ਕੋਰੋਨਾ ਅਟੈਕ : ਲੁਧਿਆਣਾ ‘ਚ 2 ਹਵਾਲਾਤੀਆਂ ਸਮੇਤ ਇੱਕੋ ਪਰਿਵਾਰ ਦੇ 7 ਮੈਂਬਰਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ

TeamGlobalPunjab
2 Min Read

ਲੁਧਿਆਣਾ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਬੀਤੇ ਦਿਨ (ਸ਼ਨੀਵਾਰ) ਨੂੰ ਲੁਧਿਆਣਾ ‘ਚ ਕੋਰੋਨਾ ਦੇ 9 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 194 ਹੋ ਗਈ ਹੈ। ਨਵੇਂ ਮਾਮਲਿਆਂ ‘ਚ ਦੋ ਹਵਾਲਾਤੀ ਅਤੇ ਇੱਕੋ ਪਰਿਵਾਰ ਦੇ 7 ਮੈਂਬਰ ਸ਼ਾਮਲ ਹਨ। ਇਸ ਪਰਿਵਾਰ ਦੇ ਕੋਰੋਨਾ ਨਾਲ ਪੀੜਤ ਮਰੀਜ਼ ਦੀ ਬੀਤੇ ਦਿਨ ਦਯਾਨੰਦ ਹਸਪਤਾਲ ‘ਚ ਮੌਤ ਹੋ ਗਈ ਸੀ।  ਮ੍ਰਿਤਕ ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਟੈਸਟ ਲਏ ਗਏ ਸਨ, ਜਿਨ੍ਹਾਂ ‘ਚੋਂ 7 ਮੇੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਅਤੇ ਇੱਕ ਮੈਂਬਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਜਿਸ ਤੋੋਂ ਬਾਅਦ ਪੀੜਤ ਮਰੀਜ਼ਾਂ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ।

ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਕੋਰੋਨਾ ਸੰਕਰਮਿਤ ਮਿਲੇ ਦੋਵੇਂ ਹਵਾਲਾਤੀਆਂ ‘ਚ ਇੱਕ ਦੀ ਉਮਰ 34 ਸਾਲ ਅਤੇ ਇੱਕ ਦੀ 18 ਹੈ। ਬੀਤੇ ਦਿਨੀਂ ਪਟਿਆਲਾ ਦੇ ਜੀ.ਐੱਮ.ਸੀ. ‘ਚ 20 ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ‘ਚੋਂ 2 ਦੀ ਰਿਪੋਰਟ ਪਾਜ਼ੀਟਿਵ ਅਤੇ 18 ਦੀ ਨੈਗੇਟਿਵ ਪਾਈ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇੱਕ ਪਰਿਵਾਰ ਦੇ 7 ਮੈਂਬਰਾਂ ‘ਚ 4 ਪੁਰਸ਼ ਅਤੇ 3 ਮਹਿਲਾਵਾਂ ਸ਼ਾਮਲ ਹਨ। ਜਿਨ੍ਹਾਂ ‘ਚ ਇੱਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ।

ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 185 ਦੱਸੀ ਗਈ ਹੈ। ਸਿਵਲ ਸਰਜਨ ਅਨੁਸਾਰ ਇਨ੍ਹਾਂ ‘ਚੋਂ 149 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ ਜਦੋਂ ਕਿ 8 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।  ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਦੂੱਜੇ ਦਿਨ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਸਨ ਅਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ ਕਾਰੋਬਾਰੀ ਦੀ ਮੌਤ ਵੀ ਹੋ ਗਈ ਸੀ।  ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਤਾਇਨਾਤ ਜਲੰਧਰ ਦੇ ਆਰਪੀਐਫ ਜਵਾਨ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ।

Share this Article
Leave a comment