ਪੰਜਾਬ ਦੀ ਮਿੱਟੀ ਨਾਲ ਜੁੜਿਆ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ

TeamGlobalPunjab
6 Min Read
ਫਰਿਜ਼ਨੋ , ਕੈਲੀਫੋਰਨੀਆਂ (ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’) : ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ ਤੇ ਗੀਤਕਾਰ ਵੀ ਇਹ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕੁਝ ਲੇਖਕਾਂ ਜਾ ਸ਼ਾਇਰਾਂ ਦੀ ਲੇਖਣੀ ਕਾਰਨ ਪੜਨ ਵਾਲੇ ਪਾਠਕ ਦਾ ਮਨ ਉਚਾਟ ਹੋ ਜਾਦਾਂ ਹੈ ਅਤੇ ਮਹਿਸੂਸ ਹੁੰਦਾਂ ਹੈ ਕਿ ਲਿਖਣ ਵਾਲੇ ਨੇ ਸਿਰਫ ਕਾਗਜ ਹੀ ਕਾਲੇ ਕੀਤੇ ਹਨ । ਕਈ ਸ਼ਾਇਰ ਕੁਝ ਐਸਾ ਲਿਖ ਜਾਦੇ ਹਨ ਜਿਸ ਨੂੰ ਪੜ ਕੇ ਅਨੰਦ ਆਉਦਾਂ ਹੈ , ਮਨ ਨੂੰ ਕੋਈ ਚੇਟਕ ਲੱਗਦੀ ਹੈ , ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਗੀਤਾ ਵਿੱਚ ਕੋਈ ਉਦੇਸ਼ ਛੁਪਿਆ ਹੋਇਆ ਹੁੰਦਾਂ ਹੈ ਜੋ ਸਮਾਜ ਨੂੰ ਕੋਈ ਸੇਧ ਦੇਣ ਵਿੱਚ ਕਾਰਗਰ ਸਿੱਧ ਹੁੰਦਾ ਹੈ । ਉਹਨਾਂ ਦੀਆਂ ਰਚਨਾਵਾਂ ਵਿੱਚੋ ਸਮਾਜਿਕ ਰਿਸਤਿਆਂ ਅਤੇ ਸਾਡੇ ਨਰੋਏ ਸੱਭਿਆਚਾਰ ਦੀਆਂ ਖੁਸ਼ਬੋਆਂ ਸਹਿਜੇ ਹੀ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਹੋ ਜਿਹੀ ਮਿਆਰੀ ਸ਼ਇਰੀ ਦਾ ਮਾਲਕ ਹੈ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ।
ਕੈਲੀਫੋਰਨੀਆਂ ਦੀਆਂ ਸੋਹਣੀਆਂ ਵਾਦੀਆਂ ਵਿੱਚ ਵਸਿਆ ਸ਼ਹਿਰ ਫਰਿਜ਼ਨੋ ਜੋ ਪੰਜਾਬੀ ਮੇਲਿਆ ਦਾ ਗੜ ਮੰਨਿਆ ਜਾਂਦਾ ਹੈ। ਇਸ ਦੀ ਬਗ਼ਲ ਵਿੱਚ ਵਸਿਆ ਸ਼ਹਿਰ ਕਰਮਨ ਜਿਸਨੂੰ ਪੰਜਾਬੀਆਂ ਦੀ ਸੰਘਣੀ ਵੱਸੋ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ, ਅਤੇ ਇਸੇ ਸ਼ਹਿਰ ਦਾ ਵਸ਼ਿੰਦਾ ਹੈ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ। ਥਾਂਦੀ ਦੇ ਗੀਤਾਂ ਵਿੱਚ ਇੱਕ ਪ੍ਰਦੇਸੀ ਦਾ ਆਪਣੇ ਪੰਜਾਬ ਪ੍ਰਤੀ ਹੇਰਵਾ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਮੋਹ ਡੁੱਲ੍ਹ ਡੁੱਲ੍ਹ ਪੈਦਾ ਹੈ। ਧਰਮਵੀਰ ਥਾਦੀ ਦੇ ਬਹੁਤ ਸਾਰੇ ਹਿੱਟ ਗੀਤ ਵੱਖੋ ਵੱਖ ਕਲਾਕਾਰਾਂ ਜਿਵੇਂ ਰਣਜੀਤ ਬਾਵਾ , ਕਲੇਰ ਕੰਠ, ਗਿੱਪੀ ਗਰੇਵਾਲ ਅਤੇ ਲੋਪੋਕੇ ਬ੍ਰਦ੍ਰਜ਼ ਆਦਿ ਨੇ ਵੀ ਗਾਏ ਅਤੇ ਬਹੁਤ ਜਲਦ ਹੋਰ ਵੀ ਨਾਮਵਰ ਕਲਾਕਾਰਾਂ ਦੀ ਅਵਾਜ਼ ਵਿੱਚ ਧਰਮਵੀਰ ਥਾਂਦੀ ਦੇ ਨਵੇ ਗੀਤ ਰਿਕਾਰਡ ਹੋਕੇ ਰਲੀਜ਼ ਹੋ ਰਹੇ ਹਨ। ਧਰਮਵੀਰ ਥਾਂਦੀ ਦਾ ਕਿਸੇ ਟਾਈਮ ਗੀਤ “ਚੱਲਕੇ ਟਰਾਂਟੋ ਤੋ ਸਿੱਧਾ ਜਾਕੇ ਖੜੀਦਾ ਆਪਾ ਐਲ ਏ” ਹਰ ਟਰੱਕ ਵਿੱਚ ਵੱਜਿਆ ਸੀ। ਉਸ ਪਿੱਛੋਂ ਉਸਦੇ ਅਣਗਿਣਤ ਗੀਤ ਐਸੇ ਆਏ ਜਿਹੜੇ ਪੰਜਾਬੀਆਂ ਦੇ ਚੇਤਿਆ ਵਿੱਚ ਲੰਮਾ ਸਮਾਂ ਵਸੇ ਰਹਿਣਗੇ।
ਧਰਮਵੀਰ ਥਾਂਦੀ ਦਾ ਪਿਛੋਕੜ ਦੁਆਬੇ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਗੜ ਪਧਾਣਾ ਨਾਲ ਜੁੱੜਿਆ ਹੋਇਆ ਹੈ। ਥਾਂਦੀ ਨੂੰ ਸਕੂਲ ਟਾਈਮ ਤੋ ਹੀ ਲਿਖਣ ਤੇ ਗਾਉਣ ਦਾ ਸ਼ੌਕ ਸੀ। 2000 ਵਿੱਚ ਧਰਮਵੀਰ ਥਾਂਦੀ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਣ ਵਸਿਆ। ਉਹ ਬੇਸ਼ੱਕ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਪਰ ਉਹ ਅਮਰੀਕਨ ਨਹੀਂ ਬਣਿਆ। ਪੰਜਾਬ-ਪੰਜਾਬੀਅਤ ਉਸ ਅੰਦਰ ਕੁੱਟ ਕੁੱਟਕੇ ਭਰੀ ਪਈ ਹੈ। ਪੰਜਾਬੀ ਬੋਲੀ ਵਿੱਚੋਂ ਗੁਆਚ ਰਹੇ ਸਾਡੇ ਰਿਸ਼ਤਿਆਂ ਦੀ ਬਾਤ ਪਾਉਂਦਾ ਕਈ ਵਾਰ ਉਹ ਇੰਝ ਵੀ ਆਖ ਜਾਂਦਾ ਏ…
ਰਹਿੰਦਾ ਸੀ ਜਿੱਥੇ ਮੇਲਾ ਲੱਗਿਆ
ਸੁੰਨੀ ਪਿੰਡ ਦੀ ਚੱਕੀ ਹੋ ਗਈ,
ਕੇ ਐਫ ਸੀ ਮਕਡਾਨਲ ਆ ਗਏ
ਕਹਿੰਦੇ ਬੜੀ ਤਰੱਕੀ ਹੋ ਗਈ,
ਰੂਹ ਪੰਜਾਬ ਦੀ ਸ਼ੜਕਾ ‘ਤੇ
ਮਿੱਤਰਾ ਦੇ ਢਾਬੇ ਮੁੱਕ ਜਾਣੇ ਨੇ,
ਛੱਡ ਪਰਾਓਂਠੇ ਪੀਜ਼ੇ ਬਰਗਰ
ਕਰਦੇ ਲਾਈਕ ਸਿਆਣੇ ਹੁਣ,
ਕੁਝ ਸਾਲਾ ਤੱਕ ਬੋਲੀ ਵਿੱਚੋਂ
ਦਾਦੇ, ਬਾਬੇ ਮੁੱਕ ਜਾਣੇ ਨੇ,
ਗਰੈਂਡ ਫਾਦਰ ਜਾ ਵੱਡਾ ਡੈਡੀ
ਲੱਗਪੇ ਕਹਿਣ ਨਿਆਣੇ ਹੁਣ..!
ਕਦੇ ਕਦੇ ਪੰਜਾਬ ਦੀ ਧਰਤੀ ਨੂੰ ਯਾਦ ਕਰਦਾ ਉਹ ਕਹਿੰਦਾ ਕਿ…
ਏਸੀਆਂ ਤੋਂ ਮਨ ਜਦੋਂ ਅੱਕਜੇ
ਫੇਰ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ
ਓਦੋਂ ਹਾਈਵੇਅ ਵੀ ਸੁੰਨੇ ਸੁੰਨੇ ਲੱਗਦੇ
ਜਦੋਂ ਪਿੰਡ ਦੀ ਰਾਵਾਂ ਯਾਦ ਆਉਂਦੀਆਂ ..!
ਕਦੇ ਉਹ ਪੁੱਤ ਕਪੁੱਤ ਬਣੇ ਪਰਦੇਸੀਆਂ ਨੂੰ ਲਾਹਣਤਾਂ ਪਾਉਂਦਾ ਕੁਝ ਇਸ ਤਰਾਂ ਵੀ ਨਸੀਅਤ ਦੇ ਜਾਂਦਾ ਹੈ…..
ਅਸੀਂ ਧੁੱਪਾਂ ਵਿੱਚ ਕੰਮ ਕਰਕੇ ਵੀ
ਤੇਰੇ ਸਾਰੇ ਲਾਡ ਲਡਾਓਂਦੇ ਰਹੇ,
ਤੈਥੋਂ ਏਸੀਆਂ ਵਿੱਚ ਕੰਮ ਕਰਕੇ ਵੀ
ਸਾਡਾ ਕਿਉਂ ਨਾ ਦਰਦ ਵੰਡਾ ਹੋਇਆ
ਅਸੀਂ ਚਾਰ ਖਣਾਂ ਦੇ ਕਮਰੇ ਵਿੱਚ
ਪਲ਼ੰਘ ਡਾਹੇ ਤੇਰੇ ਸੌਣ ਲਈ
ਤੈਥੋਂ ਪੰਜ ਰੂਮਾਂ ਦੇ ਘਰ-ਦੇ ਵਿੱਚ
ਸਾਡਾ ਇੱਕ ਮੰਜਾ ਨਾ ਡਾਹ ਹੋਇਆ..!
ਕਦੇ ਉਹ ਨਵੇਂ ਬਣੇ ਕਾਜ਼ੀ ਜਿਹੜੇ ਜ਼ਿਆਦਾ ਅੱਲ੍ਹਾ ਅੱਲ੍ਹਾ ਕਰਦੇ ਨੇ ਉਹਨਾਂ ਦੀ ਵੱਖੀ ਵਿੱਚ ਹੁੱਝ ਵੀ ਮਾਰ ਦਿੰਦਾ ਹੈ…
ਜਿੱਥੇ ਜੰਮੇ, ਖੇਡੇ ਕੁੱਦੇ ਪਿੰਡ ਗਰਾਂ ਸਭ ਛੱਡ ਆ ਗਏ,
ਗੁਰੂਆਂ ਪੀਰਾਂ ਦੀ ਛੋਹ ਵਾਲੀ, ਅਣਮੁੱਲੀ ਥਾਂ ਛੱਡ ਆ ਗਏ,
ਰੁੱਖੀ ਮਿੱਸੀ ਖਾਕੇ ਕਿਹੜਾ ਮੰਨਦਾ ਰੱਬ ਦੇ ਭਾਣੇ ਨੂੰ,
ਚਾਈ-ਚਾਈ ਅਨੰਦਪੁਰ ਛੱਡਿਆ ਰੋਈ ਜਾਣ ਨਨਕਾਣੇ ਨੂੰ..!
ਧਰਮਵੀਰ ਥਾਂਦੀ ਦੇ ਅਣਗਿਣਤ ਗੀਤ ਪਿਛਲੇ ਦਿਨਾਂ ਦੌਰਾਨ ਸ਼ੋਸ਼ਲ ਮੀਡੀਏ ਜ਼ਰੀਏ ਵਾਇਰਲ ਹੋਏ….
ਜਿਵੇਂ- ਵਿੱਚ ਅਮਰੀਕਾ ਆਕੇ ਬਣਗੇ ਜੱਟਾਂ ਦੇ ਪੁੱਤ ਲਾਲੇ,
ਬੱਸ ਬੈਕਯਾਰਡ ਵਿੱਚ ਕਰਦੇ ਨੇ ਪੂਰੇ ਸ਼ੌਕ ਖੇਤੀਆਂ ਵਾਲੇ।
ਇਸੇ ਤਰੀਕੇ ਉਹਨਾਂ ਦੇ ਹੋਰ ਦਰਜਨਾਂ ਗੀਤ ਜਿੰਨਾਂ ਨੂੰ ਪੰਜਾਬੀਆਂ ਨੇ ਰੱਜਵਾਂ ਪਿਆਰ ਦਿੱਤਾ ਜਿੰਨਾਂ ਵਿੱਚ ਮੈਂ ਪ੍ਰਦੇਸੀ, ਮੰਜਾ,ਚਰਖਾ, ਬਾਪੂ, ਮੌਣਾ ਕੋਲ ਰੋਕੇ ਆਇਆ ਆਦਿ ਦੇ ਨਾਮ ਜਿਕਰਯੋਗ ਹਨ। ਡੇਢ ਕੁ ਸਾਲ ਪਹਿਲਾਂ ਪੰਜਾਬ ਦੀ ਕਲਮ ਮੰਗਲ ਹਠੂਰ ਦਾ ਲਿਖਿਆ ਬੀਟ ਗੀਤ “ਫੋਟੋ ਖਿੱਚ ਮਿੱਤਰਾ” ਧਰਮਵੀਰ ਥਾਂਦੀ ਤੇ ਜੋਤ ਰਣਜੀਤ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ ਜਿਸਨੂੰ ਡੀਜੇ ਤੇ ਪ੍ਰਮੁੱਖਤਾ ਨਾਲ ਵਜਾਇਆ ਗਿਆ। ਇਸੇ ਤਰੀਕੇ ਪਿਛਲੇ ਮਹੀਨੇ ਉਹਨਾਂ ਦਾ ਨਵਾਂ ਦੁਗਾਣਾ “ਟਰੂਡੋ” ਜਿਸਨੂੰ ਪੰਜਾਬ ਦੀ ਮਸ਼ਹੂਰ ਕਲਮ ਜਸਬੀਰ ਗੁਣਾਚੌਰ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿੰਨ ਟਰੂਡੋ ਦੀ ਸਿਫ਼ਤ ਵਿੱਚ ਲਿਖਿਆ, ਨੂੰ ਵੀ ਪੰਜਾਬੀਆਂ ਨੇ ਰੱਜਵਾਂ ਪਿਆਰ ਦਿੱਤਾ । ਧਰਮਵੀਰ ਥਾਂਦੀ ਜਲਦ ਆਪਣਾ ਨਵਾਂ ਨਕੋਰ ਗੀਤ “ਬੂਹਾ” ਲੈਕੇ ਤੁਹਾਡੇ ਰੂਬਰੂ ਹੋ ਰਹੇ ਹਨ, ਆਸ ਕਰਦਾ ਤੁਸੀ ਹਮੇਸ਼ਾ ਵਾਂਗ ਇਸ ਗੀਤ ਨੂੰ ਵੀ ਮੁਹੱਬਤ ਬਖ਼ਸ਼ੋਗੇ । ਅਖੀਰ ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਹਾਂ ਕਿ ਧਰਮਵੀਰ ਥਾਂਦੀ ਦੀ ਕਲਮ ਅਰੁੱਕ ਚੱਲਦੀ, ਪੰਜਾਬ ਪੰਜਾਬੀਅਤ ਦੀ ਬਾਤ ਪਾਉਂਦੀ ਆਪਣੀ ਮਧੁੱਰ ਅਵਾਜ਼ ਰਾਹੀਂ ਸਾਫ਼ ਸੁੱਥਰੇ ਗੀਤ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣਾਉਂਦੀ ਰਹੇਗੀ। ਸ਼ਾਲ਼ਾ ਦੁਆ ਕਿ ਧਰਮਵੀਰ ਥਾਂਦੀ ਦੀ ਉਮਰ ਲੋਕ ਗੀਤ ਜਿੱਡੀ ਹੋਵੇ।

Share this Article
Leave a comment