ਮਾਝੇ ਦੀ ਅੰਮ੍ਰਿਤਧਾਰੀ ਧੀ ਨੇ ਕਿੱਥੇ ਚਮਕਾਇਆ ਪੰਜਾਬ ਦਾ ਨਾਂ

TeamGlobalPunjab
4 Min Read

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਅੰਮ੍ਰਿਤਧਾਰੀ ਸਿੱਖ ਦਾ ਬਾਣਾ ਸਿੱਖ ਰਹਿਤ ਮਰਯਾਦਾ ਅਨੁਸਾਰ ਵੱਖਰਾ ਹੁੰਦਾ ਹੈ। ਇਸ ਬਾਣੇ ਵਿਚ ਸਜ ਕੇ ਜਦੋਂ ਕੋਈ ਬੱਚਾ, ਲੜਕਾ ਜਾਂ ਲੜਕੀ ਆਮ ਲੋਕਾਂ ਵਿੱਚ ਵਿਚਰਦਾ ਹੈ ਤਾਂ ਇਸ ਦੀ ਸਿੱਖੀ ਸ਼ਾਨ ਖਿੱਚ ਦਾ ਕੇਂਦਰ ਬਣਦੀ ਹੈ। ਗੁਰੂ ਸਾਹਿਬ ਵਲੋਂ ਬਖਸ਼ੀ ਪ੍ਰਤਿਭਾ ਵੀ ਕ੍ਰਿਸ਼ਮਈ ਹੁੰਦੀ ਹੈ। ਇਸੇ ਤਰ੍ਹਾਂ ਇਸ ਬਾਣੇ ਵਿੱਚ ਸਜੀ ਪੰਜਾਬ ਦੇ ਮਾਝਾ ਖੇਤਰ ਦੇ ਇਕ ਪਿੰਡ ਦੀ ਧੀ ਨੇ ਇਕ ਅਜਿਹੀ ਮੱਲ ਮਾਰੀ ਕਿ ਉਸ ਦੀ ਪ੍ਰਤਿਭਾ ਦੀਆਂ ਗੱਲਾਂ ਪੂਰੇ ਵਿਸ਼ਵ ਵਿੱਚ ਹੋਣ ਲੱਗੀਆਂ।

ਤਰਨ ਤਾਰਨ ਦੇ ਸਰਹੱਦੀ ਪਿੰਡ ਦੀ ਸੁਖਦੀਪ ਕੌਰ ਪਹਿਲੀ ਸਿੱਖ ਅੰਮ੍ਰਿਤਧਾਰੀ ਮਹਿਲਾ ਜੇਲ੍ਹ ਅਫਸਰ ਹੈ ਜਿਸ ਦੀ ਨਿਯੁਕਤੀ ਹਾਂਗਕਾਂਗ ਵਿੱਚ ਹੋਈ। ਹਾਂਗਕਾਂਗ ਦੀ ਲੋ ਵੂ ਕਰੇਸ਼ਨਲ ਇੰਸਟੀਚਿਊਟ ਵਿੱਚ ਨੀਲੀ ਦਸਤਾਰ ਅਤੇ ਨੀਲੇ ਰੰਗ ਦੀ ਵਰਦੀ ਪਹਿਨ ਕੇ ਜੇਲ ਦੇ ਦੂਜੇ ਸਟਾਫ ਨਾਲ ਮਾਰਚ ਕਰਦਿਆਂ ਸਜੀ ਹੋਈ ਸੁਖਦੀਪ ਦੀ ਸਿੱਖੀ ਸ਼ਾਨ ਆਪਣੇ ਵਿਰਸੇ ਦਾ ਮਾਣ ਵਧਾ ਰਹੀ ਸੀ। ਰਿਪੋਰਟਾਂ ਅਨੁਸਾਰ 24 ਸਾਲ ਦੀ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਹਾਂਗਕਾਂਗ ਦੇ ਇਤਿਹਾਸ ਵਿਚ ਸੀ ਐੱਸ ਡੀ ਵਿਭਾਗ ਵਿੱਚ ਪਹਿਲੀ ਸਿੱਖ ਮਹਿਲਾ ਦੀ ਇਸ ਅਹੁਦੇ ‘ਤੇ ਨਿਤੁਕਤੀ ਹੋਈ ਹੈ। ਸੁਖਦੀਪ ਨੇ ਦੱਸਿਆ ਕਿ ਸ਼ੁਰੂ ਵਿੱਚ ਮੈਨੂੰ ਆਮ ਲੋਕਾਂ ਨਾਲ ਗੱਲਬਾਤ ਕਰਨ ਵਿੱਚ ਮੁਸ਼ਕਿਲ ਆਓਂਦੀ ਰਹੀ ਕਿਓਂਕਿ ਹਾਂਗਕਾਂਗ ਮੂਲ ਦੇ ਲੋਕ (ਕੰਤੋਂਸ) ਚੀਨੀ ਭਾਸ਼ਾ ਵਿਚ ਗੱਲਬਾਤ ਕਰਦੇ ਹਨ। ਉਸਦਾ ਕਹਿਣਾ ਕਿ ਉਸਦੇ ਸਿੱਖੀ ਸਰੂਪ ਕਰਕੇ ਵੀ ਥੋੜੀ ਦਿੱਕਤ ਆਈ। ਪਰ ਹੁਣ ਕੋਈ ਮੁਸ਼ਕਲ ਨਹੀਂ ਉਹ ਚੀਨੀ ਭਾਸ਼ਾ ਵਿਚ ਵੀ ਆਸਾਨੀ ਨਾਲ ਗੱਲਬਾਤ ਕਰਦੀ ਹੈ। ਉਸ ਦਾ ਕਹਿਣਾ ਕਿ ਜਦੋਂ ਉਹ ਬਾਹਰ ਜਾਂਦੀ ਤਾਂ ਲੋਕ ਉਸਦੇ ਸਿੱਖੀ ਬਾਣੇ ਬਾਰੇ ਪੁੱਛਦੇ ਹਨ। ਇਸ ਬਾਰੇ ਜਾਨਣ ਤੋਂ ਬਾਅਦ ਲੋਕ ਉਸਦਾ ਤੇ ਉਸਦੇ ਬਾਣੇ ਦਾ ਸਤਿਕਾਰ ਕਰਦੇ ਹਨ।

