ਲੁਧਿਆਣਾ : ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦੋ-ਫਰੋਖਤ ਦੇ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਾਂਚ ਦੌਰਾਨ ਮਹਿਲਾ ਡਾਕਟਰ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਹੈ। ਜਿਸ ਦੇ ਸਬੰਧ ਜਲੰਧਰ ਨਾਲ ਜੁੜੇ ਹੋਣ ਦਾ ਸ਼ੱਕ ਹੈ। ਪੁਲਿਸ ਰਿਮਾਂਡ ਵਿੱਚ ਮੁਲਜ਼ਮ ਬੀਏਐਮਐਸ ਡਾ: ਮਨਮੀਤ ਕੌਰ ਨੇ ਕਥਿਤ ਤੌਰ ’ਤੇ ਮੰਨਿਆ ਹੈ ਕਿ ਉਸ ਨੇ ਪਹਿਲਾਂ ਹੀ ਦੋ ਬੱਚਿਆਂ ਨੂੰ ਵੇਚਣ ਦਾ ਪ੍ਰਬੰਧ ਕੀਤਾ ਸੀ।
ਮਾਮਲੇ ‘ਚ ਹੁਣ ਤੱਕ ਲੜਕੀ ਦੀ ਮਾਂ, ਉਸ ਦੇ ਦੋਸਤ ਅਤੇ ਡਾਕਟਰ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਆਸ਼ਾ ਵਰਕਰ, ਇਕ ਨਰਸ ਅਤੇ ਉਸ ਦਾ ਸਾਥੀ ਅਜੇ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ‘ਚ ਸਾਹਮਣੇ ਆਇਆ ਕਿ ਸੌਦੇ ਦਾ ਇਹ ਸਿਲਸਿਲਾ ਹਸਪਤਾਲ ਤੋਂ ਸ਼ੁਰੂ ਹੋ ਕੇ ਮੋਗਾ ਅਤੇ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਲੁਧਿਆਣਾ ਪਹੁੰਚਿਆ। ਵਿਚੋਲਿਆਂ ਰਾਹੀਂ ਬੱਚੀ ਨੂੰ ਮੋਗਾ ਨਿਵਾਸੀ ਔਰਤ ਨੂੰ ਵੇਚਣ ਦਾ ਫੈਸਲਾ ਕੀਤਾ ਗਿਆ ਸੀ।ਇਹ ਸੌਦਾ 2 ਲੱਖ ਦਸ ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ, ਜਿਸ ਵਿੱਚ ਡੇਢ ਲੱਖ ਰੁਪਏ ਮਾਂ ਨੂੰ ਅਤੇ 60 ਹਜ਼ਾਰ ਰੁਪਏ ਬਾਕੀ ਮੁਲਜ਼ਮਾਂ ਵਿੱਚ ਵੰਡੇ ਜਾਣੇ ਸਨ। ਇਹ ਸੌਦਾ ਇੱਕ ਪਾਰਕ ਵਿੱਚ ਹੋਣਾ ਸੀ ਪਰ ਪੁਲਿਸ ਨੇ ਸਮੇਂ ਸਿਰ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ।
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਲੜਕੀ ਦੀ ਮਾਂ ਸੁਨੀਤਾ ਰਾਣੀ, ਖਰੀਦਦਾਰ ਤੇ ਡਾਕਟਰ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੁਲਿਸ ਅਨੁਸਾਰ ਐਸਐਚਓ ਗੁਰਮੇਲ ਸਿੰਘ 15 ਫਰਵਰੀ ਨੂੰ ਟੀਮ ਸਮੇਤ ਇਲਾਕੇ ਵਿੱਚ ਗਸ਼ਤ ’ਤੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਬਾਬਾ ਥਾਨ ਸਿੰਘ ਚੌਕ ਸਥਿਤ ਅਰੋੜਾ ਨਰਸਿੰਗ ਹੋਮ ਵਿੱਚ 14 ਫਰਵਰੀ ਨੂੰ ਪੈਦਾ ਹੋਈ ਬੱਚੀ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਸੀ ਕਿ ਮਾਂ ਨੇ ਆਪਣੀ ਬੇਟੀ ਦਾ 2 ਲੱਖ 10 ਹਜ਼ਾਰ ਰੁਪਏ ‘ਚ ਸੌਦਾ ਤੈਅ ਕੀਤਾ ਸੀ ਅਤੇ ਦੋਸ਼ੀ ਨੇ ਸੌਦੇ ਦੀ ਰਕਮ ਲੈ ਕੇ ਨੀਲੀ ਝੰਡਾ ਰੋਡ ‘ਤੇ ਸਥਿਤ ਪਾਰਕ ਨੇੜੇ ਇਕੱਠੇ ਹੋਏ ਹਨ। ਪੁਲਿਸ ਨੇ ਇੱਥੇ ਛਾਪਾ ਮਾਰ ਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ‘ਚ ਸਾਹਮਣੇ ਆਇਆ ਕਿ ਸੁਨੀਤਾ ਰਾਣੀ ਦੀਆਂ ਪਹਿਲਾਂ ਹੀ ਚਾਰ ਬੇਟੀਆਂ ਹਨ। 14 ਫਰਵਰੀ ਨੂੰ ਉਸ ਨੇ ਇਕ ਹੋਰ ਬੇਟੀ ਨੂੰ ਜਨਮ ਦਿੱਤਾ ਅਤੇ ਉਹੀ ਲੜਕੀ ਵੇਚੀ ਜਾ ਰਹੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

