ਸ਼੍ਰੋਮਣੀ ਕਮੇਟੀ ਨੇ ਜੀ.ਟੀ.ਸੀ. ਚੈਨਲ ਨੂੰ ਭੇਜਿਆ ਨੋਟਿਸ, ਤੁਰੰਤ ਬੰਦ ਕਰਨ ਦੀ ਦਿੱਤੀ ਚੇਤਾਵਨੀ

Global Team
3 Min Read

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਜੀ.ਟੀ.ਸੀ. ਚੈਨਲ ਨੂੰ ਕਾਨੂੰਨੀ ਨੋਟਿਸ ਜਾਰੀ ਕਰਕੇ ਤੁਰੰਤ ਲਾਈਵ ਪ੍ਰਸਾਰਣ ਬੰਦ ਕਰਨ ਦੀ  ਚੇਤਾਵਨੀ ਦਿੱਤੀ ਹੈ।ਉਨ੍ਹਾਂ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਤੁਰੰਤ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਚੈਨਲ ਨੂੰ ਲਾਈਵ ਪ੍ਰਸਾਰਣ ਸਬੰਧੀ ਭੇਜੀ ਚਿੱਠੀ ਦਾ ਜਿਥੇ ਜਵਾਬ ਦਿੱਤਾ ਗਿਆ ਹੈ, ਉਥੇ ਹੀ ਬਿਨਾਂ ਮਨਜੂਰੀ ਲਾਈਵ ਕਰਨ ਲਈ ਨੋਟਿਸ ਵੀ ਭੇਜਿਆ ਗਿਆ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੀ ਮੰਸ਼ਾ ‘ਤੇ ਗੰਭੀਰ ਸਵਾਲ ਚੁੱਕਦੇ ਹੋਏ ਦੋਸ਼ ਲਗਾਇਆ ਕਿ ਗੁਰਬਾਣੀ ਪ੍ਰਸਾਰਣ ਦੇ ਮੁੱਦੇ ‘ਤੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਆਸੀ ਰੰਜਿਸ਼ ਦੇ ਤਹਿਤ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਸਿਆਸਤ ਦਾ ਵਿਸ਼ਾ ਬਣਾ ਰਹੀ ਹੈ।

ਧਾਮੀ ਨੇ ਦੱਸਿਆ ਕਿ ਮੰਗਲਵਾਰ ਰਾਤ ਜੀ.ਟੀ.ਸੀ. ਚੈਨਲ ਵੱਲੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਗੁਰਬਾਣੀ ਦਾ ਲਾਈਵ ਪ੍ਰਸਾਰਣ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸ.ਜੀ.ਪੀ.ਸੀ. ਨੇ ਇਸ ਸਬੰਧੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਦਾ ਬਿਆਨ ਐੱਸ.ਜੀ.ਪੀ.ਸੀ. ਦਾ ਅਧਿਕਾਰਤ ਫ਼ੈਸਲਾ ਮੰਨਿਆ ਜਾ ਸਕਦਾ ਹੈ। ਇਸੇ ਦੇ ਚੱਲਦਿਆਂ ਜੀ.ਟੀ.ਸੀ. ਚੈਨਲ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਜੇਕਰ ਚੈਨਲ ਨੇ ਪ੍ਰਸਾਰਣ ਬੰਦ ਨਾ ਕੀਤਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਧਾਮੀ ਨੇ ਕਿਹਾ ਕਿ 14 ਜੁਲਾਈ 2023 ਨੂੰ ਐੱਸ.ਜੀ.ਪੀ.ਸੀ. ਦੀ ਕਮੇਟੀ ਵੱਲੋਂ ਪਾਸ ਮਤੇ ਨੰਬਰ 763 ਤਹਿਤ ਸਪੱਸ਼ਟ ਕੀਤਾ ਗਿਆ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ ਐੱਸ.ਜੀ.ਪੀ.ਸੀ. ਕੋਲ ਰਹਿਣਗੇ। ਕੋਈ ਵੀ ਹੋਰ ਸੰਸਥਾ ਜਾਂ ਪਲੇਟਫ਼ਾਰਮ ਗੁਰਬਾਣੀ ਨੂੰ ਡਾਊਨਲੋਡ ਕਰਕੇ ਆਪਣੇ ਪੱਧਰ ‘ਤੇ ਲਾਈਵ ਪ੍ਰਸਾਰਿਤ ਜਾਂ ਰੀ-ਸਟ੍ਰੀਮ ਨਹੀਂ ਕਰ ਸਕਦਾ। ਹਾਲਾਂਕਿ ਐੱਸ.ਜੀ.ਪੀ.ਸੀ. ਦੇ ਅਧਿਕਾਰਤ ਯੂਟਿਊਬ ਲਿੰਕ ਨੂੰ ਸਾਂਝਾ ਕਰਨ ਦੀ ਇਜਾਜ਼ਤ ਸਾਰਿਆਂ ਨੂੰ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment