ਨਿਊਜ਼ ਡੈਸਕ: ਸਿੱਖ ਯੂਥ ਯੂਕੇ (SYUK) ਦੀ ਅਗਵਾਈ ਕਰਨ ਵਾਲੇ ਭੈਣ-ਭਰਾ ਨੂੰ ਚੈਰੀਟੇਬਲ ਡੋਨੇਸ਼ਨ ਦੀ ਦੁਰਵਰਤੋਂ ਨਾਲ ਸਬੰਧਤ ਧੋਖਾਧੜੀ ਲਈ ਸਜ਼ਾ ਸੁਣਾਈ ਗਈ ਹੈ। ਪੰਜਾਬੀ ਮੂਲ ਦੀ ਯੂਕੇ ਵਾਸੀ ਰਾਜਬਿੰਦਰ ਕੌਰ ਨੂੰ ਬਰਮਿੰਘਮ ਕਰਾਉਨ ਕੋਰਟ ਨੇ ਚੈਰੇਟੀ ਦੇ ਪੈਸਿਆਂ ਵਿੱਚੋਂ 50 ਹਜ਼ਾਰ ਪੌਂਡ ਦੀ ਧੋੜਾਧੜੀ ਲਈ ਸਜ਼ਾ ਸੁਣਾਉਂਦਿਆਂ ਜੇਲ੍ਹ ਭੇਜ ਦਿੱਤਾ ਹੈ। ਉੱਥੇ ਹੀ ਰਾਜਬਿੰਦਰ ਕੌਰ ਦੇ ਭਰਾ 44 ਸਾਲਾ ਕੁਲਦੀਪ ਸਿੰਘ ਲੇਹਲ ਨੂੰ ਵੀ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਣਕਾਰੀ ਦੇਣ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਰਾਜਬਿੰਦਰ ਕੌਰ ਨੂੰ ਵੀਰਵਾਰ ਨੂੰ ਬਰਮਿੰਘਮ ਕਰਾਉਨ ਕੋਰਟ ਨੇ ਚੋਰੀ ਦੇ ਛੇ ਮਾਮਲਿਆਂ ਵਿੱਚ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ। ਉਨ੍ਹਾਂ ਖ਼ਿਲਾਫ਼ ਇੱਕ ਮਾਮਲਾ ਮਨੀ ਲਾਂਡਰਿੰਗ ਦਾ ਸੀ ਅਤੇ ਇੱਕ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦਾ ਸੀ। ਉੱਥੇ ਹੀ ਕੁਲਦੀਪ ਸਿੰਘ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਚੈਰਿਟੀ ਕਮਿਸ਼ਨ ਨੇ ਕਿਹਾ ਹੈ ਇਹ ਮਿਸਾਲੀ ਸਜ਼ਾ ਦਰਸਾਉਂਦੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਿੱਜੀ ਲਾਭ ਲਈ ਚੈਰਿਟੀ ਫੰਡਾਂ ਦੀ ਚੋਰੀ ਨੂੰ ਅਦਾਲਤਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ 2016 ਵਿੱਚ ਸਿੱਖ ਯੂਥ ਯੂਕੇ ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ ਸੀ ਅਤੇ ਇਸੇ ਨੂੰ ਉਨ੍ਹਾਂ ਨੇ ਚੈਰਿਟੀ ਵਜੋਂ ਰਜਿਸਟਰ ਕਰਵਾਉਣ ਲਈ ਅਰਜ਼ੀ ਦਿੱਤੀ ਸੀ।
ਚੈਰਿਟੀ ਕਮਿਸ਼ਨ ਨੇ ਉਨ੍ਹਾਂ ਦੀ ਅਰਜ਼ੀ ਉੱਤੇ ਕਾਰਵਾਈ ਬੰਦ ਕਰ ਦਿੱਤੀ ਸੀ ਕਿਉਂਕਿ ਰਾਜਬਿੰਦਰ ਕੌਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਰਹੇ ਸਨ। ਪਰ ਰਾਜਬਿੰਦਰ ਕੌਰ ਅਤੇ ਉਨ੍ਹਾਂ ਦੇ ਭਰਾ ਇਸ ਚੈਰਿਟੀ ਲਈ ਫੰਡਰੇਜ਼ਿੰਗ ਸਮਾਗਮ ਕਰਦੇ ਰਹੇ ਅਤੇ ਉਨ੍ਹਾਂ ਨੇ ਇਸ ਚੈਰਿਟੀ ਨੂੰ ਇੱਕ ਜਾਇਜ਼ ਸੰਸਥਾ ਵਜੋਂ ਹੀ ਲੋਕਾਂ ਸਾਹਮਣੇ ਪੇਸ਼ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।