ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਸਾਹਮਣੇ ਆਏ ਗਾਇਕ ਦਲਜੀਤ ਦੋਸਾਂਝ, ਦੇਖੋ ਵੀਡੀਓ ‘ਚ ਕੀ ਕਿਹਾ

TeamGlobalPunjab
2 Min Read

ਚੰਡੀਗੜ੍ਹ : ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਕੁਝ ਦਿਨ ਪਹਿਲਾਂ ਭਾਰਤ-ਚੀਨ ਤਣਾਅ ਦਰਮਿਆਨ ਇੱਕ ਬਿਆਨ ਦਿੱਤਾ ਗਿਆ ਸੀ ਜਿਸ ‘ਚ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਜੈਜੀ ਬੀ ਨੂੰ ‘ਸਿੱਖ ਫਾਰ ਜਸਟਿਸ’ ਦਾ ਸਮਰਥਕ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਨ੍ਹਾਂ ਖਿਲਾਫ ਸੂਬੇ ਦੇ ਹਰ ਥਾਣੇ ‘ਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਬਿੱਟੂ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਦਲਜੀਤ ਦੋਸਾਂਝ ਅਤੇ ਜੈਜੀ ਬੀ ਵੱਲੋਂ ‘ਸਿੱਖ ਫਾਰ ਜਸਟਿਸ’ ਦਾ ਖੁੱਲ੍ਹ ਕੇ ਸਮਰਥਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿੱਟੂ ਨੇ ਦੋਵਾਂ ਗਾਇਕਾਂ ਬਾਰੇ ਹੋਰ ਵੀ ਕਾਫੀ ਕੁਝ ਬੋਲਿਆ ਸੀ।

ਜਿਸ ਤੋਂ ਬਾਅਦ ਗਾਇਕ ਦਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਸਾਂਝਾ ਕਰ ਇਸ ਮੁੱਦੇ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਸ ਵੀਡੀਓ ‘ਚ ਦਲਜੀਤ ਦੋਸਾਂਝ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਜੋ ਗੀਤ ਗਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਸੀ ਉਹ ਫਿਲਮ ‘ਪੰਜਾਬ 1984’ ਦਾ ਹੈ ਜੋ ਕਿ ਸਾਲ 2014 ‘ਚ ਸਾਰੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਫਿਲਮ ‘ਇੰਡੀਆ ਗੌਰਮੈਂਟ ਸੈਂਸਰ ਬੋਰਡ’ ਵੱਲੋਂ ਪਾਸ ਹੋਣ ਤੋਂ ਬਾਅਦ ਹੀ ਰਿਲੀਜ਼ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਫਿਲਮ ਨੂੰ ‘ਨੈਸ਼ਨਲ ਐਵਾਰਡ’ ਵੀ ਮਿਲ ਚੁੱਕਿਆ ਹੈ।

https://www.instagram.com/p/CBvthDBlVUs/

ਦਲਜੀਤ ਦੋਸਾਂਝ ਨੇ ਕਿਹਾ ਕਿ ਜਿਸ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕੀਤਾ ਹੋਵੇ, ਫਿਲਮ ਨੂੰ ਐਵਾਰਡ ਮਿਲਿਆ ਹੋਵੇ ਫਿਰ ਇੰਨੇ ਸਮੇਂ ਬਾਅਦ ਅੱਜ ਉਸ ‘ਤੇ ਮੁੱਦਾ ਕਿਵੇਂ ਬਣਾਇਆ ਜਾ ਸਕਦਾ ਹੈ? ਦੋਸਾਂਝ ਨੇ ਕਿਹਾ ਕਿ ਉਹ ਇੱਕ ਭਾਰਤੀ ਨਾਗਰਿਕ ਹਨ ਅਤੇ ਪੂਰਾ ਟੈਕਸ ਅਦਾ ਕਰਦੇ ਹਨ ਅਤੇ ਜਦੋਂ ਵੀ ਪੰਜਾਬ ‘ਤੇ ਕੋਈ ਮੁਸ਼ੀਬਤ ਆਈ ਹੈ ਤਾਂ ਉਹ ਹਰ ਮੁਸ਼ੀਬਤ ‘ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਪਰ ਅੱਜ ਕਾਂਗਰਸੀ ਸੰਸਦ ਮੈਂਬਰ ਬਿੱਟੂ ਵੱਲੋਂ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।

- Advertisement -

Share this Article
Leave a comment