ਸਿੱਧੂ ਤੇ ਮਜੀਠੀਆ ਵਾਲੀ ਸੀਟ – ‘ਵੱਕਾਰ’ ‘ਜਿੱਤ ਤੇ ਹਾਰ’ ਦਾ ਸਵਾਲ

TeamGlobalPunjab
7 Min Read

ਬਿੰਦੂ ਸਿੰਘ

ਵਿਧਾਨ ਸਭਾ ਚੋਣਾਂ 2022 ਲਈ  ਬੀਤੇ ਦਿਨ ਪੰਜਾਬ ਦੇ ਵੋਟਰਾਂ ਨੇ  ਵੋਟਾਂ ਪਾਈਆਂ ਤੇ ਹੁਣ ਫਤਵਾ ਕਿਸ ਪਾਰਟੀ ਦੇ ਹੱਕ ‘ਚ ਜਾਵੇਗਾ ਇਸ ਦਾ ਇੰਤਜ਼ਾਰ 10 ਮਾਰਚ ਤੱਕ ਕਰਨਾ ਪੈ ਰਿਹਾ ਹੈ। ਪਰ ਲੋਕਾਂ ਦੇ ਅੰਦਰ ਬੀਤੇ ਕੱਲ੍ਹ ਸ਼ਾਮ  ਤੋਂ ਹੀ ਉੱਥਲ ਪੁੁੱਥਲ ਲਗਾਤਾਰ ਚੱਲ ਰਹੀ ਹੈ ਕਿ ਕਿਹੜਾ ਲੀਡਰ ਜਿੱਤੇਗਾ ਤੇ ਕੌਣ ਹਾਰੇਗਾ।

ਚਲੋ ਅਸੀਂ ਵੀ ਇੱਕ ਵਾਰ ਫਿਰ ਤੋਂ  ਗੇੜਾ ਮਾਰ ਹੀ ਆਈਏ , ਪੰਜਾਬ ਦੀ ਇੱਕੋ ਇੱਕ ਹਾਟ ਸੀਟ ਮੰਨੀ ਜਾਣ ਵਾਲੀ ਅੰਮ੍ਰਿਤਸਰ ਪੂਰਬੀ ਦੇ ਵੱਲ , ਗੱਲ ਕਰਨੀ ਪਏਗੀ  ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ  ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਚਕਾਰ ਹੋਣ ਵਾਲੀ ਹਾਰ ਜਿੱਤ ਦੀ।

ਸਿਆਸਤ ਵਿੱਚ ਕੋਈ ਵੀ ਅੰਕੜੇ  ਲਾਉਣੇ ਸੌਖੇ ਨਹੀਂ ਹੁੰਦੇ। ਕਈ ਕਾਰਨਾਂ ਤੋਂ  ਕਈ ਵਾਰ  ਸਮੀਕਰਣ ਬਦਲਦੇ ਤੇ ਵਿਗੜਦੇ ਵੇਖੇ ਗਏ ਹਨ। ਇਸ ਕਰਕੇ ਹੋ ਸਕਦਾ ਹੈ ਅਸਲ  ਨਤੀਜੇ ਬਿਲਕੁਲ ਵੱਖ ਹੈ। ਪਰ ਇਨ੍ਹਾਂ ਦੋਹਾਂ ਸਿਰਕੱਢ ਆਗੂਆਂ ਉੱਤੇ ਹੀ  ਜੇ ਇਸ ਚੋਣ ਦੰਗਲ ਨੂੰ ‘ਫੋਕਸ’ ਕਰਕੇ  ਗੱਲ ਕੀਤੀ ਜਾਵੇ  ਤਾਂ  ਇਨ੍ਹਾਂ ਦੋਹਾਂ ਚੋਂ ਇੱਕ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਇੱਕ ਜਿੱਤੇਗਾ। ਪਰ ਇਸ ਸੀਟ ਤੇ  ਇਨ੍ਹਾਂ ਦੋਹਾਂ ਵੱਡੇ ਆਗੂਆਂ ਦਾ  ਵੱਕਾਰ ਵੀ ਦਾਅ ਤੇ ਲੱਗਿਆ ਹੋਇਆ ਤੇ ਭਵਿੱਖ ਵੀ।

- Advertisement -

ਹੁਣ ਜੇ ਸਮੇਂ ਦੇ ਚੱਕਰ ‘ਚ ਥੋੜ੍ਹਾ ਪਿੱਛੇ ਜਾ ਕੇ ਇਨ੍ਹਾਂ ਦੋਹਾਂ ਆਗੂਆਂ ਦੇ ਸਿਆਸੀ ਸਫ਼ਰ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਬਹੁਤ ਵੱਖਰੀ ਕਿਸਮ ਦੀ ਗੱਲ  ਇਸ ਵਾਰ ਦੇ ਸਿਆਸੀ ਘੋਲ ਨੂੰ ਲੈ ਕੇ ਸਮਝ ਆਉਂਦੀ ਹੈ।

ਹੁਣ ਜੇ ਗੱਲ ਸ਼ੁਰੂ ਕਰੀਏ ਤਾਂ ਅੰਮ੍ਰਿਤਸਰ ਪੂਰਬੀ ਸੀਟ ਤੋਂ  ਮੌਜੂਦਾ ਐਮਐਲਏ  ਅਤੇ ਕਾਂਗਰਸ ਪ੍ਰਧਾਨ  ਨਵਜੋਤ ਸਿੰਘ ਸਿੱਧੂ  ਨੇ ਸਿਆਸਤ ਵਿੱਚ ਬੈਟਿੰਗ ਕਰਨ ਵਾਸਤੇ  ਕ੍ਰਿਕਟ ਦੇ ਚੌਕੇ ਛੱਕੇ ਇੱਕ ਵਾਰ ਪਾਸੇ ਕਰ ਦਿੱਤੇ ਸਨ ਤੇ 2004 ਵਿੱਚ  ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਅੰਮ੍ਰਿਤਸਰ ਪਾਰਲੀਮਾਨੀ ਹਲਕੇ ਤੋਂ ਚੋਣ ਮੈਦਾਨ ਚ ਉਤਰੇ ਤੇ ਜਿੱਤ ਕੇ ਮੈਂਬਰ ਪਾਰਲੀਮੈਂਟ ਵਜੋਂ  ਲੋਕ ਸਭਾ ‘ਚ ਪੁੱਜ ਗਏ। ਪਰ ਇੱਕ ਪੁਰਾਣੇ ਰੋਡਰੇਜ ਮਾਮਲੇ ਵਿੱਚ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ  ਤਿੰਨ ਸਾਲ ਦੀ ਸਜ਼ਾ ਸੁਣਾਈ ਗਈ  ਤੇ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਰ ਬਾਅਦ ਵਿੱਚ ਉਹ ਇਸ ਮਾਮਲੇ ਤੇ ਸੁਪਰੀਮ ਕੋਰਟ ਚਲੇ ਗਏ ਸਨ ਤੇ ਉਨ੍ਹਾਂ ਨੂੰ ਸਟੇਅ ਮਿਲ ਗਈ ਸੀ।

ਇਸ ਦੇ ਬਾਅਦ ਸਿੱਧੂ ਨੇ  2007 ਵਿੱਚ ਹੋਈ ਜ਼ਿਮਨੀ ਚੋਣ ਵਿੱਚ ਭਾਜਪਾ  ਦੀ ਟਿਕਟ ਤੇ ਇੱਕ ਵਾਰ ਫਿਰ ਤੋਂ ਚੋਣ ਲੜੀ  ਤੇ ਇਸ ਵਾਰ  77626 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ। ਫਿਰ ਤੀਸਰੀ ਵਾਰ  2009 ‘ਚ ਭਾਜਪਾ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਹੀ  ਚੋਣ ਮੈਦਾਨ ਚ ਉਤਾਰਿਆ  ਤੇ ਇਸ ਵਾਰ ਉਨ੍ਹਾਂ ਨੇ  ਕਾਂਗਰਸ ਤੇ ਓ ਪੀ ਸੋਨੀ  ਨੂੰ 6858 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ  ਤੇ ਕ੍ਰਿਕਟ ਖੇਡਣ ਵਾਲੇ  ਸਿੱਧੂ ਨੇ ਸਿਆਸਤ ‘ਚ ਤੀਸਰੀ ਵਾਰ ਚੋਣਾਂ ਜਿੱਤ ਕੇ ਹੈਟ੍ਰਿਕ ਬਣਾਈ।

ਪਰ ਇਸ ਤੋਂ ਬਾਅਦ 2014 ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਿੱਧੂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਦਿੱਤੀ  ਤੇ ਸਿੱਧੂ ਦੇ ਕਹਿਣ ਮੁਤਾਬਕ  ਹਰਿਆਣਾ ਦੇ ਕੁਰੂਕਸ਼ੇਤਰ ਤੋਂ  ਲੜਨ ਲਈ ਕਿਹਾ। ਇਸ ਵਾਰ ਅੰਮ੍ਰਿਤਸਰ ਲੋਕ ਸਭਾ ਹਲਕੇ  ਤੋਂ  ਭਾਜਪਾ ਦੇ ਉਮੀਦਵਾਰ ਪਾਰਟੀ ਦੇ  ਵੱਡੇ ਆਗੂ ਅਰੁਨ ਜੇਤਲੀ ਸਨ। ਪਰ ਉੱਧਰ  ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਸੀਟ ਤੋਂ  ਭਾਜਪਾ ਦੇ ਅਰੁਣ ਜੇਤਲੀ  ਨਾਲ ਚੋਣ ਮੈਦਾਨ ‘ਚ ਟਾਕਰੇ ਵਿੱਚ ਆ ਨਿੱਤਰੇ ਤੇ ਉਨ੍ਹਾਂ ਨੇ ਇਹ ਸੀਟ ਕੱਢ ਲਈ ਸੀ। ਇਸ ਸਭ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ। ਪਰ ਇਸ ਵਾਰ ਵੀ ਕੁਝ ਵਿਚਾਰਾਂ ਦੀ  ਤਕਰਾਰ ਦੇ ਚੱਲਦੇ  ਨਵਜੋਤ ਸਿੱਧੂ ਨੇ  ਰਾਜ ਸਭਾ ਦੀ ਮੈਂਬਰੀ ਤੋਂ  ਅਸਤੀਫ਼ਾ ਦੇ ਦਿੱਤਾ ਤੇ  ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ।

ਹੁਣ ਇਸ ਤੋਂ ਬਾਅਦ  ਗੱਲ ਆਉਂਦੀ ਹੇੈ, ਵਿਧਾਨ ਸਭਾ ਚੋਣਾਂ 2017 ਦੀ, ਇਸ ਵਾਰ ਫੇਰ ਤੋੰ ਕਾਂਗਰਸ ਪਾਰਟੀ ਨੇ  ਸਿੱਧੂ ਨੂੰ  ਅੰਮ੍ਰਿਤਸਰ ਪੂਰਬੀ ਹਲਕੇ ਤੋਂ  ਚੋਣ ਮੈਦਾਨ ਚ ਉਤਾਰਿਆ ਤੇ ਉਨ੍ਹਾਂ ਨੇ  ਇਹ ਸੀਟ ਜਿੱਤ ਲਈ।

- Advertisement -

ਹੁਣ ਗੱਲ ਕਰ ਲਈਏ ਦੂਜੇ ਆਗੂ ਦੀ। ਬਿਕਰਮ ਮਜੀਠੀਆ  ਨੇ ਪਹਿਲੀ ਵਾਰ  2007 ਵਿੱਚ ਮਜੀਠਾ ਹਲਕੇ ਤੋਂ  ਚੋਣ ਲੜੀ ਸੀ  ਤੇ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀਆਂ ਸਨ। ਇਸ ਤੋਂ ਬਾਅਦ ਫਿਰ ਉਨ੍ਹਾਂ ਨੇ  2012 ਵਿੱਚ ਦੂਜੀ ਵਾਰ  ਚੋਣ ਲੜੀ ਤੇ  47581 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਫੇਰ  2017 ਵਿੱਚ ਇੱਕ ਵਾਰ ਫੇਰ ਮਜੀਠੀਆ ਆਪਣੇ ਮਜੀਠਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ  ਤੇ ਇਸ ਵਾਰ ਉਨ੍ਹਾਂ ਨੇ ਆਪਣੀ ਹੈਟ੍ਰਿਕ  ਕਾਇਮ ਕਰ ਲਈ  ਤੇ ਜੇਤੂ ਰਹੇ।

ਯਾਦ ਰਹੇ ਕਿ 2017 ਚੋਣਾਂ ‘ਚ ਅਕਾਲੀ ਦਲ ਦੇ ਨਤੀਜੇ  ਕਾਫ਼ੀ ਕਮਜ਼ੋਰ ਆਏ ਸਨ  ਤੇ ਦੋ ਵਾਰ ਲਗਾਤਾਰ ਸੱਤਾ ਚ ਰਹਿਣ ਦੇ ਬਾਵਜੂਦ  ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੀ ਵਜ੍ਹਾ ਨਾਲ ਅਕਾਲੀ ਦਲ ਤੀਜੇ ਨੰਬਰ ਤੇ ਰਹੀ  ਜਦੋਂ ਕਿ  ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ ਕੇ  ਮੁੱਖ ਵਿਰੋਧੀ ਧਿਰ ਦੇ ਤੌਰ ਤੇ ਵਿਧਾਨ ਸਭਾ ਚ ਕਾਬਜ਼ ਹੋਈ ਸੀ।

ਕਿਹਾ ਜਾਂਦਾ ਹੈ  ਕਿ ਅਖਾੜੇ ਵਿੱਚ  ਦੋ ਭਲਵਾਨਾਂ ਦਾ ਘੋਲ  ਹੋਵੇ  ਤੇ ਲਾਜ਼ਮੀ ਹੈ  ਕਿ ਇੱਕ ਦੀ ਹਾਰ ਤੇ ਇੱਕ ਹੀ ਜੇਤੂ ਹੋਵੇਗਾ। ਪਰ ਸਿੱਧੂ ਤੇ ਮਜੀਠੀਆ ਆਪਣੇ ਆਪਣੇ ਸਿਆਸੀ ਸਫ਼ਰ ‘ਚ ਅਜੇ ਤੱਕ ਜਿੱਤ ਦੇ ਮੀਲ ਪੱਥਰ ਰੱਖਣ ਵਿੱਚ ਹੀ ਕਾਮਯਾਬ ਹੋਏ ਹਨ। ਇਸ ਵਾਰ ਦੋਨਾਂ ਨੇ ਇੱਕੋ ਹਲਕੇ ‘ਚ ਆਹਮੋ  ਸਾਹਮਣੇ ਸਿੰਗ ਫਸਾ ਲਏ ਹਨ। ਸਿੱਧੂ ਦੀ ਪਤਨੀ  2012 ‘ਚ ਅੰਮ੍ਰਿਤਸਰ ਪੂਰਬੀ ਤੋਂ  ਵਿਧਾਇਕ ਸਨ  ਅਤੇ ਲਗਾਤਾਰ ਉੱਥੇ ਸਰਗਰਮ ਰਹੇ ਹਨ।

ਹਲਕੇ ‘ਚ  ਸਿੱਧੂ ਦੀ ਪਹਿਚਾਣ  ਸਿਆਸੀ ਸਫ਼ੇ ‘ਚ ਡੇਢ ਦਹਾਕੇ ਤੋਂ ਵੀ ਜ਼ਿਆਦਾ ਹੈ।ਸਿੱਧੂ ਜੋੜੀ ਨੂੰ ਵਿਸ਼ਵਾਸ ਹੈ ਹਲਕੇ ਦੇ ਲੋਕ ਸਿੱਧੂ ਸਿਰ ਹੀ ਜਿੱਤ ਦਾ ਸਿਹਰਾ ਬਣਨਗੇ। ਪਰ ਮਜੀਠੀਆ ਦਾ ਕਹਿਣਾ ਹੈ  ਕਿ ਹਲਕੇ ਦੇ ਲੋਕਾਂ ਦੇ ਮਨ ਵਿੱਚ ਹੈ  ਕਿ ਵਿਕਾਸ ਨਹੀਂ ਹੋਇਆ ਤੇ ਕੰਮ ਨਹੀਂ ਹੋਏ। ਇਸ ਕਰਕੇ ਬਦਲ ਦੇ ਸੰਕੇਤ ਮਿਲ ਰਹੇ ਹਨ। ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਿੱਧੂ ਹਲਕੇ ਦਾ ਵਿਕਾਸ ਚਾਹੁੰਦੇ ਹਨ  ਤਾਂ ਇਸ ਵਾਰ ਉਹ ਆਪਣੀ ਵੋਟ ਵੀ ਮਜੀਠੀਆ ਨੂੰ ਹੀ ਪਾਉਣਗੇ।

ਹੁਣ ਕਿਹੜਾ ਭਲਵਾਨ ਜਿੱਤੇਗਾ ਤੇ ਕਿਹੜਾ ਦੂਜੇ ਦੀ ਪਿੱਠ ਲਾਵੇਗਾ। ਇਹ ਸਵਾਲ ਹਰ ਕਿਸੇ ਦੇ ਜ਼ਿਹਨ ਵਿੱਚ ਹੈ।

Share this Article
Leave a comment