ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮ ਝੂਠ ਦਾ ਪੁਲੰਦਾ: ਸਾਧੂ ਸਿੰਘ ਧਰਮਸੋਤ

TeamGlobalPunjab
2 Min Read

ਚੰਡੀਗੜ੍ਹ :ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਨੇ ਸ਼ੋਮਣੀ ਅਕਾਲੀ ਦਲ ਵੱਲੋਂ ਵਜੀਫ਼ਾ ਘੁਟਾਲੇ ਦੇ ਲਾਏ ਗਏ ਇਲਜ਼ਾਮਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਵਜੀਫ਼ਾ ਰਾਸ਼ੀ ਨਾਲ ਕੋਈ ਵੀ ਬੇਨਿਯਮੀ ਜਾਂ ਘੁਟਾਲਾ ਨਹੀਂ ਹੋਇਆ ਹੈ।
ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ‘ਚ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਅਤੇ ਓ.ਬੀ.ਸੀ. ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਸਾਲ 2016-2017 ਦੀ ਕੁੱਲ ਡਿਮਾਂਡ 780.31 ਕਰੋੜ ਰੁਪਏ ਬਣਦੀ ਸੀ। ਇਸ ਡਿਮਾਂਡ ‘ਚ ਕੇਂਦਰ ਸਰਕਾਰ ਦਾ ਹਿੱਸਾ 719.52 ਕਰੋੜ ਰੁਪਏ ਜਦਕਿ ਸੂਬਾ ਸਰਕਾਰ ਦਾ ਹਿੱਸਾ 60.79 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਹਿੱਸੇ ਵਿੱਚੋਂ 303.92 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ।ਅਤੇ 415.60 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵੱਲ ਬਕਾਇਆ ਹੈ।
ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਨੂੰ ਪ੍ਰਾਪਤ ਹੋਈ 303.92 ਕਰੋੜ ਦੀ ਰਾਸ਼ੀ ਵਿੱਚੋਂ 231.20 ਕਰੋੜ ਰੁਪਏ ਦੀ ਰਾਸ਼ੀ ਦਾ ਵਰਤੋਂ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਜਦਕਿ 72.72 ਕਰੋੜ ਰੁਪਏ ਦੀ ਰਾਸ਼ੀ ਦਾ ਵਰਤੋਂ ਸਰਟੀਫਿਕੇਟ ਛੇਤੀ ਹੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 14.40 ਕਰੋੜ ਦੀ ਰਾਸ਼ੀ ਜੋਕਿ ਓ.ਬੀ.ਸੀ. ਸਕਾਲਰਸ਼ਿਪ ਨਾਲ ਸਬੰਧਤ ਦੀ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ। ਇਹ ਰਾਸ਼ੀ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਦੇ ਖਾਤੇ ‘ਚ ਪਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਹ ਅਗਲੇ ਇੱਕ-ਦੋ ਦਿਨਾਂ ‘ਚ ਹੀ ਵਿਦਿਆਰਥੀਆਂ ਦੇ ਖਾਤੇ ‘ਚ ਪਹੁੰਚ ਜਾਵੇਗੀ।
ਸ. ਧਰਮਸੋਤ ਨੇ ਅੱਗੇ ਦੱਸਿਆ ਕਿ 72.72 ਕਰੋੜ ਦੀ ਰਾਸ਼ੀ ਜੋਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਨਾਲ ਸਬੰਧਤ ਹੈ, ਨੂੰ ਜਾਰੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ। ਇਹ ਰਾਸ਼ੀ ਸਿੱਧੀ ਸਬੰਧਤ ਸੰਸਥਾ ਦੇ ਵਿਦਿਆਰਥੀਆਂ ਦੇ ਖਾਤੇ ਵਿੱਚ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਰਾਸ਼ੀ ਨਾਲ ਕੋਈ ਵੀ ਬੇਨਿਯਮੀ ਜਾਂ ਘੁਟਾਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਲ 2016-2017 ਲਈ ਜੋ ਰਾਸ਼ੀ ਅਜੇ ਕੇਂਦਰ ਸਰਕਾਰ ਵੱਲ ਬਕਾਇਆ ਹੈ, ਸਬੰਧੀ ਪਹਿਲਾਂ ਵੀ ਪਹੁੰਚ ਕੀਤੀ ਗਈ ਸੀ ਅਤੇ ਹੁਣ ਦੁਬਾਰਾ ਜਲਦ ਹੀ ਲਿਖਤੀ ਰਾਬਤਾ ਕੀਤਾ ਜਾਵੇਗਾ।

Share this Article
Leave a comment