- Advertisement -

ਸੁਖਦੀਪ ਕੌਰ ਨੇ ਦੱਸਿਆ ਕਿ ਇੰਟਰਵਿਊ ਦੌਰਾਨ ਸੀ ਐੱਸ ਡੀ ਦੇ ਅਧਿਕਾਰੀ ਇਸ ਤੋਂ ਬਹੁਤ ਪ੍ਰਭਾਵਤ ਹੋਏ ਕਿ ਉਸ ਦੀ ਸਿੱਖੀ ਸ਼ਾਨ ਵਾਲੀ ਨੀਲੇ ਰੰਗ ਦੀ ਦਸਤਾਰ ਉਹਨਾਂ ਦੀ ਵਰਦੀ ਨਾਲ ਮੈਚ ਕਰਦੀ ਹੈ। ਸੁਖਦੀਪ ਦਾ ਕਹਿਣਾ ਕਿ ਉਸ ਦੀ ਜੇਲ ਅਫਸਰ ਦੀ ਡਿਊਟੀ ਕੈਦੀਆਂ ਨਾਲ ਰਾਬਤਾ ਕਾਇਮ ਕਰਨ ਦੀ ਹੈ। ਸਿੱਖੀ ਸਰੂਪ ਵਾਲੀ ਇਕ ਭਾਰਤੀ ਮਹਿਲਾ ਅਫਸਰ ਜਿਸ ਦੇ ਸਿਰ ਉਪਰ ਧਾਰਮਿਕ ਚਿੰਨ੍ਹ ਨਾਲ ਸਜੀ ਦਸਤਾਰ ਹੈ ਤੇ ਕੰਟੋਸ ਭਾਸ਼ਾ ਵਿਚ ਗੱਲਬਾਤ ਕਰਦੀ, ਨਾਲ ਕੈਦੀ ਗੱਲਬਾਤ ਕਰਨ ‘ਚ ਆਸਾਨੀ ਮਹਿਸੂਸ ਕਰਦੇ। ਉਸ ਦਾ ਕਹਿਣਾ ਹੈ ਕਿ ਹਾਂਗਕਾਂਗ ਵਿਚ ਲਗਪਗ 12,000 ਸਿੱਖ ਪਰਿਵਾਰ ਰਹਿੰਦੇ ਹਨ। ਪਰ ਉਸਦੀ ਸਿੱਖੀ ਸ਼ਾਨ ਉਸ ਦੀ ਪਛਾਣ ਵੱਖਰੀ ਮਹਿਸੂਸ ਕਰਵਾ ਰਹੀ ਹੈ। ਤਰਨ ਤਾਰਨ ਜ਼ਿਲੇ ਦੇ ਭਾਰਤ ਪਾਕਿਸਤਾਨ ਸਰਹੱਦ ਉਪਰ ਵਸੇ ਪਿੰਡ ਭੁੱਚਰ ਖੁਰਦ ਦੇ ਜ਼ਿਮੀਦਾਰ ਪਰਿਵਾਰ ਵਿਚ ਜੰਮੀ ਪਲੀ ਸੁਖਦੀਪ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਦੇ ਸੰਤ ਸੁੱਖਾ ਸਿੰਘ ਸਕੂਲ ਵਿਚ ਕੀਤੀ ਅਤੇ ਕੰਪਿਊਟਰ ਸਾਇੰਸ ਦੀ ਡਿਗਰੀ ਡੀ ਏ ਵੀ ਕਾਲਜ ਤੋਂ ਹਾਸਿਲ ਕੀਤੀ। ਇਸ ਤੋਂ ਬਾਅਦ ਉਹ ਹਾਂਗਕਾਂਗ ਆਪਣੇ ਰਿਸ਼ਤੇਦਾਰ ਕੋਲ ਚਲੀ ਗਈ। ਉਥੇ ਸੁਖਦੀਪ ਨੇ ਐਕਸਟੈਨਸ਼ਨ ਕੋਰਸ 23 ਹਫਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਸਦੀ ਨਿਯੁਕਤੀ ਸੀ ਐੱਸ ਡੀ ਵਿਚ ਸਹਾਇਕ ਅਫਸਟ-2 ਵਜੋਂ ਹੋ ਗਈ।

ਸੁਖਦੀਪ ਕੌਰ ਦਾ ਦੋ ਸਾਲ ਪਹਿਲਾਂ ਅੰਮ੍ਰਿਤਸਰ ਦੇ ਸ਼ੁਬੇਗ ਨਾਲ ਵਿਆਹ ਹੋ ਗਿਆ ਸੀ ਜੋ 2018 ਵਿੱਚ ਹਾਂਗਕਾਂਗ ਚਲਾ ਗਿਆ ਸੀ ਤੇ ਉਥੇ ਇਕ ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਹੈ। ਪਿੰਡ ਵਿੱਚ ਖੇਤੀ ਕਰਦੇ ਸੁਖਦੀਪ ਦੇ ਭਰਾ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਭੈਣ ਨੇ ਉਹਨਾਂ ਦਾ ਨਾਂ ਉਚਾ ਕੀਤਾ। ਜਸਕਰਨ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਸੁਖਦੀਪ ਪੜ੍ਹਨ ਤੋਂ ਬਾਅਦ ਹਾਂਗਕਾਂਗ ਰਹਿੰਦੇ ਮਾਮੇ ਕੋਲ ਚਲੀ ਗਈ ਸੀ। ਉਥੇ ਜਾ ਕੇ ਉਸ ਨੇ ਸਖਤ ਮਿਹਨਤ ਕੀਤੀ ਤੇ ਇਸ ਮੁਕਾਮ ‘ਤੇ ਪਹੁੰਚ ਕੇ ਸਭ ਦਾ ਨਾਂ ਰੋਸ਼ਨ ਕਰ ਦਿੱਤਾ। ਸਾਨੂੰ ਉਸ ਦੀ ਇਸ ਕਾਮਯਾਬੀ ‘ਤੇ ਮਾਣ ਹੈ।

Share this Article
Leave a comment