ਤੇਜ਼ ਰਫ਼ਤਾਰੀ ਨੇ ਉਜਾੜਿਆ ਪਰਿਵਾਰ, 2 ਬੱਚੇ ਤੇ ਪਤੀ-ਪਤਨੀ ਦੀ ਮੌਤ

Rajneet Kaur
2 Min Read

ਅੰਮ੍ਰਿਤਸਰ : ਅਜਨਾਲਾ ਨੇੜੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ  4 ਜੀਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਚਾਰੇ ਲੋਕ ਇਕੋ ਪਰਿਵਾਰ ਦੇ ਹਨ। ਹਾਦਸੇ ਕਾਰਨ ਦੋ ਲੜਕੀਆਂ ਦੇ ਸਿਰ ਉਤੋਂ ਮਾਂ-ਪਿਓ ਦਾ ਸਾਇਆ ਉਠ ਗਿਆ ਹੈ।

ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰਜੀਤ ਸਿੰਘ ਹਲਵਾਈ ਦਾ ਕੰਮ ਕਰਦਾ ਹੈ। ਬੀਤੀ ਰਾਤ ਪਿੰਡ ਭਿੰਡੀਆਂ ਵਿੱਚ ਉਸ ਦੇ ਸਾਲੇ ਦਾ ਵਿਆਹ ਸੀ। ਵਿਆਹ ਤੋਂ ਰਾਤ ਸਮੇਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸਾਰੰਗਦੇਵ ਸਥਿਤ ਆਪਣੇ ਘਰ ਵੱਲ ਆ ਰਿਹਾ ਸੀ।ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਰੇਤ ਦਾ ਨਾਜਾਇਜ਼ ਕਾਰੋਬਾਰ ਚੱਲਦਾ ਹੈ। ਰੇਤ ਲੱਦ ਕੇ ਭਾਰੀ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ। ਬੀਤੀ ਰਾਤ ਵੀ ਰੇਤ ਲੈ ਕੇ ਜਾ ਰਹੀ ਬੋਲੈਰੋ ਕਾਰ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਈ। ਘਟਨਾ ‘ਚ ਸੁਰਜੀਤ ਤੋਂ ਇਲਾਵਾ ਉਸ ਦੀ ਪਤਨੀ ਸੰਤੋਖ ਕੌਰ ਬੱਚੇ ਸੋਨੂੰ ਤੇ ਪ੍ਰੀਤ ਦੀ ਮੌਤ ਹੋ ਗਈ ਹੈ। ਇਸ ਹਾਦਸੇ ਕਾਰਨ ਦੋ ਧੀਆਂ ਅਨਾਥ ਹੋ ਗਈਆਂ ਹਨ। ਕੁਲਦੀਪ ਨੇ ਦੱਸਿਆ ਕਿ ਸੁਰਜੀਤ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਕਈ ਅਰਦਾਸਾਂ ਉਪਰੰਤ ਉਨ੍ਹਾਂ ਨੂੰ ਤਿੰਨ ਧੀਆਂ ਤੋਂ ਬਾਅਦ ਇੱਕ ਪੁੱਤਰ ਮਿਲਿਆ ਸੀ। ਇਸ ਘਟਨਾ ‘ਚ ਬੇਟੇ ਤੇ ਛੋਟੀ ਬੇਟੀ ਦੀ ਵੀ ਮੌਤ ਹੋ ਗਈ।

ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦਿਆਂ ਹੀ ਥਾਣਾ ਅਜਨਾਲਾ ਦੇ SHO ਸਪਿੰਦਰ ਕੌਰ ਢਿੱਲੋਂ ਮੌਕੇ ‘ਤੇ ਪਹੁੰਚੇ। ਉਨ੍ਹਾਂ ਵਲੋਂ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪਤੀ-ਪਤਨੀ ਤੇ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਅਜਨਾਲਾ ਭੇਜ ਦਿੱਤਾ ਗਿਆ ਹੈ ਤੇ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।  ਜਲਦ ਹੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment