌਲਤ ਤੇ ਸ਼ੋਹਰਤ ਤਾਂ ਹਾਸਿਲ ਕਰ ਗਿਆ ਪਰ ਚੈਨ ਦੀ ਜ਼ਿੰਦਗੀ ਉਹ ਕਦੇ ਵੀ ਬਸਰ ਨਾ ਕਰ ਸਕਿਆ। ਉਸ ਵਰਗਾ ਫਨਕਾਰ ਮੁੜ ਪੈਦਾ ਹੋਣਾ ਮੁਸ਼ਕਲ ਹੈ।

29 ਅਗਸਤ, 1958 ਨੂੰ ਗੈਰੀ ਇੰਡੀਆਨਾ (ਅਮਰੀਕਾ) ਵਿਚ ਪੈਦਾ ਹੋਏ ਮਾਈਕਲ ਜੈਕਸਨ ਦੀ ਮਾਂ ਦਾ ਨਾਂ ਕੈਥਰੀਨ ਸੀ ਤੇ ਉਸ ਦਾ ਪਿਤਾ ਜੌਸਫ. ਜੈਕਸਨ ਇਕ ਕ੍ਰੇਨ ਆਪਰੇਟਰ ਹੋਣ ਦੇ ਨਾਲ ਨਾਲ ਇਕ ਉਸਤਾਦ ਗਿਟਾਰ ਵਾਦਕ ਵੀ ਸੀ | ਉਸਦਾ ਪਿਤਾ ਹੀ ਉਸਦਾ ਪਹਿਲਾ ਗੁਰੂ ਸੀ ਜਿਸ ਨੇ ਉਸਨੂੰ ਗਿਟਾਰ ਵਜਾਉਣਾ ਸਿਖਾ ਕੇ ਸੰਗੀਤ ਦੇ ਲੜ ਲਾਇਆ ਸੀ। ਪਿਤਾ ਦੀ ਸੰਗਤ ਵਿਚ ਹੀ ਆਪਣੇ ਭੈਣ ਭਰਾਵਾਂ ਸਮੇਤ ਮਾਈਕਲ ਨੇ ਸੰਨ 1968 ਵਿਚ ਪਹਿਲੀ ਵਾਰ ‘ਸਟੀਲ ਟਾਊਨ* ਨਾਮਕ ਇਕ ਸਥਾਨਕ ਗੀਤ ਗਾਇਆ ਸੀ ਤੇ ਫਿਰ ਪਰਿਵਾਰ ਸਮੇਤ ਉਹ ਕੈਲੇਫੋਰਨੀਆ ਚਲਾ ਗਿਆ ਜਿੱਥੇ ‘ਬੈਵਰਲੀ ਹਿਲਜ. ਕਲੱਬ ਦਿ ਡੇਜ਼ੀ ਵਿਖੇ ਉਨ੍ਹਾਂ ਸਭ ਨੇ ਮਿਲ ਕੇ ਇਕ ਜਬਰਦਸਤ ਪ੍ਰੋਗਰਾਮ ਪੇਸ਼ ਕੀਤਾ ਤੇ ਭਾਰੀ ਸ਼ੋਹਰਤ ਖੱਟੀ|

ਮਾਈਕਲ ਜੈਕਸਨ ਦੀ ਪਹਿਲੀ ਐਲਬਮ ‘ਡਾਇਨਾ ਰੌਸ ਪ੍ਰੀਜੈਂਟਸ ਦਿ ਜੈਕਸਨ 5 ਸੰਨ 1969 ਵਿਚ ਰਿਲੀਜ ਹੋਈ ਜੋ ਕਿ ਬੇਹਦ ਸਫਲ ਤੇ ਚਰਚਿਤ ਰਹੀ। ਮਾਈਕਲ ਦੀ ਉਮਰ ਉਸ ਵੇਲੇ ਕੇਵਲ ਗਿਆਰ੍ਹਾਂ ਵਰ੍ਹਿਆਂ ਦੀ ਸੀ ਤੇ ਇਸ ਐਲਬਮ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਨੇ ਵੀ ਗਾਇਆ ਸੀ। ਉਸੇ ਹੀ ਸਾਲ ਉਸ ਦੀ ਦੂਜੀ ਐਲਬਮ ‘ਆਈ ਵਾਂਟ ਯੂ ਬੈਕ’ ਆਈ ਜੋ ਕਿ ਸੁਪਰਹਿਟ ਰਹੀ ਤੇ ਪੂਰੇ ਪਰਿਵਾਰ ਲਈ ਆਰਥਿਕ ਪੱਖੋਂ ਵੀ ਕਾਫੀ ਫਾਇਦੇਮੰਦ ਰਹੀ। ਇਸ ਤੋਂ ਬਾਅਦ ਜੈਕਸਨ ਪਰਿਵਾਰ ਨੇ ਕਈ ਹੋਰ ਹਿਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਤੇ ਆਪਣੀ ਇਕ ਟੈਲੀਵਿਜਨ ਸੀਰੀਜ ਵੀ ਪੇਸ ਕੀਤੀ।

- Advertisement -

ਮਾਈਕਲ ਜੈਕਸਨ ਨੇ ਇਕ ਇੰਟਰਵਿਊ ਵਿਚ ਆਪਣਾ ਦੁੱਖ ਫਰੋਲਦਿਆਂ ਹੋਇਆਂ ਕਿਹਾ ਸੀ ਕਿ ਉਸ ਦਾ ਬਚਪਨ ਬਹੁਤਾ ਵਧੀਆ ਨਹੀਂ ਸੀ ਰਿਹਾ। ਉਸ ਦਾ ਪਿਤਾ ਸਾਰੇ ਰੁਪਏ ਪੈਸੇ ਦਾ ਹਿਸਾਬ ਰੱਖਦਾ ਸੀ ਤੇ ਕਦੇ ਕਦੇ ਉਸ ਨੂੰ ਜਾਂ ਉਸ ਦੇ ਭੈਣ ਭਰਾਵਾਂ ਨੂੰ ਬੈਲਟਾਂ ਨਾਲ ਵੀ ਕੁੱਟਦਾ ਸੀ। ਉਸ ਨੇ ਦੱਸਿਆ ਕਿ ਗਾਉਣ ਵਜਾਉਣ ਅਤੇ ਰਿਆਜ ਕਰਨ ਵਿਚ ਉਸ ਦਾ ਬਚਪਨ ਰੁਲ ਗਿਆ ਸੀ ਤੇ ਉਹ ਦੂਜੇ ਆਮ ਬੱਚਿਆਂ ਵਾਂਗ ਨਾ ਤਾਂ ਛੁੱਟੀਆਂ ਦਾ ਮਜਾ ਲੈ ਸਕਿਆ ਸੀ ਤੇ ਨਾ ਹੀ ਸ.ਰਾਰਤਾਂ ਕਰ ਸਕਿਆ ਸੀ। ਇਸ ਗੱਲ ਦਾ ਅਫਸੋਸ ਉਸ ਨੂੰ ਸਾਰੀ ਉਮਰ ਰਿਹਾ ਸੀ।

ਮਾਈਕਲ ਜੈਕਸਨ ਦੀ ਪਹਿਲੀ ਸੋਲੋ ਐਲਬਮ ਸੰਨ 1972 ਵਿਚ ਰਿਲੀਜ. ਹੋਈ ਸੀ ਜਿਸ ਦਾ ਟਾਈਟਲ ਸੀ ‘ਗੈਟ ਟੂ ਬੀ ਦਿਅਰ’ |ਇਸ ਐਲਬਮ ਨੇ ਨਾ ਸਿਰਫ ਰਿਕਾਰਡ ਤੋੜ ਸਫਲਤਾ ਹਾਸਿਲ ਕੀਤੀ ਸਗੋਂ ਪ੍ਰਸਿੱਧ ਫਿਲਮ ‘ਬੈਨ’ ਲਈ ਇਕ ਗੀਤ ਗਾਉਣ ਦਾ ਮੌਕਾ ਵੀ ਉਸੇ ਸਾਲ ਦੁਆ ਦਿੱਤਾ ਸੀ। ਸੰਨ 1978 ਵਿਚ ਉਸ ਦੀ ਫਿਲਮ ‘ਦਿ ਵਿਜ’ ਰਿਲੀਜ ਹੋਈ ਜੋ ਬਹੁਤ ਕਾਮਯਾਬ ਰਹੀ ਤੇ ਇਸ ਫਿਲਮ ਦੇ ਸੰਗੀਤ ਨਿਰਦੇਸ.ਕ ਕੁਇੰਸੀ ਜੋਨਜ ਨਾਲ ਉਸ ਦੀ ਗੂੜ੍ਹੀ ਸਾਂਝ ਵੀ ਪੈ ਗਈ। ਇਸ ਜੋੜੀ ਦੀ ਐਲਬਮ ‘ਆੱਫ ਦਿ ਵਾਲ’ ਸੰਨ 1979 ਵਿਚ ਰਿਲੀਜ. ਹੋਈ ਜਿਸ ਦੀਆਂ ਪੰਜ ਮਿਲੀਅਨ ਕਾਪੀਆਂ ਅਮਰੀਕਾ ਅਤੇ ਦੋ ਮਿਲੀਅਨ ਕਾਪੀਆਂ ਹੋਰ ਵਿਦੇਸ਼ੀ ਮੁਲਕਾਂ ਵਿਚ ਹੱਥੋ ਹੱਥੀ ਵਿਕ ਗਈਆਂ| ਸੰਨ 1982 ਵਿਚ ਆਈ ਐਲਬਮ ‘ਦਿ ਥ੍ਰਿਲਰ ਤਾਂ ਬੈਸਟ ਸਟੂਡੀਓ ਐਲਬਮ ਵਜੋਂ ਵੀ ਸਲਾਹੀ ਗਈ ਅਤੇ ਇਸ ਨੇ ਸੰਗੀਤ ਅਤੇ ਵੀਡੀਓ ਦੇ ਖੇਤਰ ਵਿਚ ਇਕ ਵੱਡੀ ਕ੍ਰਾਂਤੀ ਵੀ ਲੈ ਆਂਦੀ| ਸੰਨ 1993 ਵਿਚ ਉਸ ਵੱਲੋਂ ਕੀਤੇ ‘ਮੂਨ ਵਾੱਕ’ ਨਾਮਕ ਡਾਂਸ ਸਟੈਪ ਨੇ ਤਾਂ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਸੀ |

ਸੰਨ 1994 ਵਿਚ ਛੱਤੀ ਸਾਲ ਦੀ ਉਮਰ ਵਿਚ ਉਸ ਦੀ ਸ਼ਾਦੀ ਗਾਇਕਾ ਲਿਜ਼ਾ ਮੈਰੀ ਪ੍ਰੈਸਲੇ ਨਾਲ ਹੋ ਗਈ ਜੋ ਜਿਆਦਾ ਦੇਰ ਤਕ ਨਿਭ ਨਾ ਸਕੀ। ਵਿਵਾਦਾਂ ਨੇ ਇਕ ਇਕ ਕਰਕੇ ਉਸ ਦੇ ਦੁਆਲੇ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਪ੍ਰੇਸ਼ਾਨ ਤੇ ਦੁਖੀ ਰਹਿਣ ਦੇ ਨਾਲ ਨਾਲ ਅਸੁਰੱਖਿਅਤ ਮਹਿਸੂਸ ਕਰਨ ਲਗ ਪਿਆ। ਸੰਨ 1993 ਵਿਚ ਇਕ ਤੇਰ੍ਹਾਂ ਸਾਲ ਦੇ ਬੱਚੇ ਅਤੇ ਸੰਨ 2003 ਵਿਚ ਕੈਂਸਰ ਦੇ ਮਰੀਜ ਦੇ ਇਕ ਹੋਰ ਬੱਚੇ ਦਾ ਜਿਸਮਾਨੀ ਸ਼ੋਸ਼ਣ ਜਾਂ ਛੇੜਛਾੜ ਦੀਆਂ ਤੋਹਮਤਾਂ ਨੇ ਉਸ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ | ਇਨਾਂ ਮਾਮਲਿਆਂ ‘ਚੋਂ ਭਾਵੇਂ ਉਹ ਬਰੀ ਤਾਂ ਹੋ ਗਿਆ ਪਰ ਲੱਖਾਂ ਰੁਪਏ ਖਰਚ ਕਰਨ ਦੇ ਨਾਲ ਨਾਲ ਉਹ ਬਾਡੀਗਾਰਡਾਂ ਦੀ ਫੌਜ. ਵੀ ਰੱਖਣ ਲਗ ਪਿਆ ਜੋ ਕਿ ਉਸ ਦੇ ਅੰਦਰ ਵਿਗਸਦੀ ਅਸੁਰੱਖਿਆ ਦਾ ਪ੍ਰਤੀਕ ਸੀ |

ਸੰਨ 1996 ਵਿਚ ਮਾਈਕਲ ਨੇ ਆਪਣੀ ਸਾਬਕਾ ਨਰਸ ਡੈਬੀ ਰੋਅ ਨਾਲ ਦੂਜੀ ਸ਼ਾਦੀ ਕਰ ਲਈ ਜਿਸ ਤੋਂ ਉਸ ਦੇ ਦੋ ਬੱਚੇ ਪ੍ਰਿੰਸ ਮਾਈਕਲ ਜੂਨੀਅਰ ਅਤੇ ਪ੍ਰਿੰਸ ਮਾਈਕਲ ਕੈਥਰੀਨ ਪੈਦਾ ਹੋਏ | ਕਈ ਸਾਰੀਆਂ ਸਰਜਰੀਆਂ ਤੇ ਅਨੇਕਾਂ ਹੀ ਦਵਾਈਆਂ ਦੀ ਪੀੜ ਹੰਢਾਉਣ ਵਾਲਾ ਮਾਈਕਲ ਹੌਲੀ ਹੌਲੀ ਨਸ਼ੀਲੀਆਂ ਅਤੇ ਦਰਦ ਨਿਵਾਰਕ ਦਵਾਈਆਂ ਦਾ ਆਦੀ ਹੋ ਗਿਆ | ਸੰਨ 2001 ਤੋਂ ਬਾਅਦ ਉਸ ਨੇ ਕੋਈ ਵੀ ਨਵਾਂ ਗਾਣਾ ਰਿਲੀਜ. ਨਾ ਕਰਵਾਇਆ ਤੇ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰਨ ਲਗ ਪਿਆ |

ਟੀਕਿਆਂ ਤੇ ਸਰਜਰੀਆਂ ਨਾਲ ਵਿੰਨੇ ਹੋਏ ਸਰੀਰ ਵਾਲੇ ਮਾਈਕਲ ਜੈਕਸਨ ਦੇ ਸਿਰ *ਤੇ ਚੜੇ ਕਰਜੇ ਦੀ ਪੰਡ ਭਾਰੀ ਹੁੰਦੀ ਗਈ ਤੇ ਰਕਮ ਤਿੰਨ ਸੌ ਮਿਲੀਅਨ ਡਾਲਰ ਤੱਕ ਪੁੱਜ ਗਈ | ਸਾਰੇ ਕਰਜ਼ੇ ਉਤਾਰਨ ਅਤੇ ਸੰਗੀਤ ਜਗਤ ਵਿਚ ਆਪਣੀ ਧਮਾਕੇਦਾਰ ਵਾਪਸੀ ਲਈ ਉਸ ਨੇ ਆਪਣੀ ਜ਼ਿੰਦਗੀ ਵੀ ਦਾਅ ‘ਤੇ ਲਗਾ ਦਿੱਤੀ | ਸਿਹਤ ਪੱਖੋਂ ਬੇਹਾਲ ਹੋਣ ਦੇ ਬਾਵਜੂਦ ਵੀ ਉਸ ਨੇ ਇਕ ਵੱਡੇ ਸ਼ੋਅ ਲਈ ਕਮਰਕੱਸ ਲਈ ਤੇ ਦਿਨ ਰਾਤ ਮਿਹਨਤ ਕਰਨ ਲਗ ਪਿਆ | ਉਸ ਦੇ ਇਰਾਦੇ ਕੁਝ ਹੋਰ ਸਨ ਪਰ ਕੁਦਰਤ ਨੂੰ ਤਾਂ ਕੁਝ ਹੋਰ ਹੀ ਮਨਜੂਰ ਸੀ| ਸੰਨ 2009 ਦੀ 25 ਜੂਨ ਨੂੰ ਮਾਈਕਲ ਜੈਕਸਨ ਨੇ ਆਖਰੀ ਸਾਹ ਲਿਆ ਤੇ ਸਭ ਦੀਆਂ ਅੱਖਾਂ ਨਮ ਕਰਕੇ ਸਦਾ ਲਈ ਅੱਖਾਂ ਮੀਟ ਗਿਆ|

- Advertisement -

Share this Article
Leave a comment