ਟੋਰਾਂਟੋ: ਕੈਨੇਡੀਅਨ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਾ ਪਰਮਿਟਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ, 2025 ਦੀ ਪਹਿਲੀ ਤਿਮਾਹੀ ਵਿੱਚ ਸਿਰਫ 30,640 ਭਾਰਤੀ ਵਿਦਿਆਰਥੀਆਂ ਨੂੰ ਪਰਮਿਟ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ 44,295 ਪਰਮਿਟਾਂ ਦੇ ਮੁਕਾਬਲੇ 31% ਦੀ ਕਮੀ ਹੈ। ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਸੰਖਿਆ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2023 ਵਿੱਚ 6,81,155 ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ 2,78,045 ਭਾਰਤੀ ਸਨ, ਪਰ 2024 ਵਿੱਚ ਇਹ ਸੰਖਿਆ ਘਟ ਕੇ 5,16,275 ਰਹਿ ਗਈ, ਜਿਸ ਵਿੱਚ 1,88,465 ਭਾਰਤੀ ਵਿਦਿਆਰਥੀ ਸ਼ਾਮਲ ਸਨ।
ਵਧਦੀ ਇਮੀਗ੍ਰੇਸ਼ਨ, ਮਕਾਨਾਂ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਸਿਹਤ ਤੇ ਆਵਾਜਾਈ ‘ਤੇ ਦਬਾਅ ਕਾਰਨ ਕੈਨੇਡੀਅਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਾ ਪਰਮਿਟ ਘਟਾਉਣ ਦਾ ਫੈਸਲਾ ਕੀਤਾ ਹੈ। ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ 2028 ਤੱਕ ਅਸਥਾਈ ਨਾਗਰਿਕਾਂ (ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਸਮੇਤ) ਦੀ ਸੰਖਿਆ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਵੇਗੀ। ਇਸ ਟੀਚੇ ਨੂੰ ਪੂਰਾ ਕਰਨ ਲਈ, 2025 ਵਿੱਚ ਸਿਰਫ 4,37,000 ਵਿਦੇਸ਼ੀ ਵਿਦਿਆਰਥੀਆਂ ਨੂੰ ਪਰਮਿਟ ਜਾਰੀ ਕੀਤੇ ਜਾਣਗੇ, ਅਤੇ ਅਗਲੇ ਸਾਲ ਇਹ ਗਿਣਤੀ ਹੋਰ ਘਟ ਸਕਦੀ ਹੈ।
ਇਸ ਤੋਂ ਇਲਾਵਾ, ਨਵੇਂ ਨਿਯਮਾਂ ਅਨੁਸਾਰ, ਵਿਦੇਸ਼ੀ ਵਿਦਿਆਰਥੀਆਂ ਨੂੰ 12.7 ਲੱਖ ਰੁਪਏ ਦਾ ਫੰਡ ਸਾਬਤ ਕਰਨਾ ਹੋਵੇਗਾ, ਜੋ ਪਿਛਲੇ ਸਾਲ ਦੀ 6.14 ਲੱਖ ਰੁਪਏ ਦੀ ਸੀਮਾ ਤੋਂ ਕਾਫੀ ਵੱਧ ਹੈ।